ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪਿਛਲੀ 20 ਅਪਰੈਲ ਨੂੰ ਰੇਲਵੇ ਸਟੇਸ਼ਨ ਸੰਗਰੂਰ ਤੋਂ ਇੱਕ ਡੇਢ ਸਾਲਾ ਬੱਚੀ ਸਮੇਤ ਮਿਲੀ ਮੰਦਬੁੱਧੀ ਔਰਤ ਨੂੰ ਇੱਕ ਹਫ਼ਤੇ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ। ਇਸ ਔਰਤ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਲਈ ਡੇਰਾ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ’ਤੇ ਯਤਨ ਕੀਤੇ ਗਏ ਸਨ, ਜਿਸ ਪਿੱਛੋਂ ਇਹ ਔਰਤ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ ਨੂੰ ਰਵਾਨਾ ਹੋ ਗਈ। (Welfare Work)
ਮੰਦਬੁੱਧੀ ਔਰਤ ਬੱਚੀ ਸਮੇਤ ਪੱਛਮੀ ਬੰਗਾਲ ਤੋਂ ਸੰਗਰੂਰ ਆ ਗਈ ਸੀ | Welfare Work
ਇਹ ਔਰਤ ਆਪਣੇ ਘਰ ਪੱਛਮੀ ਬੰਗਾਲ ਤੋਂ 1700 ਕਿਲੋਮੀਟਰ ਦੂਰ ਸੰਗਰੂਰ ਪਹੁੰਚ ਗਈ ਸੀ। ਬੀਤੇ ਦਿਨੀਂ ਡੇਰਾ ਸ਼ਰਧਾਲੂਆਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਮੰਦਬੁੱਧੀ ਔਰਤ, ਜਿਸ ਕੋਲ ਇੱਕ ਡੇਢ ਸਾਲ ਦੀ ਬੱਚੀ ਵੀ ਹੈ, ਫਟੇ ਕੱਪੜਿਆਂ ਨਾਲ ਰੇਲਵੇ ਸਟੇਸ਼ਨ ਸੰਗਰੂਰ ਘੁੰਮ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਸੇਵਾਦਾਰ ਭੈਣਾਂ ਹਰਦੇਵ ਇੰਸਾਂ, ਕਿਰਨ ਇੰਸਾਂ, ਸੁਸ਼ਮਾ ਇੰਸਾਂ ਨੂੰ ਨਾਲ ਲੈ ਕੇ ਉਸ ਔਰਤ ਨੂੰ ਸਮੇਤ ਬੱਚੀ ਦੇ ਸੰਭਾਲਿਆ ਅਤੇ ਉਸ ਨੂੰ ਪ੍ਰੇਰ ਕੇ ਘਰ ਲੈ ਕੇ ਗਏ ਜਿੱਥੇ ਉਸ ਦੇ ਸਾਰੇ ਕੱਪੜੇ ਬਦਲਾ ਕੇ ਨਵੇਂ ਕੱਪੜੇ ਪਹਿਨਾਏ। ਖੁਆਉਣ-ਪਿਆਉਣ ਤੋਂ ਬਾਅਦ ਉਸ ਕੋਲੋਂ ਉਸਦਾ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਰੋਮਿਚਾ ਦੱਸਿਆ। ਇਸ ਤੋਂ ਵੱਧ ਉਹ ਹੋਰ ਕੁਝ ਦੱਸ ਨਾ ਸਕੀ , ਜਿਸ ਕਰਕੇ ਇਸ ਸਬੰਧੀ ਥਾਣਾ ਇਤਲਾਹ ਕਰਕੇ, ਸਥਾਨਕ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਤੇ ਉਸ ਨੂੰ ਅਤੇ ਬੱਚੇ ਦੀ ਸੰਭਾਲ ਲਈ ਪਿੰਗਲਵਾੜਾ ਸੁਸਾਇਟੀ ਸੰਗਰੂਰ ਵਿਖੇ ਦਾਖ਼ਲ ਕਰਵਾਇਆ।
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ : ਮਾਤਾ
ਉਕਤ ਔਰਤ ਦੀ ਭਾਸ਼ਾ ਬੰਗਾਲੀ ਸੀ, ਜਿਸ ਕਾਰਨ ਉਨ੍ਹਾਂ ਨੇ ਬੰਗਾਲੀ ਬੋਲਣ ਵਾਲੇ ਇੱਕ ਵਿਅਕਤੀ ਦਾ ਪ੍ਰਬੰਧ ਕੀਤਾ ਤਾਂ ਉਸਦਾ ਰਿਹਾਇਸ਼ੀ ਪਤਾ ਹਾਸਲ ਹੋਇਆ, ਜਿਸ ਸਬੰਧੀ ਥਾਣਾ ਜੀਵਨਤਲਾ (ਵੈਸਟ ਬੰਗਾਲ) ਦੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲ ਇਸ ਮੰਦਬੁੱਧੀ ਔਰਤ ਦਾ ਪਤਾ ਭੇਜਿਆ। ਲੋਕਲ ਪੁਲਿਸ ਨਾਲ ਸੰਪਰਕ ਕਰਨ ’ਤੇ ਮੰਦਬੁੱਧੀ ਔਰਤ ਦੇ ਪਰਿਵਾਰ ਨਾਲ ਮੋਬਾਇਲ ’ਤੇ ਗੱਲ ਕਰਵਾਈ ਅਤੇ ਉਨ੍ਹਾਂ ਨੂੰ ਸੰਗਰੂਰ ਦੇ ਪਿੰਗਲਵਾੜਾ ਸੁਸਾਇਟੀ ਬਾਰੇ ਦੱਸਿਆ। ਜੋ ਲਗਾਤਾਰ ਫੋਨ ’ਤੇ ਸੰਪਰਕ ਕਰਕੇ ਅੱਜ ਸੰਗਰੂਰ ਪੁੱਜੇ।
ਪਰਿਵਾਰ ਦਾ ਨਾ ਰਿਹਾ ਖੁਸ਼ੀ ਦਾ ਟਿਕਾਣਾ | Welfare Work
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਗਰਾਜ ਸਿੰਘ ਇੰਸਾਂ ਰਿਟਾ: ਇੰਸਪੈਕਟਰ ਪੰਜਾਬ ਪੁਲਿਸ ਨੇ ਦੱਸਿਆ ਕਿ ਅੱਜ ਉਕਤ ਔਰਤ ਨੂੰ ਸੰਗਰੂਰ ਲੈਣ ਪੁੱਜੇ, ਉਸ ਦੀ ਮਾਤਾ ਮਾਲਾ ਅਤੇ ਅਸਮਤ ਨੇ ਦੱਸਿਆ ਕਿ ਸਾਡੀ ਲੜਕੀ ਰੋਮਿਚਾ ਕਰੀਬ ਪੰਦਰਾਂ-ਵੀਹ ਦਿਨ ਪਹਿਲਾਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਘਰੋਂ ਲਾਪਤਾ ਹੋ ਗਈ ਜੋ ਕਿ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਆਪਣੇ ਪੇਕੇ ਘਰ ਰਹਿੰਦੀ ਹੈ ਅਤੇ ਲਾਪਤਾ ਹੋਣ ਵੇਲੇ ਇਸ ਕੋਲ ਡੇਢ ਸਾਲ ਦੀ ਇਸਦੀ ਲੜਕੀ ਵੀ ਸੀ। ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਮਾਵਾਂ-ਧੀਆਂ ਦੀ ਕਾਫ਼ੀ ਭਾਲ ਕੀਤੀ ਸੀ ਪਰ ਕਿਧਰੇ ਪਤਾ ਨਹੀਂ ਸੀ ਲੱਗ ਰਿਹਾ ਪਰ ਫਿਰ ਅਚਾਨਕ ਸਥਾਨਕ ਪੁਲਿਸ ਤੋਂ ਸੂਚਨਾ ਮਿਲਣ ’ਤੇ ਪਤਾ ਲੱਗਿਆ ਕਿ ਪੰਜਾਬ ਦੇ ਸ਼ਹਿਰ ਸੰਗਰੂਰ ਇਹ ਦੋਵੇਂ ਮਾਵਾਂ-ਧੀਆਂ ਸੁਰੱਖਿਅਤ ਹਨ।
ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਵਧ-ਚੜ੍ਹ ਕੇ ਕਰ ਰਹੇ ਹਨ ਅਤੇ ਉਨ੍ਹਾਂ ਇਸ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਅੱਜ ਰੋਮਿਚਾ ਨੂੰ ਸਮੇਤ ਉਸ ਦੀ ਬੇਟੀ ਦੇ ਰਵਾਨਾ ਕਰਨ ਸਮੇਂ ਪਿੰਗਲਵਾੜਾ ਸੁਸਾਇਟੀ ਸੰਗਰੂਰ ਦੇ ਸਮੂਹ ਪ੍ਰਬੰਧਕ ਅਤੇ ਸਟਾਫ਼ ਮੈਂਬਰ ਤੋਂ ਇਲਾਵਾ ਡੇਰਾ ਸ਼ਰਧਾਲੂ ਨਾਹਰ ਸਿੰਘ ਕਾਲਾ, ਪ੍ਰਦੀਪ ਕੁਮਾਰ, ਵਿਵੇਕ ਸ਼ੰਟੀ, ਸ਼ਨੀ ਗੋਰੂ, ਦਿਕਸ਼ਾਂਤ, ਮਾਸਟਰ ਸਮਸ਼ੇਰ ਸਿੰਘ, ਧਰੁਵ ਤੋਂ ਇਲਾਵਾ ਹੋਰ ਵੀ ਡੇਰਾ ਸ਼ਰਧਾਲੂ ਮੌਜ਼ੂਦ ਸਨ।
ਮੰਦਬੁੱਧੀ ਨੇ ਪਰਿਵਾਰ ਨਾਲ ਮਿਲਣ ਸਮੇਂ ਆਪਣੀ ਮਾਂ-ਬੋਲੀ ’ਚ ਖੁਸ਼ੀ ’ਚ ਗੀਤ ਗਾਇਆ
ਅੱਜ ਆਪਣੇ ਪਰਿਵਾਰ ਨੂੰ ਮਿਲ ਕੇ ਅਥਾਹ ਖੁਸ਼ ਹੋਈ ਰੋਮਿਚਾ ਨੇ ਖੁਸ਼ੀ ਵਿੱਚ ਗਾਣਾ ਗਾਇਆ। ਪਿਛਲੇ ਕਈ ਦਿਨਾਂ ਤੋਂ ਆਪਣੇ ਪਰਿਵਾਰ ਨਾਲੋਂ ਵਿੱਛੜ ਕੇ ਪ੍ਰੇਸ਼ਾਨ ਤੇ ਨਿਰਾਸ਼ ਰੋਮਿਚਾ ਨੂੰ ਉਸ ਵੇਲੇ ਅਥਾਹ ਖੁਸ਼ੀ ਮਿਲੀ, ਜਦੋਂ ਉਸ ਦੀ ਮਾਂ ਅਤੇ ਉਸਦਾ ਪਰਿਵਾਰਕ ਮੈਂਬਰ ਉਸ ਨੂੰ ਲੈਣ ਪਿੰਗਲਵਾੜਾ ਪੁੱਜੇ। ਉਹ ਏਨੀ ਜ਼ਿਆਦਾ ਖੁਸ਼ ਸੀ ਕਿ ਉਸ ਨੇ ਆਪਣੀ ਮਾਂ-ਬੋਲੀ ਬੰਗਾਲੀ ਵਿੱਚ ਖੁਸ਼ੀ ਦਾ ਗੀਤ ਵੀ ਗਾਇਆ, ਜਿਹੜੀ ਸਹਿਜੇ ਹੀ ਉਸਦੇ ਚਿਹਰੇ ਤੋਂ ਝਲਕ ਰਹੀ ਸੀ।