ਵੱਡੀਆਂ ਨੌਕਰੀਆਂ ਹਾਸਲ ਕਰਨ ਪਿੱਛੋਂ ਵੀ ਨੌਜਵਾਨਾਂ ਵਿੱਚ ਨਿਰਾਸ਼ਾ

Unemployment

ਬੇਰੁਜ਼ਗਾਰੀ ਕਾਰਨ ਨੌਜਵਾਨਾਂ ਦਾ ਰੁਝਾਨ ਬਾਹਰਲੇ ਮੁਲਕਾਂ ਵੱਲ

ਅਮਰਗੜ੍ਹ, ਸੁਰਿੰਦਰ ਸਿੰਗਲਾ। ਦਿਨੋਂ ਦਿਨ ਵਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨ ਮੁੰਡੇ ਕੁੜੀਆਂ ਦਾ ਰੁਝਾਨ ਬਾਹਰਲੇ ਮੁਲਕਾਂ ਵੱਲ ਵਧਦਾ ਹੀ ਜਾ ਰਿਹਾ ਹੈ। ਬੇਰੁਜ਼ਗਾਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਡਾਵਾਂਡੋਲ ਹੈ ਤੇ ਬੇਹੱਦ ਹਨ੍ਹੇਰ ਘੁੱਪ ਵਿੱਚ ਹੈ। ਜ਼ਿੰਦਗੀ ਦੇ ਵੀਹ-ਵੀਹ ਸਾਲ ਪੜ੍ਹਾਈ ਕਰਕੇ ਡਿਗਰੀਆਂ ਲੈ ਕੇ ਬੱਚੇ ਰੁਜਗਾਰ ਲਈ ਦਰ-ਦਰ ਧੱਕੇ ਖਾ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਸੂਬਾ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਨੌਜਵਾਨਾਂ ਦੇ ਭਵਿੱਖ ਬਾਰੇ ਸੋਚਦੀ ਹੈ, ਉੱਪਰੋਂ ਸਰਕਾਰੀ ਦਫਤਰਾਂ ਵਿੱਚ ਚਾਹ-ਪਾਣੀ ਲੈ ਦੇ ਕੇ ਹੀ ਨਿੱਕਾ ਮੋਟਾ ਕੰਮ ਹੁੰਦਾ ਹੈ, ਜਿਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਹੀ ਤਰਜੀਹ ਦੇ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਆਮ ਜਨਤਾ ਦੇ ਬੱਚਿਆਂ ਦੇ ਭਵਿੱਖ ਬਾਰੇ ਡੂੰਘਾਈ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ।

ਦੀਪਾਂਸ਼ੂ ਨਾਂਅ ਦੀ ਲੜਕੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਮਾਪਿਆਂ ਦੀ ਮਿਹਨਤ ਸਦਕਾ ਚੰਗੇ-ਚੰਗੇ ਵਿੱਦਿਅਕ ਅਦਾਰਿਆਂ ਵਿਚ ਵਿੱਦਿਆ ਗ੍ਰਹਿਣ ਕਰਨ ਦਾ ਮੌਕਾ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਬੀ.ਐਸ.ਸੀ.ਨਾਨ ਮੈਡੀਕਲ, ਬੀ.ਐੱਡ ਸਟੇਟ ਕਾਲਜ, ਐਮ.ਐਸ.ਸੀ ਫਿਜ਼ਿਕਸ ਚੰਗੇ ਨੰਬਰਾਂ ’ਚ ਹਾਸਲ ਕਰਨ ਦੇ ਬਾਵਜੂਦ ਸਾਡੀਆਂ ਸਰਕਾਰਾਂ ਦੀ ਪਾਲਿਸੀ ਕੁਝ ਹੋਰ ਹੀ ਹੈ। ਟੈੱਟ ਪਾਸ ਮਾਸਟਰ ਕੇਡਰ ਦੇ ਸਾਰੇ ਟੈਸਟ ਕਲੀਅਰ ਹੋਣ ਦੇ ਬਾਵਜੂਦ ਸਰਕਾਰੀ ਨੌਕਰੀ ਤੋਂ ਹਾਲੇ ਕੋਹਾਂ ਦੂਰ ਹੈ। ਸਰਕਾਰ ਵੱਲੋਂ ਕੀਤੇ ਵਾਅਦੇ ਪਰਿਵਾਰ ’ਚ ਘੱਟੋ-ਘੱਟ ਇੱਕ ਜੀਅ ਨੂੰ ਲਾਜ਼ਮੀ ਰੁਜਗਾਰ ਮਿਲੇਗਾ, ਉਹ ਵੀ ਖੋਖਲੇ ਸਾਬਤ ਹੋ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੜਕੀਆਂ ਲਈ ਸਿੰਗਲ ਗਰਲ ਚਾਈਲਡ ਦੀਆਂ ਮਿਲ ਰਹੀਆਂ ਸਹੂਲਤਾਂ ਵੀ ਕਾਗਜ਼ੀ ਕਾਰਵਾਈ ਹਨ, ਮਿਲਦਾ ਕੁਝ ਵੀ ਨਹੀਂ। ਦੀਪਾਂਸ਼ੂ ਦਾ ਕਹਿਣਾ ਹੈ ਕਿ ਉਸਦੀਆਂ ਸਾਥਣਾਂ ਪੜ੍ਹਾਈ ਦੌਰਾਨ ਹੀ ਕੋਈ ਆਸਟ੍ਰੇਲੀਆ, ਕੋਈ ਕੈਨੇਡਾ ਚਲੀ ਗਈ ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ 20-20 ਸਾਲ ਲਗਾ ਕੇ ਵੀਹ-ਵੀਹ, ਪੱਚੀ-ਪੱਚੀ ਲੱਖ ਪਹਿਲਾਂ ਪੜ੍ਹਾਈ ’ਤੇ, ਫਿਰ ਪੱਚੀ ਲੱਖ ਦੇ ਕਰੀਬ ਵਿਦੇਸ਼ ਜਾਣ ਲਈ ਲੱਗਦਾ ਹੈ ਜੋ ਆਮ ਪਰਿਵਾਰ ਲਈ ਇੱਕ ਵੱਡੀ ਗੰਭੀਰ ਸਮੱਸਿਆ ਬਣੀ ਹੋਈ ਹੈ।

ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਲੜਕੀ ਸੁਖਜੀਤ ਦਾ ਵੀ ਕਹਿਣਾ ਹੈ ਕਿ ਉਹ ਵੀ ਐਮ.ਐਸ.ਸੀ ਦੀ ਪੜ੍ਹਾਈ ਵਿੱਚ-ਵਿਚਾਲੇ ਛੱਡ ਕੇ ਕੈਨੇਡਾ ਚਲੀ ਗਈ। ਉਸ ਦੇ ਪਿਤਾ ਨੇ ਦੱਸਿਆ ਕਿ ਲੜਕੀ ਨੂੰ ਵਿਦੇਸ਼ ਭੇਜਣ ਵਿੱਚ ਘੱਟੋ-ਘੱਟ ਵੀਹ ਲੱਖ ਤੋਂ ਉੱਪਰ ਖਰਚ ਹੋ ਗਿਆ ਹੈ, ਉਹਨਾਂ ਨੂੰ ਕਰਜਾ ਚੁੱਕ ਕੇ ਅੱਕ ਚੱਬਣਾ ਪਿਆ ਕਿਉਂਕਿ ਸਾਡੀਆਂ ਸਰਕਾਰਾਂ ਸਾਡੇ ਬੱਚਿਆਂ ਦੇ ਭਵਿੱਖ ਲਈ ਉੱਕਾ ਹੀ ਗੌਰ ਨਹੀਂ ਕਰਦੀਆਂ, ਉਧੱਰ ਵੀ ਹਾਲੇ ਰੁਜਗਾਰ ਦੀ ਮੁਕੰਮਲ ਸੈਟਿੰਗ ਨਹੀਂ ਆਈ ਉਨ੍ਹਾਂ ਦੱਸਿਆ ਕਿ ਉਸਦੀ ਬੇਟੀ ਸ਼ਾਪਿੰਗ ਮਾਲ ਵਿੱਚ ਡਿਊਟੀ ਕਰ ਰਹੀ ਹੈ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਬਾਹਰਲੇ ਮੁਲਕਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਦੇ ਮੁਤਾਬਿਕ ਰੁਜ਼ਗਾਰ ਪ੍ਰਾਪਤ ਨਹੀਂ ਹੁੰਦਾ, ਬੱਚਿਆਂ ਨੂੰ ਦਿਹਾੜੀ ਦੱਪਾ ਹੀ ਕਰਨਾ ਪੈਂਦਾ ਹੈ।

