ਬਠਿੰਡਾ (ਅਸ਼ੋਕ ਵਰਮਾ)। ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ ਸਮਾਜ ਸੇਵਾ ਦੇ ਕਾਰਜ ਕਰਦਿਆਂ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜ਼ੂਦ ਦੋਵਾਂ ਭਰਾਵਾਂ ‘ਚ ਮਨੁੱਖਤਾ ਪ੍ਰਤੀ ਦਰਦ ਰਤਾ ਵੀ ਨਹੀਂ ਘਟਿਆ ਹੈ ਦੋਵਾਂ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜ੍ਹਿਆ ਹੈ, ਉਸ ‘ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁੱਰਅਤ ਨਹੀਂ ਪੈਂਦੀ ਹੈ ਸਹਾਰਾ ਜਨ ਸੇਵਾ ਦੇ ਵਰਕਰ ਵਜੋਂ ਪਿਛਲੇ ਲੰਮੇÎ ਸਮੇਂ ਤੋਂ ਸੜਕ ਹਾਦਸਿਆਂ ‘ਚ ਪੀੜਤ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਦੋਵਾਂ ਭਰਾਵਾਂ ਦੀ ਜਿੰਦਗੀ ਦਾ ਇੱਕ ਅੰਗ ਬਣ ਗਿਆ ਹੈ ਇਵੇਂ ਹੀ ਉਨ੍ਹਾਂ ਵੱਲੋਂ ਬੇਸਹਾਰਾ ਲੋਕਾਂ ਦੀਆਂ ਸੈਂਕੜੇ ਲਾਸ਼ਾਂ ਦਾ ਸਨਮਾਨਪੂਰਵਕ ਅੰਤਮ ਸਸਕਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਖਜ਼ਾਨਾ ਅਫਸਰ ਸ਼ਰਾਬ ਪੀ ਕੇ ਪਹੁੰਚਿਆ ਦਫਤਰ, ਸਰਕਾਰ ਨੇ ਕੀਤਾ ਮੁਅੱਤਲ
ਹੈਰਾਨਕੁੰਨ ਪਹਿਲੂ ਹੈ ਕਿ ਜਦੋਂ ਲੋਕ ਕਿਸੇ ਆਪਣੇ ਦੀ ਮੌਤ ‘ਤੇ ਲਾਸ਼ ਦੇ ਨੇੜੇ ਨਹੀਂ ਢੁੱਕਦੇ ਪਰ ਇਨ੍ਹਾਂ ਨੇ ਗਲੀਆਂ-ਸੜੀਆਂ ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਕੇ ਦੁਨੀਆਂ ਵਿਚ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਹੁਣ ਤਾਂ ਸ਼ਹਿਰ ਵਾਸੀ ਵੀ ਆਖਣ ਲੱਗੇ ਹਨ ਕਿ ਇਨ੍ਹਾਂ ਦਾ ਜਨਮ ਹੀ ਲੋਕ ਸੇਵਾ ਲਈ ਹੋਇਆ ਹੈ ਟੇਕ ਚੰਦ ਅਤੇ ਜੱਗਾ ਸਿੰਘ ਦਾ ਤੀਸਰਾ ਭਾਈ ਰਾਮ ਸਿੰਘ ਵੀ ਸਹਾਰਾ ਜਨ ਸੇਵਾ ਨਾਲ ਜੁੜਿਆ ਹੋਇਆ ਸੀ। ਆਪਣੇ ਸੇਵਾ ਕਾਰਜ ਦੌਰਾਨ 14 ਦਸੰਬਰ 2016 ਨੂੰ ਰਾਮ ਸਿੰਘ ਨੂੰ ਮੌਤ ਨੇ ਉਸ ਵਕਤ ਕਲਾਵੇ ‘ਚ ਲੈ ਲਿਆ ਜਦੋਂ ਉਹ ਮਾਨਸਾ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਣ ਲਈ ਚੁੱਕ ਰਿਹਾ ਸੀ ਉਸ ਰਾਤ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਰਾਮ ਸਿੰਘ ਨੇ ਦੋ ਜ਼ਖ਼ਮੀ ਐਂਬੂਲੈਂਸ ‘ਚ ਪਾ ਲਏ।
