ਅਜੇ ਚੰਗੀਆਂ ਨਹੀਂ ਲੱਗਦੀਆਂ ਦੀਵਾਲੀਆਂ

ਅਜੇ ਚੰਗੀਆਂ ਨਹੀਂ ਲੱਗਦੀਆਂ ਦੀਵਾਲੀਆਂ

ਹਰ ਸਾਲ ਦੀਵਾਲੀ ਆਉਦੀਂ ਹੈ ਅਤੇ ਲੰਘ ਜਾਂਦੀ ਹੈ। ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਹਰ ਸਾਲ ਦੀਵਾਲੀ ਕਿਸੇ ਲਈ ਖੁਸ਼ੀ ਭਰੀ ਹੁੰਦੀ ਹੈ ਅਤੇ ਕਿਸੇ ਲਈ ਦੁੱਖਾਂ ਭਰੀ। ਆਮ ਰੋਜ਼ਮਰਾ ਦੀ ਜਿੰਦਗੀ ਨਾਲੋਂ ਦੀਵਾਲੀ ਦੇ ਤਿਉਹਾਰ ’ਤੇ ਖੁਸ਼ੀਆਂ-ਗਮੀਆਂ ਜਿਆਦਾ ਮਹਿਸੂਸ ਹੁੰਦੀਆਂ ਹਨ। ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਨਾਇਆ ਜਾਵੇ। ਐਤਕੀਂ ਵੀ ਸਾਡੇ ਕਿਸਾਨ ਵੀਰ ਅਜੇ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ ਇਸ ਲਈ ਅਜੇ ਸਾਨੂੰ ਦੀਵਾਲੀਆਂ ਚੰਗੀਆਂ ਨਹੀਂ ਲੱਗਦੀਆਂ। ਸਾਡੇ ਲਈ ਦੀਵਾਲੀ ਓਦੋਂ ਖੁਸ਼ੀ ਭਰੀ ਹੋਵੇਗੀ ਜਦ ਸਾਡੇ ਕਿਸਾਨ ਵੀਰ ਖੇਤੀ ਮਾਰੂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਆਪਣੇ ਘਰ ਵਾਪਸ ਪਰਤਣਗੇ।

ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਪਿਆਰ ਦਾ, ਮੁਹੱਬਤ ਦਾ ਹੋਵੇ। ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਨਣ ਅਤੇ ਹੋਰ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ-ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂ ਖੁਸ਼ੀਆਂ ਦੂਣੀਆਂ ਚੌਣੀਆਂ ਹੋ ਜਾਂਦੀਆਂ ਹਨ।
ਰੱਬ ਕਰੇ ਕਿ ਕਿਸੇ ਲਈ ਵੀ ਅਜਿਹੀ ਦੀਵਾਲੀ ਕਦੇ ਨਾ ਆਵੇ, ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ। ਖੁਸ਼ੀਆਂ ਤੇ ਗਮੀਆਂ ਜ਼ਿੰਦਗੀ ਦਾ ਹਿੱਸਾ ਹਨ ਜੋ ਹਮੇਸ਼ਾ ਆਉਂਦੀਆਂ ਹੀ ਰਹਿਣਗੀਆਂ। ਇਸ ਤੋਂ ਉੱਪਰ ਉੱਠ ਕੇ ਜੇਕਰ ਦੀਵਾਲੀ ਦੇ ਤਿਉਹਾਰ ਦਾ ਵਿਸ਼ਲੇਸ਼ਨ ਕਰੀਏ ਤਾਂ ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ

