ਭਗੌੜਾ ਨਸ਼ਾ ਤਸਕਰ 10 ਲੱਖ ਦੀ ਨਗ਼ਦੀ, ਸੋਨਾ ਤੇ ਹੈਰੋਇਨ ਸਮੇਤ ਕਾਬੂ

Drug Smuggler, Rs 10 Lakh, Gold, Heroin Control

13 ਖਾਤਿਆਂ ‘ਚ 66.75 ਲੱਖ ਰੁਪਏ, ਪੁਲਿਸ ਨੇ ਕਰਵਾਏ ਸੀਜ਼

ਇੱਕ ਕਰੋੜ ਤੋਂ ਵੱਧ ਦੀ ਚੱਲ ਤੇ ਅਚੱਲ  ਜਾਇਦਾਦ ਜਬਤ ਕਰਨ ਦੀ ਕਾਰਵਾਈ ਆਰੰਭ: ਐੱਸਐੱਸਪੀ ਸਿੱਧੂ

ਖੁਸ਼ਵੀਰ ਸਿੰਘ ਤੂਰ, ਪਟਿਆਲਾ 

ਪਟਿਆਲਾ ਪੁਲਿਸ ਵੱਲੋਂ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ‘ਚ ਸਰਗਰਮ ਭਗੌੜੇ ਨਸ਼ਾ ਤਸਕਰ ਨੂੰ ਨਸ਼ੀਲੇ ਪਦਾਰਥਾਂ ਤੇ ਨਗਦੀ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਕਤ ਨਸ਼ਾ ਤਸਕਰ ਵੱਲੋਂ ਨਸ਼ਿਆਂ ਦੇ ਵਪਾਰ ਰਾਹੀਂ ਬਣਾਈ ਇੱਕ ਕਰੋੜ ਤੋਂ ਵੱਧ ਦੀ ਜਾਇਦਾਦ ਤੇ ਨਗਦੀ ਵੀ ਜਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਨਵਜੋਤ ਸਿੰਘ ਨੰਨੂ ਪੁੱਤਰ ਬੁੱਧ ਰਾਮ ਵਾਸੀ ਬਾਜੀਗਰ ਬਸਤੀ ਧੂਰੀ ਨੂੰ 16 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ 100 ਗ੍ਰਾਮ ਹੈਰੋਇਨ, 1030 ਏ. ਐਨ. ਐਕਸ-05 ਨਸ਼ੀਲੀਆਂ ਗੋਲੀਆਂ, ਸਵਾ ਤਿੰਨ ਲੱਖ ਰੁਪਏ ਦੀ ਨਗ਼ਦੀ ਤੇ 10 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ 2011 ਤੋਂ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ‘ਚ ਲੱਗੇ 9ਵੀਂ ਪਾਸ 29 ਸਾਲਾ ਇਸ ਨਸ਼ਾ ਤਸਕਰ ਵਿਰੁੱਧ 5 ਮਾਮਲੇ ਦਰਜ ਹਨ ਤੇ ਇਸ ਕੋਲ ਨਾ ਹੀ ਕੋਈ ਆਮਦਨ ਦਾ ਕੋਈ ਹੋਰ ਸਾਧਨ ਤੇ ਨਾ ਹੀ ਪੈਨ ਕਾਰਡ ਸੀ ਪਰੰਤੂ ਇਸਦੇ ਤੇ ਇਸ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਧੂਰੀ, ਨਾਭਾ, ਪਟਿਆਲਾ, ਪਿੰਡ ਕਲਿਆਣ ਅਤੇ ਚੰਡੀਗੜ੍ਹ ਦੇ ਵੱਖ-ਵੱਖ 13 ਬੈਂਕ ਖਾਤਿਆਂ ‘ਚ 66 ਲੱਖ 75 ਹਜ਼ਾਰ 318 ਰੁਪਏ ਪਾਏ ਹਨ। ਇਨ੍ਹਾਂ ਖਾਤਿਆਂ ਨੂੰ ਸੀਲ ਕਰਵਾ ਦਿੱਤਾ ਗਿਆ ਹੈ। ਇਸ ਤੋਂ 10 ਲੱਖ ਦੇ ਕਰੀਬ ਨਕਦੀ ਤੇ ਗਹਿਣੇ ਬਰਾਮਦ ਹੋ ਚੁੱਕੇ ਹਨ।  ਜਦੋਂਕਿ ਇਸ ਕੋਲੋਂ 30 ਲੱਖ ਰੁਪਏ ਦੀ ਕੀਮਤ ਵਾਲੇ 1 ਪਲਾਟ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਇਸ ਦੀ 1 ਕਰੋੜ ਰੁਪਏ ਤੋਂ ਵੱਧ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ, ਸਵਿਫ਼ਟ ਕਾਰ ਨੂੰ ਜ਼ਬਤ ਕਰਕੇ ਸਰਕਾਰ ਦੇ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਦੀ ਪਤਨੀ ਸੀਮਾ ਇਸਦੇ ਗ੍ਰਿਫ਼ਤਾਰ ਹੋਣ ਮਗਰੋਂ ਆਪਣੇ ਖਾਤੇ ‘ਚ ਪਏ 60.75 ਲੱਖ ਰੁਪਏ ਤੇ ਐਫਡੀਜ਼ ਤੁੜਵਾ ਕੇ ਕਢਵਾਉਣ ਦੀ ਤਾਕ ਵਿੱਚ ਸੀ ਪਰੰਤੂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਬੈਂਕ ਖਾਤੇ ਸੀਲ ਕੀਤੇ ਜਦੋਂਕਿ ਇਸਦਾ ਇੱਕ ਬੈਂਕ ਲਾਕਰ ਵੀ ਮਿਲਿਆ ਹੈ, ਜਿਸ ਨੂੰ ਅਦਾਲਤੀ ਮਨਜੂਰੀ ਤੋਂ ਬਾਅਦ ਖੁੱਲ੍ਹਵਾਇਆ ਜਾਵੇਗਾ ਅਤੇ ਇਸ ਦੀ ਪਤਨੀ ਨੂੰ ਵੀ ਇਸ ਕੇਸ ‘ਚ ਨਾਮਜ਼ਦ ਕੀਤਾ ਜਾਵੇਗਾ। ਇਹ ਨਸ਼ਾ ਤਸਕਰ ਦਿੱਲੀ ਸਥਿਤ ਨਸ਼ਾ ਸਪਲਾਇਰ ਨੀਗਰੋਜ ਤੋਂ ਲਿਆਂਦੀ ਹੈਰੋਇਨ ਦਾ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ‘ਚ ਮੁੱਖ ਸਪਲਾਈ ਕਰਤਾ ਸੀ, ਇਸ ਦਾ 22 ਜੁਲਾਈ ਤੱਕ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਇਸ ਮੌਕੇ ਐੱਸਪੀ (ਜਾਂਚ) ਹਰਮੀਤ ਸਿੰਘ ਹੁੰਦਲ, ਡੀਐੱਸਪੀ ਜਸਪ੍ਰੀਤ ਸਿੰਘ ਆਦਿ ਹੋਰ ਅਧਿਕਾਰੀ ਹਾਜ਼ਰ ਸਨ।

