ਪੰਜਾਬੀ ਯੁਨੀਵਰਸਿਟੀ ਬਣੀ ਧਰਨਿਆਂ ਦਾ ਅਖਾੜਾ, ਅੱਧੀ ਦਰਜਨ ਦੇ ਕਰੀਬ ਲੱਗ ਰਹੇ ਹਨ ਯੂਨੀਵਰਸਿਟੀ ‘ਚ ਧਰਨੇ

6 ਨਵੰਬਰ ਨੂੰ ਡੀਨ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਓ-ਆਗੂ

ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਪੰਜਾਬੀ ਯੂਨੀਵਰਸਿਟੀ ਧਰਨਿਆ ਦਾ ਅਖਾੜਾ ਬਣਦੀ ਜਾ ਰਹੀ ਹੈ ਅਤੇ ਕੋਈ ਯੂਨੀਵਰਸਿਟੀ ‘ਚ ਤਨਖਾਹਾਂ ਲੈਣ ਲਈ ਧਰਨੇ ਦੇ ਰਿਹਾ ਅਤੇ ਕੋਈ ਯੂਨੀਵਰਸਿਟੀ ਦੇ ਵਜੂਦ ਨੂੰ ਬਚਾਉਣ ਲਈ ਅੱਗੇ ਆਇਆ ਹੋਇਆ ਹੈ ਅਤੇ ਹੁਣ ਯੂਨੀਵਰਸਿਟੀ ਦੇ ਪਾੜੇ ਆਪਣੇ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਧਰਨਿਆਂ ਦੇ ਰਾਹ ਪਏ ਹਨ। ਜੇਕਰ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ ਇਸੇ ਸਮੇਂ ਯੂਨੀਵਰਸਿਟੀ ‘ਚ ਅੱਧਾ ਦਰਜਨ ਦੇ ਕਰੀਬ ਧਰਨੇ ਚੱਲ ਰਹੇ ਹਨ।

ਜਿਸ ਕਾਰਨ ਲੱਗਣ ਲੱਗਾ ਹੈ ਕਿ ਯੂਨੀਵਰਸਿਟੀ ਧਰਨਿਆਂ ਦਾ ਅਖਾੜਾ ਬਣ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੋਰਚਾ (ਪੀ.ਐਸ.ਯੂ. , ਪੀ.ਐਸ.ਯੂ.(ਲ), ਏ.ਆਈ. ਐਸ. ਐੱਫ਼.,  ਐਸ.ਐੱਫ਼.ਆਈ.) ਵੱਲੋਂ ਯੂਨੀਵਰਸਿਟੀ ਨੂੰ ਪੂਰਨ ਰੂਪ ਵਿੱਚ ਖੁੱਲਵਾਉਣ ਲਈ ਲਗਾਇਆ ਗਿਆ ਪੱਕਾ ਮੋਰਚਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਚੁੱਕਾ ਹੈ ।

ਅੱਜ ਵਿਦਿਆਰਥੀਆਂ ਵੱਲੋਂ ਵੀ.ਸੀ. ਦਫ਼ਤਰ ਤੋਂ ਲੈ ਕੇ ਲਾਇਬ੍ਰੇਰੀ ਤੱਕ ਮਾਰਚ ਕੀਤਾ ਗਿਆ ਅਤੇ ਲਾਇਬ੍ਰੇਰੀ ਦੇ ਬਾਹਰ ਖੁਸ਼ਵਿੰਦਰ ਰਵੀ (ਪੀ.ਐਸ.ਯੂ.) , ਨੇਹਾ (ਪੀ.ਐਸ.ਯੂ.(ਲ) , ਹਰਪ੍ਰੀਤ (ਏ.ਆਈ. ਐਸ. ਐੱਫ਼.) , ਕਮਲਦੀਪ ਜਲੂਰ (ਐਸ.ਐੱਫ਼.ਆਈ.) ਨੇ ਸੰਬੋਧਨ ਕਰਦਿਆ ਕਿਹਾ ਕਿ ਜਦੋਂ ਦੇਸ਼ ਭਰ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਖੁੱਲ ਚੁੱਕੇ ਹਨ ਤਾਂ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਿਉਂ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਜਥਾ ਡੀਨ ਅਕਾਦਮਿਕ ਮਾਮਲੇ ਦੇ ਦਫ਼ਤਰ ਦੇ ਬਾਹਰ ਨਾਅਰੇ ਮਾਰਦਾ ਗਿਆ , ਡੀਨ ਅਕਾਦਮਿਕ ਮਾਮਲੇ ਨੇ ਮੀਟਿੰਗ ਦਾ ਲਾਰਾ ਲਾਇਆ ਅਤੇ ਮੀਟਿੰਗ ਕੀਤੇ ਬਿਨ੍ਹਾਂ ਦਫ਼ਤਰ ਤੋਂ ਚਲੇ ਗਏ ਬਾਕੀ ਮੌਜੂਦ ਅਧਿਕਾਰੀਆਂ ਨਾਲ ਹੋਈ ਮੀਟਿੰਗ ਵੀ ਬੇ-ਸਿੱਟਾ ਰਹੀ ।

Punjabi University

ਇਸ ਮੌਕੇ ਡੀਨ ਅਕਾਦਮਿਕ ਦੇ ਅਜਿਹੇ ਰੱਵਈਏ ਨੂੰ ਦੇਖਦਿਆ ਵਿਦਿਆਰਥੀ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਕਿ 6 ਨਵੰਬਰ ਨੂੰ ਡੀਨ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹ ਵੀ ਐਲਾਨ ਕੀਤਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ 6 ਨਵੰਬਰ ਤੱਕ ਯੂਨੀਵਰਸਿਟੀ ਕੈਂਪਸ ਨੂੰ ਖੋਲ੍ਹਣ ਦਾ ਕੋਈ ਲਿਖਤੀ ਰੋਡ ਮੈਪ ਜਾਰੀ ਨਹੀਂ ਕਰਦਾ ਤਾਂ 9 ਨਵੰਬਰ ਦਿਨ ਸੋਮਵਾਰ ਨੂੰ ਵਿਦਿਆਰਥੀ ਇਸਨੂੰ ਆਪਣੇ ਪੱਧਰ ‘ਤੇ ਖੋਲ੍ਹਣਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.