ਨਿਊਜ਼ੀਲੈਂਡ ਬਾਰੇ ਗੱਲ ਕਰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੁਲਕ ਵਿੱਚ ਲਗਪਗ ਜ਼ੀਰੋ ਕਰਾਈਮ ਹੈ। ਉਸਦਾ ਬੇਟਾ ਪਹਿਲਾਂ ਇੱਥੇ ਹਿਮਾਚਲ ਪ੍ਰਦੇਸ਼ ਦੇ ਇੰਡਸਟਰੀ ਏਰੀਏ ਦੇ ਸ਼ਹਿਰ ਵਿੱਚ ਦਵਾਈਆਂ ਦੀ ਫੈਕਟਰੀ ਵਿੱਚ ਬਾਇਓਕੈਮੀਕਲ ਲੈਬ ਵਿੱਚ ਚੰਗੀ ਸੈਲਰੀ ਤੇ ਚੰਗੇ ਰੁਤਬੇ ਦੀ ਨੌਕਰੀ ਕਰਦਾ ਸੀ ਪਰ ਇੱਥੋਂ ਨੌਕਰੀ ਛੱਡ ਕੇ ਨਿਊਜੀਲੈਂਡ ਵਿੱਚ ਵੈੱਲਸੈਟਲਡ ਹੋ ਗਿਆ ਹੈ

ਬਾਹਰ ਵੀ ਪੈਰ ਜਮਾਉਣੇ ਨਹੀਂ ਸੌਖੇ

ਦੇਸ਼ ਅੰਦਰ ਵਧ ਰਹੀ ਬੇਰੁਜ਼ਗਾਰੀ ਕਰਕੇ ਬਾਹਰਲੇ ਦੇਸ਼ ਜਾ ਰਹੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਉੱਥੇ ਜਾ ਕੇ ਪੈਰ ਜਮਾਉਣੇ ਸੌਖਾ ਕੰਮ ਨਹੀਂ ਇਸ ਸਬੰਧੀ ਪਿੰਡ ਫਤਿਹਪੁਰ ਦੇ ਵਿਅਕਤੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਦੇ ਆਈਲੈਟਸ ਵਿੱਚ ਅੱਠ ਬੈਂਡ ਆ ਗਏ ਸਨ ਤੇ ਕੈਨੇਡਾ ਜਾਣ ਲਈ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਦੱਸਿਆ ਕਿ ਉਸਦੀ ਬੇਟੀ ਨੂੰ ਟੋਰੰਟੋ ਦੀ ਇੱਕ ਚੰਗੀ ਯੂਨੀਵਰਸਿਟੀ ਦੇ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ ਉਸਦੀ ਬੇਟੀ, ਜੋ ਕਿ ਇੱਧਰ ਟੌਪ ਕਰਦੀ ਸੀ ਉੱਥੇ ਵੀ ਟੌਪਰ ਰਹਿਣ ਲੱਗ ਪਈ ਪਰ ਉੱਥੋਂ ਦੇ ਸਥਾਨਕ ਲੋਕਾਂ ਦੁਆਰਾ ਭੇਦਭਾਵ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ ਜਿਸ ਕਰਕੇ ਉਸ ਦਾ ਕਾਲਜ ਹੀ ਤਬਦੀਲ ਕਰਨਾ ਪਿਆ ਉਨ੍ਹਾਂ ਕਿਹਾ ਕਿ ਉੱਥੋਂ ਦੀ ਸਰਕਾਰ ਸੁਣਦੀ ਵੀ ਸਥਾਨਕ ਲੋਕਾਂ ਦੀ ਹੀ ਹੈ।

ਬਾਹਰਲੇ ਮੁਲਕਾਂ ’ਚ ਕਤਲੋਗਾਰਤ ਵੀ ਚਿੰਤਾ ਦਾ ਵਿਸ਼ਾ

ਆਪਣੀ ਜਾਇਦਾਦ ਵੇਚ ਕੇ ਮਾਪੇ ਆਪਣੇ ਬੱਚਿਆਂ ਨੂੰ ਵੱਖ-ਵੱਖ ਮੁਲਕਾਂ ’ਚ ਭੇਜੇ ਰਹੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਮੁਲਕ ’ਚ ਬੱਚਿਆਂ ਦਾ ਭਵਿੱਖ ਧੁੰਦਲਾ ਦਿਸ ਰਿਹਾ ਹੈ ਪਰ ਨਾਲ ਹੀ ਪੰਜਾਬੀ ਮੁੰਡੇ-ਕੁੜੀਆਂ ਦੇ ਕੈਨੇਡਾ ਤੇ ਹੋਰ ਸੂਬਿਆਂ ਵਿੱਚ ਜਾਣ ਦੇ ਨਾਲ ਇਹਨਾਂ ਦੇਸ਼ਾਂ ਵਿੱਚ ਰੋਜ਼ਾਨਾ ਹੋ ਰਹੇ ਲੜਾਈ-ਝਗੜੇ , ਕਤਲੋਗਾਰਤ ਤੇ ਨਿੱਤ ਦਿਨ ਕਿਸੇ ਪੰਜਾਬੀ ਨੌਜਵਾਨ ਲੜਕੇ ਜਾਂ ਲੜਕੀ ਦੇ ਕਤਲ ਦੀਆਂ ਖਬਰਾਂ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।