ਡਾਇਰੀ ‘ਚੋਂ ਨਸ਼ਾ ਤਸਕਰਾਂ ਤੇ ਨਸ਼ਾ ਖਰੀਦਣ ਵਾਲਿਆਂ ਦੇ ਵੇਰਵੇ ਮਿਲੇ

ਪੁਲਿਸ ਨੂੰ ਇਸ ਨਸ਼ਾ ਤਸਕਰ ਤੋਂ ਇੱਕ ਡਾਇਰੀ ਬਰਾਮਦ ਹੋਈ ਹੈ, ਜਿਸ ਵਿੱਚ ਉਸ ਵੱਲੋਂ ਆਪਣੇ ਪੈਸੇ ਦੇ ਲੈਣ ਦੇਣ ਤੇ ਨਸ਼ਾ ਤਸਕਰਾਂ ਤੇ ਨਸ਼ਾ ਖਰੀਦਣ ਵਾਲਿਆਂ ਦੇ ਵੇਰਵੇ ਵੀ ਮਿਲੇ ਹਨ। ਐੱਸਐੱਸਪੀ ਦਾ ਕਹਿਣਾ ਹੈ ਕਿ ਉਹ ਡਾਇਰੀ ਵਿਚਲੇ ਲੋਕਾਂ ਤੱਕ ਵੀ ਪੁੱਜਣਗੇ ਤੇ ਇਸ ਤੋਂ ਅੱਗੇ ਹੋਰ ਕਈ ਤਰ੍ਹਾਂ ਦੇ ਭੇਤ ਖੁੱਲ੍ਹ ਸਕਦੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਬੈਕਾਂ ਵਿੱਚ ਖੁੱਲ੍ਹੇ ਇਸਦੇ ਖਾਤਿਆਂ ‘ਚ ਨਾ ਕੋਈ ਪੈਨ ਕਾਰਡ ਤੇ ਨਾ ਹੀ ਹੋਰ ਕੋਈ ਦਸਤਾਵੇਜ ਸ਼ਾਮਲ ਹਨ, ਪਰ ਬੈਕਾਂ ਵੱਲੋਂ ਕਿਸ ਅਧਾਰ ‘ਤੇ ਖਾਤੇ ਖੋਲ੍ਹਕੇ ਐਨੀ ਰਕਮ ਜਮ੍ਹਾ ਕੀਤੀ, ਵੀ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।