ਪਰ ਜਦ ਉਹ ਤੀਸਰੇ ਨੂੰ ਹਾਲੇ ਚੁੱਕਣ ਹੀ ਲੱਗਾ ਸੀ ਤਾਂ ਤੇਜ ਰਫਤਾਰ ਵਾਹਨ ਨੇ ਰਾਮ ਸਿੰਘ ਨੂੰ ਲਪੇਟ ‘ਚ ਲੈ ਲਿਆ ਕੋਸ਼ਿਸ਼ਾਂ ਦੇ ਬਾਵਜ਼ੂਦ ਰਾਮ ਸਿੰਘ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਤ ਵੀ ਸਮਾਜਸੇਵਾ ਨੂੰ ਸਮਰਪਿਤ ਹੋ ਗਈ ਸਹਾਰਾ ਜਨ ਸੇਵਾ ਅਤੇ ਬਠਿੰਡਾ ਵਾਸੀਆਂ ਵੱਲੋਂ ਰਾਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ ਤੇ ਉਸ ਦੀ ਯਾਦ ‘ਚ ਸਹਾਰਾ ਵਰਕਰ ਹਰ ਵਰ੍ਹੇ ਖੂਨਦਾਨ ਕੈਂਪ ਲਾ ਕੇ ਸਮਾਜਿਕ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਕਰਨ ਦਾ ਪ੍ਰਣ ਕਰਦੇ ਹਨ ਭਰਾ ਤੁਰ ਜਾਣ ਉਪਰੰਤ ਵੀ ਉਹ ਡੋਲੇ ਨਹੀਂ ਅਤੇ ਸੇਵਾ ਕਾਰਜਾਂ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਪਰਿਵਾਰ ਦਾ ਇਸ ਰਾਹ ‘ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ ਟੇਕ ਚੰਦ ਦੇ ਪਿਤਾ ਬਠਿੰਡਾ ਦੇ ਸ਼ਮਸ਼ਾਨਘਾਟ ‘ਚ ਰਹਿੰਦੇ ਸਨ ਤੇ ਉੱਥੋਂ ਦੀ ਬਗੀਚੀ ‘ਚ ਸਬਜ਼ੀਆਂ ਵਗੈਰਾ ਲਾਉਣ ਦਾ ਕੰਮ ਕਰਦੇ ਸਨ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਤੇ ਲੱਖੋਵਾਲ ਨੇ ਕੀਤਾ ਦੇਵੀਗੜ੍ਹ ਦੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ
ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਉਹ ਅਕਸਰ ਕਿਸੇ ਨਾ ਕਿਸੇ ਲਾਸ਼ ਦੇ ਸਸਕਾਰ ਲਈ ਸ਼ਮਸ਼ਾਨਘਾਟ ਜਾਂਦੇ ਰਹਿੰਦੇ ਸਨ ਇਸੇ ਦੌਰਾਨ ਤਿੰਨਾਂ ਭਰਾਵਾਂ ਦੀ ਉਨ੍ਹਾਂ ਨਾਲ ਕਾਫੀ ਨਜ਼ਦੀਕੀ ਬਣ ਗਈ ਅਤੇ ਉਨ੍ਹਾਂ ਨੇ ਸਹਾਰਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾ ਦਿੱਤੀ ਹੈ ਸ੍ਰੀ ਗੋਇਲ ਨੇ ਦੱਸਿਆ ਕਿ ਉਦੋਂ ਤੋਂ ਹੁਣ ਤੱਕ ਇਹ ਸਫਰ ਜਾਰੀ ਹੈ ਤੇ ਹੁਣ ਤਾਂ ਇੰਜ ਜਾਪਣ ਲੱਗਾ ਹੈ ਕਿ ਇਹ ਲੋਕਾਂ ਦੀ ਸੇਵਾ ਲਈ ਹੀ ਜਨਮੇ ਹਨ।
