ਡਾ. ਅਰਵਿੰਦ ਵੱਲੋਂ ਅਫਗਾਨਿਸਤਾਨ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ

ਵਿਦਿਆਰਥੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਨਿੱਜੀ ਤੌਰ ’ਤੇ ਪ੍ਰਾਪਤ ਕੀਤੀ ਜਾਣਕਾਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇੱਥੇ ਪੜ੍ਹ ਰਹੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਨਿੱਜੀ ਤੌਰ ’ਤੇ ਜਾਣਕਾਰੀ ਪ੍ਰਾਪਤ ਕੀਤੀ ਗਈ। ਜਿਕਰਯੋਗ ਹੈ ਕਿ ਅਫਗਾਨਿਸਤਾਨ ਵਿਚਲੇ ਮੌਜੂਦਾ ਸੰਕਟਮਈ ਹਾਲਾਤ ਦੇ ਮੱਦੇਨਜਰ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇਹ ਵਿਦਿਆਰਥੀ ਆਪਣੇ ਘਰ ਪਰਿਵਾਰ ਦੀ ਸੁਰੱਖਿਆ ਅਤੇ ਆਪਣੇ ਅਕਾਦਮਿਕ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਉਨ੍ਹਾਂ ਦੀ ਅਜਿਹੀ ਚਿੰਤਾ ਨੂੰ ਭਾਂਪਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਸਭ ਵਿਦਿਆਰਥੀਆਂ ਲਈ ਇੱਥੋਂ ਦੇ ਮਾਹੌਲ ਨੂੰ ਹੋਰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਫਗਾਨ ਮੂਲ ਦੇ ਵਿਦਿਆਰਥੀਆਂ ਦੇ ਮੌਜੂਦਾ ਸੰਕਟ ਨੂੰ ਗਹਿਰਾਈ ਪੂਰਵਕ ਮਹਿਸੂਸ ਕਰਦੀ ਹੈ ਅਤੇ ਅਜਿਹੇ ਸਭ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਉਂਦੀ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਸਭ ਵਿਦਿਆਰਥੀਆਂ ਦੇ ਬਿਹਤਰ ਅਤੇ ਸੁਰੱਖਿਆਤਮਕ ਭਵਿੱਖ ਲਈ ਦੁਆ ਕਰਦਿਆਂ ਡਾ. ਅਰਵਿੰਦ ਵੱਲੋਂ ਆਸ ਪ੍ਰਗਟਾਈ ਗਈ ਕਿ ਅਫਗਾਨਿਸਤਾਨ ਵਿੱਚ ਜਲਦ ਹੀ ਹਾਲਾਤ ਸੁਖਾਵੇਂ ਹੋਣਗੇ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਚਿੰਤਾ ਦੂਰ ਹੋਵੇਗੀ।

ਡਾ. ਰਣਜੀਤ ਕੌਰ, ਡੀਨ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਵੱਲੋਂ ਵੀ ਇਸ ਮੌਕੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਬਾਰੇ ਦੁਆ ਕੀਤੀ ਗਈ। ਇਸ ਮੌਕੇ ਅਫਗਾਨ ਵਿਦਿਆਰਥੀਆਂ ਵੱਲੋਂ ਆਪਣੇ ਦੇਸ਼ ਦੇ ਤਾਜਾ ਹਾਲਾਤਾਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਅਤੇ ਡਰ ਸਾਂਝੇ ਕੀਤੇ ਗਏ । ਯੂਨੀਵਰਿਸਟੀ ਅਥਾਰਿਟੀ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਵੀਜਾ ਮਿਆਦ ਵਿੱਚ ਵਾਧਾ, ਆਈ.ਸੀ.ਸੀ.ਆਰ. ਸਕਾਲਰਸ਼ਿਪ, ਹੋਸਟਲ ਰਿਹਾਇਸ਼, ਵਿੱਤੀ ਸਮੱਸਿਆਵਾਂ ਬਾਰੇ ਧਿਆਨਪੂਰਵਕ ਸੁਣਿਆ ਗਿਆ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ, ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ ਅਤੇ ਇੰਟਰਨੈਸ਼ਨਲ ਵਿੰਗ ਦੇ ਹੋਸਟਲ ਵਾਰਡਨ ਡਾ. ਵਿਕਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜਰ ਰਹੇ।

ਵਰਨਣਯੋਗ ਹੈ ਕਿ ਅਫਗਾਨ ਮੂਲ ਦੇ 40 ਦੇ ਕਰੀਬ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਆਪਣੀਆਂ ਆਨਲਾਈਨ ਜਮਾਤਾਂ ਦੇ ਚਲਦਿਆਂ ਅਤੇ ਸਮੈਸਟਰ ਬਰੇਕ ਹੋਣ ਕਾਰਨ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