ਔਰਤਾਂ ਦੀਆਂ ਮੁਸ਼ਕਲਾਂ ਵਿਚਾਰਕੇ ਅਗਲੇ ਫੈਸਲੇ ਲਏ ਜਾਣਗੇ : : ਸ਼ਸ਼ੀ ਸ਼ਰਮਾ
(ਸੁਭਾਸ਼ ਸ਼ਰਮਾ) ਫਰੀਦਕੋਟ। ਦੇਸ਼ ਦੀਆਂ ਔਰਤਾਂ ਦੀ ਸਭ ਤੋਂ ਪੁਰਾਣੀ ਅਤੇ ਸ਼ਾਨਾਮੱਤੇ ਇਤਿਹਾਸ ਦੀ ਵਾਰਿਸ ਜੱਥੇਬੰਦੀ ‘ਭਾਰਤੀ ਮਹਿਲਾ ਫੈਡਰੇਸ਼ਨ’ ਨਾਲ ਸਬੰਧਤ ‘ਪੰਜਾਬ ਇਸਤਰੀ ਸਭਾ’ ( Punjab Women’s Sabha) ਜ਼ਿਲ੍ਹਾ ਫਰੀਦਕੋਟ ਦੀ ਕਾਨਫਰੰਸ 3 ਦਸੰਬਰ 2022 ਦਿਨ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਫਰੀਦਕੋਟ ਵਿਖੇ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਨਰਸਿਜ਼ ਐਸੋਸੀਏਸ਼ਨ ਦੀ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਇਸਤਰੀ ਆਗੂ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਇਹ ਕਾਨਫਰੰਸ ਜੱਥੇਬੰਦੀ ਦੀਆਂ ਸੂਬਾਈ ਆਗੂਆਂ ਬੀਬੀ ਕੁਸ਼ਲ ਭੌਰਾ ਅਤੇ ਭੈਣ ਨਰਿੰਦਰ ਸੋਹਲ ਦੀ ਦੇਖ ਰੇਖ ਹੇਠ ਹੋ ਰਹੀ ਹੈ।
ਇਸ ਕਾਨਫਰੰਸ ਵਿੱਚ ਗੁਆਂਢੀ ਜ਼ਿਲ੍ਹਿਆਂ ਤੋਂ ਇਸਤਰੀ ਆਗੂ ਬੀਬੀ ਸੁਦੇਸ਼ ਅਤੇ ਪ੍ਰੇਮ ਲਤਾ ਵੀ ਸ਼ਾਮਿਲ ਹੋ ਰਹੀਆਂ ਹਨ। ਵਰਨਣਯੋਗ ਹੈ ਕਿ ਬੀਤੇ ਸਮੇਂ ਵਿੱਚ ਇਸ ਜੱਥੇਬੰਦੀ ਦੀ ਅਗਵਾਈ ਪਦਮ ਸ੍ਰੀ ਦਾ ਸਨਮਾਨ ਪ੍ਰਾਪਤ ਭੈਣ ਵਿਮਲਾ ਡਾਂਗ, ਐਡਵੋਕੇਟ ਸ਼ੀਲਾ ਦੀਦੀ, ਉਰਮਿਲਾ ਅਨੰਦ,ਉਸ਼ਮਾ ਰੇਖੀ, ਸ਼ੀਲਾ ਚੈਨ ਅਤੇ ਬੀਬੀ ਮਹਿੰਦਰ ਸਾਂਬਰ ਦੇ ਮੁਬਾਰਕ ਹੱਥਾਂ ਵਿੱਚ ਰਹੀ ਹੈ ਜਿਨਾਂ ਦੀ ਘਾਲਣਾ ਸਦਕਾ ਔਰਤਾਂ ‘ਤੇ ਹੁੰਦੇ ਸਮਾਜਿਕ ਜਬਰ ਖਿਲਾਫ ਸਰਕਾਰਾਂ ਨੂੰ ਅਨੇਕ ਕਾਨੂੰਨ ਬਣਾਉਣ ਤੋਂ ਇਲਾਵਾ ਮਹਿਲਾ ਥਾਣੇ ਅਤੇ ਵੋਮੈਨ ਸੈੱਲ’ ਬਣਾਉਣੇ ਪਏ। ਜਿੱਥੇ ਵੀ ਔਰਤਾਂ ’ਤੇ ਜਬਰ ਦੀ ਘਟਨਾ ਹੋਈ, ਜੱਥੇਬੰਦੀ ਨੇ ਮੂਹਰਲੀਆਂ ਸਫਾਂ ਵਿੱਚ ਖੜ ਕੇ ਇਨਸਾਫ ਲਈ ਲੜਾਈ ਲੜੀ।
ਬਿਲਕਿਸ ਬਾਨੋ ਕਾਂਡ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਕੀਤਾ ਵਿਰੋਧ
ਹੁਣ ਵੀ ਬਿਲਕਿਸ ਬਾਨੋ ਕਾਂਡ ਦੇ ਦਰਿੰਦੇ ਉਮਰ ਕੈਦੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਚੋਣਾਂ ਵਿੱਚ ਲਾਹਾ ਲੈਣ ਲਈ ਸਜ਼ਾ ਤੋਂ ਛੋਟ ਦੇ ਕੇ ਰਿਹਾਅ ਕਰਨ ਵਿਰੁੱਧ ਭਾਰਤੀ ਮਹਿਲਾ ਫੈਡਰੇਸ਼ਨ ਦੀ ਪਾਈ ਪਟੀਸ਼ਨ ਮਾਣਯੋਗ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ। ਜਿਲੇ ਦੀਆਂ ਇਸਤਰੀ ਆਗੂਆਂ ਬੀਬੀ ਮਨਜੀਤ ਕੌਰ ਨਾਥੇਵਾਲਾ, ਆਸ਼ਾ ਚੌਧਰੀ, ਸ਼ੀਲਾ ਮਨਚੰਦਾ, ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਪ੍ਰੀਤ ਕੌਰ ਨੇ ਦੱਸਿਆ ਕਿ ਕਾਨਫਰੰਸ ਦੇ ਖੁੱਲੇ ਇਜਲਾਸ ਲਈ ਸਮਾਜ ਦੇ ਹਰ ਤਬਕੇ ਦੀਆਂ ਔਰਤਾਂ ਨੂੰ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਨਵੀਂ ਲੀਡਰਸ਼ਿਪ ਦੀ ਚੋਣ ਸਮੇਂ ਕਾਨਫਰੰਸ ਦੇ ਦੂਜੇ ਪੜਾਅ ਵਿੱਚ ਮੈਂਬਰਸ਼ਿਪ ਦੇ ਅਧਾਰ ’ਤੇ ਹਰ ਪਿੰਡ ਜਾਂ ਮੁਹੱਲੇ ਦੇ ਅਧਾਰ ’ਤੇ ਚੁਣੀਆਂ ਡੈਲੀਗੇਟ ਭੈਣਾਂ ਭਾਗ ਲੈਣਗੀਆਂ। ਆਗੂਆਂ ਨੇ ਜਿਲੇ ਦੀਆਂ ਸਮੂਹ ਭਰਾਤਰੀ ਜੱਥੇਬੰਦੀਆਂ ਦੀ ਲੀਡਰਸ਼ਿਪ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ( Punjab Women’s Sabha)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