ਸ਼ਰਾਬ ਪੀ ਕੇ ਡਰਾਈਵਿੰਗ ਮੌਤ ਨੂੰ ਸੱਦਾ | Social Service
ਸਹਾਰਾ ਵਲੰਟੀਅਰ ਜੱਗਾ ਸਿੰਘ ਦਾ ਕਹਿਣਾ ਸੀ ਕਿ ਉਹ ਕਿਸੇ ‘ਤੇ ਅਹਿਸਾਨ ਨਹੀਂ ਸਿਰਫ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ ਉਨ੍ਹਾਂ ਆਖਿਆ ਕਿ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਘਟਾਈ ਜਾ ਸਕਦੀ ਹੈ ਉਨ੍ਹਾਂ ਆਮ ਲੋਕਾਂ ਨੂੰ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਅਪੀਲ ਵੀ ਕੀਤੀ।
ਲੋਕਾਂ ਦੀ ਸੇਵਾ ਮਿਸ਼ਨ ਬਣਿਆ : ਟੇਕ ਚੰਦ | Social Service
ਸਹਾਰਾ ਜਨ ਸੇਵਾ ਦੇ ਵਰਕਰ ਟੇਕ ਚੰਦ ਦਾ ਕਹਿਣਾ ਸੀ ਕਿ ਸਹਾਰਾ ਦੇ ਪ੍ਰਧਾਨ ਵਿਜੈ ਗੋਇਲ ਨੂੰ ਦੇਖਦਿਆਂ ਉਨ੍ਹਾਂ ਨੇ ਪੀੜਤ ਅਤੇ ਦੀਨ-ਦੁਖੀਆਂ ਦੀ ਮੱਦਦ ਕਰਨ ਦਾ ਮਨ ਬਣਾ ਲਿਆ ਸੀ ਇਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ ਤੇ ਆਮ ਲੋਕਾਂ, ਹਾਦਸਾ ਪੀੜਤਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਿਸ਼ਨ ਬਣ ਗਿਆ ਹੈ ਉਨ੍ਹਾਂ ਦੱਸਿਆ ਕਿ ਸਹਾਰਾ ਵਲੰਟੀਅਰ ਸ਼ਹਿਰ ‘ਚ ਨਜ਼ਰ ਰੱਖਦੇ ਹਨ ਤੇ ਜਿੱਥੇ ਜਰੂਰਤ ਹੁੰਦੀ ਹੈ ਫੌਰੀ ਤੌਰ ‘ਤੇ ਪੁੱਜਿਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਹਸਪਤਾਲ ਤੇ ਪੁਲਿਸ ਵੀ ਸਹਾਰਾ ਵਲੰਟੀਅਰਾਂ ਨਾਲ ਸੰਪਰਕ ਕਰਦੇ ਹਨ ਤਾਂ ਜੋ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ
ਲੋਕ ਪੱਖੀ ਕਾਰਜਾਂ ਤੋਂ ਕਾਇਲ ਹਾਂ : ਮੇਅਰ | Social Service
ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਸੀ ਕਿ ਸਹਾਰਾ ਜਨ ਸੇਵਾ ਦੀ ਅਗਵਾਈ ਹੇਠ ਇੰਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਦੌਰਾਨ ਤਾਂ ਇਨ੍ਹਾਂ ਨੇ ਲਾਮਿਸਾਲ ਦਲੇਰੀ ਦਿਖਾਉਂਦਿਆਂ ਖਤਰਨਾਕ ਕਿਸਮ ਦੇ ਢੱਠਿਆਂ ਨੂੰ ਕਾਬੂ ਕੀਤਾ ਸੀ ਜਿਸ ਤੋਂ ਉਹ ਇਨ੍ਹਾਂ ਦੇ ਬਹੁਤ ਕਾਇਲ ਹੋਏ ਸਨ।