ਠੰਢ, ਬਰਸਾਤ ਦੇ ਬਾਵਜੂਦ ਬੀਡੀਪੀਓ ਖਿਲਾਫ ਪੱਕਾ ਧਰਨਾ ਜਾਰੀ

Protest Sachkahoon

ਠੰਢ, ਬਰਸਾਤ ਦੇ ਬਾਵਜੂਦ ਬੀਡੀਪੀਓ ਖਿਲਾਫ ਪੱਕਾ ਧਰਨਾ ਜਾਰੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਅੱਜ ਕੜਾਕੇ ਦੀ ਠੰਢ ਅਤੇ ਬਰਸਾਤ ਵਿੱਚ ਵੀ ਮਨਰੇਗਾ ਮਜ਼ਦੂਰਾਂ ਵੱਲੋਂ ਨਾਭਾ ਬੀਡੀਪੀਓ ਖਿਲਾਫ ਰੋਸ਼ ਮੁਜਾਹਰਾ ਜਾਰੀ ਰੱਖਿਆ ਗਿਆ ਅਤੇ ਇੱਕ ਹੋਰ ਪਿੰਡ ਨੇ ਅਧਿਕਾਰੀਆਂ ਉੱਪਰ ਕਾਨੂੰਨ ਨੂੰ ਛਿੱਕੇ ਟੰਗਣ ਦੇ ਦੋਸ਼ ਲਾਉਂਦੇ ਹੋਏ ਸੰਯੁਕਤ ਵਿਕਾਸ ਕਮਿਸ਼ਨਰ ਦੇ ਨਾਮ ਚਿੱਠੀ ਬੀਡੀਪੀਓ ਨਾਭਾ ਰਾਹੀਂ ਹੀ ਭੇਜੀ। ਥੂਹਾ ਪੱਤੀ ਪਿੰਡ ਥੂਹੀ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਮੰਗ ਅਨੁਸਾਰ ਕੰਮ ਮੁਹੱਈਆ ਨਹੀਂ ਕਰਵਾਇਆ ਗਿਆ ਪਰ ਪਿੰਡ ਦੇ ਰਸੂਖਦਾਰਾਂ ਦੇ ਘਰਦੇ ਘਰ ਬੈਠੇ ਜਰੂਰ ਮਨਰੇਗਾ ’ਚੋਂ ਦਿਹਾੜੀ ਲੈ ਰਹੇ ਹਨ।

ਡੈਮੋਕਰੇਟਿਕ ਮਨਰੇਗਾ ਫਰੰਟ ਦੇ ਬਲਾਕ ਪ੍ਰਧਾਨ ਕੁਲਵੰਤ ਕੌਰ ਥੂਹੀ ਨੇ ਕਿਹਾ ਕਿ ਜਿੱਥੇ ਉਹ ਮੌਕੇ ਦੀਆਂ ਸਰਕਾਰਾਂ ਕੋਲੋਂ ਨਿਰਾਸ਼ ਹਨ, ਉਥੇ ਹੀ ਵਿਰੋਧੀ ਧਿਰ ਦੇ ਆਗੂ ਵੀ ਉਨ੍ਹਾਂ ਦੇ ਮਨੋ ਉਤਰ ਗਏ ਹਨ। ਕੋਈ ਵੀ ਪਾਰਟੀ ਲੋਕਾਂ ਦੇ ਕਾਨੂੰਨੀ ਹੱਕਾਂ ਲਈ ਆਵਾਜ਼ ਨਹੀਂ ਚੁੱਕ ਰਹੀ, ਬੱਸ ਖੈਰਾਤ ਵੰਡ ਵੋਟਾਂ ਲੈਣ ਤੱਕ ਜ਼ੋਰ ਲਗਾ ਰੱਖਿਆ ਹੈ। ਫਰੰਟ ਦੇ ਸੂਬਾਈ ਆਗੂ ਰਾਜ ਕੌਰ ਥੂਹੀ, ਹਰਪਾਲ ਕੌਰ ਲੁਬਾਣਾ, ਰਣਜੀਤ ਸਿੰਘ ਸਿੰਬੜੋ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਆਪਸ ’ਚ ਲੜਾ ਕੇ ਇਸ ਵਿਸ਼ੇ ਵੱਲ ਧਿਆਨ ਹੀ ਜਾਣ ਨਹੀਂ ਦਿੱਤਾ। ਜ਼ਿਕਯੋਗ ਹੈ ਕਿ ਧਰਨੇ ਦੇ ਦੂਜੇ ਦਿਨ ਨਾਭਾ ਬੀਡੀਪੀਓ ਪ੍ਰਵੇਸ਼ ਗੋਇਲ ਦੀ ਬਦਲੀ ਤਾਂ ਹੋ ਗਈ ਪਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਕਿਤਾਬ ਦੇ ਕਾਨੂੰਨ ਅਤੇ ਕੋਠੀ ਦੇ ਹੁਕਮ ’ਚੋਂ ਕਾਨੂੰਨ ਦੇ ਲਾਗੂ ਹੋਣ ਦੀ ਅਜੇ ਵੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