ਜਿਸ ਦਾ ਅਰਥ ਹੈ ਦੀਵਿਆਂ ਦੀਆਂ ਮਾਲਾਵਾਂ ਜਾਂ ਕਤਾਰਾਂ। ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਦੀਵੇ, ਮੋਮਬੱਤੀਆਂ ਆਦਿ ਜਗਾਉਂਦੇ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਨੇ ਦੀਵੇ ਤੇ ਮੋਮਬੱਤੀਆਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ। ਸਿਰਫ ਰਸਮ ਪੂਰੀ ਕਰਨ ਲਈ ਹੀ ਘਰਾਂ ਵਿਚ ਪੰਜ-ਸੱਤ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਵਾਲੇ ਦਿਨ ਦੀਵੇ ਰੌਸ਼ਨ ਕਰਨੇ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਂਗ ਹੈ। ਦੀਵੇ ਆਪ ਬਲ਼ ਕੇ ਦੂਸਰਿਆਂ ਦਾ ਮਾਰਗ ਰੌਸ਼ਨ ਕਰਦੇ ਹਨ ਜੋ ਸਾਨੂੰ ਆਪਣਾ-ਆਪ ਵਾਰ ਕੇ ਦੂਸਰਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ।

ਉਂਜ ਦੀਵਾਲੀ ਦੇ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਬਣਿਆ ਹੈ ਜਦੋਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ।

ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ, ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ। ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟ ਕੇ ਲੰਕੇਸ਼ਵਰ ਰਾਵਣ ਤੇ ਉਸ ਦੀ ਸੈਨਾ ਨੂੰ ਮਾਰ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆਏ। ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏ। ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ। ਉਂਜ ਇਹ ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।

ਦੀਵਾਲੀ ਉਂਜ ਤਾਂ ਪੂਰੇ ਦੇਸ਼ ਵਿਚ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਦੀ ਸ਼ਾਨ ਵੱਖਰੀ ਹੈ। ਲੱਖਾਂ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ। ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਉੱਤੇ ਰੌਸ਼ਨੀ ਦੀ ਸਜਾਵਟ ਦਾ ਬੜਾ ਸੁਹਾਵਣਾ ਦਿ੍ਰਸ਼ ਹੁੰੰਦਾ ਹੈ। ਰਾਤ ਨੂੰ ਆਤਿਸ਼ਬਾਜੀ ਚਲਾਈ ਜਾਂਦੀ ਹੈ। ਆਤਿਸ਼ਬਾਜੀ ਵੇਖਣ ਵਾਲਿਆਂ ਦੀ ਰੌਣਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਪਰਿਕਰਮਾ ਵਿਚ ਖੜ੍ਹੇ ਹੋਣ ਦੀ ਥਾਂ ਨਹੀਂ ਮਿਲਦੀ। ਬਜ਼ਾਰਾਂ ਦੀ ਸਜਾਵਟ ਬੜੀ ਦਿਲ ਖਿੱਚਵੀਂ ਹੁੰੰਦੀ ਹੈ ਇਸੇ ਲਈ ਕਿਹਾ ਜਾਂਦਾ ਹੈ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ’।

ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ’ਤੇ ਇਹ ਨਵੰਬਰ ਵਿਚ ਆਉਂਦਾ ਹੈ। ਦੇਸ਼ ਦੇ ਕੋਨੇ-ਕੋਨੇ ਕੁਝ ਵਿਦੇਸ਼ਾਂ ਵਿਚ ਮਨਾਏ ਜਾਣ ਵਾਲੇ ਸਾਡੇ ਤੋਂ ਵੱਡੇ ਤਿਉਹਾਰ ਦੀਵਾਲੀ ’ਤੇ ਚਾਹੇ ਪਟਾਕਿਆਂ ਵਗੈਰਾ ’ਤੇ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਪਰ ਇਸ ਦੇ ਬਦਲੇ ਜੋ ਬੇਅੰਤ ਖੁਸ਼ੀ ਪ੍ਰਾਪਤ ਹੁੰੰਦੀ ਹੈ ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਸਮੂਹ ਪਾਠਕਾਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਾ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ। ਦੀਵਾਲੀ ਮੁਬਾਰਕ ਦੋਸਤੋ!
ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’
ਮੋ. 99889-29988
ਭਵਨਦੀਪ ਸਿੰਘ ਪੁਰਬਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