ਨਸ਼ੇ ਦੀ ਮਾਰ

ਨਸ਼ੇ ਦੀ ਮਾਰ

ਨਸ਼ੇ ਦੀ ਲੋਰ ਵਿੱਚ ਝੂਲਦੀ ਕੁੜੀ ਦੀ1ਆਂ ਕੋਲ ਖੜ੍ਹੇ ਲੋਕ ਫੋਟੋਆਂ ਖਿੱਚ ਰਹੇ ਸਨ। ਕੋਈ ਉਸ ਦੀ ਮੱਦਦ ਨਹੀਂ ਕਰ ਰਿਹਾ ਸੀ ਅਕਸਰ ਨਸ਼ੇ ਦੇ ਗ੍ਰਸੇ ਲੋਕ ਮੱਦਦ ਕਰਨ ਵਾਲੇ ਲਈ ਮੁਸੀਬਤ ਬਣ ਜਾਂਦੇ ਨੇ ਸ਼ਾਇਦ ਤਾਂ ਉਸ ਦੀ ਕੋਈ ਮੱਦਦ ਨਹੀਂ ਕਰ ਰਿਹਾ ਸੀ।
ਕੋਲੋਂ ਲੰਘਦੇ ਇੱਕ ਸੁਹਿਰਦ ਸੱਜਣ ਸ਼ਿਵ ਰਾਜ ਨੇ ਭੀੜ ਵਿਚੋਂ ਦੀ ਲੰਘਦੇ ਹੋਏ ਉਸ ਕੁੜੀ ਨੂੰ ਸੰਭਾਲਿਆ । ਹੋਸ਼ ਆਉਣ ’ਤੇ ਕੁੜੀ ਬੋਲੀ, ‘‘ਵੀਰੇ ਮੈਨੂੰ ਸਮਰਾਲਾ ਚੌਂਕ ਛੱਡ ਦਏਂਗਾ?’’
ਸ਼ਿਵ ਰਾਜ ਨੇ ਉਸ ਨੂੰ ਸੰਭਾਲਦੇ ਹੋਏ ਆਪਣੇੇ ਮਗਰ ਮੋਟਰਸਾਈਕਲ ’ਤੇ ਬਿਠਾ ਲਿਆ।

ਰਸਤੇ ਵਿੱਚ ਹੀ ਸ਼ਿਵ ਰਾਜ ਨੇ ਕੁੜੀ ਨੂੰ ਪੁੱਛਿਆ, ‘‘ਕਿਹੜਾ ਨਸ਼ਾ ਕਰਦੀ ਐਂ?’’
ਕੁੜੀ ਆਖਦੀ, ‘‘ਵੀਰੇ ਤੂੰ ਸੱਚਾ ਬੰਦਾ ਏਂ, ਮੈਂ ਝੂਠ ਨਈ ਬੋਲਦੀ, ਮੈਂ ਆਪਣੀ ਸਮਰੱਥਾ ਮੁਤਾਬਿਕ ਸਿਰਫ ਸ਼ਰਾਬ ਹੀ ਪੀਨੀ ਆਂ ।’’
‘‘ਤੂੰ ਕੁੜੀਏ ਲੰਮੀ ਲੱਜੀ ਏਂ, ਸੋਹਣੀ ਵੀ ਬਹੁਤ ਏਂ, ਮੇਰੀ ਭੈਣ ਜੇ ਤੂੰ ਨਸ਼ਾ ਛੱਡ ਦਵੇਂ ਤਾਂ ਸੁਨੱਖੀ ਵੀ ਬਣ ਜਾਏਂਗੀ।’’ ਸ਼ਿਵ ਰਾਜ ਨੇ ਕੁੜੀ ਨੂੰ ਤਰਲਾ ਮਾਰਿਆ।

ਸਮਰਾਲੇ ਚੌਂਕ ਕੁੜੀ ਨੇ ਬਾਈਕ ਤੋਂ ਉੱਤਰਦਿਆਂ ਹੀ ਨਾਲੇ ਸ਼ਿਵ ਰਾਜ ਅੱਗੇ ਪੈਸਿਆਂ ਵਾਸਤੇ ਹੱਥ ਅੱਡ ਲਿਆ ਤੇ ਨਾਲੇ ਜਵਾਬ ਦਿੱਤਾ, ‘‘ਨਾ ਮਾਂ, ਨਾ ਪਿਓ, ਨਾ ਕੋਈ ਭੈਣ-ਭਰਾ, ਨਾ ਪਤੀ, ਨਾ ਕੋਈ ਬੱਚਾ , ਨਸ਼ਾ ਕੀਹਦੇ ਵਾਸਤੇ ਛੱਡਾਂ?’’
ਸ਼ਿਵ ਰਾਜ ਨੇ ਕੁੱਝ ਪੈਸੇ ਓਹਦੇ ਹੱਥ ’ਤੇ ਰੱਖਦਿਆਂ ਆਖਿਆ, ‘‘ਕੁੜੀਏ ਜੀਹਦਾ ਕੋਈ ਨਈਂ ਹੁੰਦਾ ਓਹਦਾ ਰੱਬ ਹੁੰਦੈ!’’
‘‘ਭਰਾਵਾ ਕਿਉਂ ਝੂਠ ਬੋਲਦਾ ਐਂ, ਜੇ ਰੱਬ ਹੁੰਦਾ ਤੇ ਲੈ ਨਾ ਜਾਂਦਾ?’’ ਐਨਾ ਕਹਿ ਕੇ ਕੁੜੀ ਸਮਰਾਲੇ ਵਾਲੀ ਬੱਸ ਚੜ੍ਹ ਗਈ।
ਗੁਰਵਿੰਦਰ ਸਿੰਘ ‘ਗੁੱਲੂ’
ਮੋ. 98968-12309

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