ਮਾਲੇਰਕੋਟਲਾ ’ਚ ਸ਼ਿਵ ਮੰਦਿਰ ’ਚ ਪਈਆਂ ਮੂਰਤੀਆਂ ਦੀ ਭੰਨ ਤੋੜ

Malerkotla Shiv Temple Sachkahoon

ਸ਼ਿਵ ਭਗਤ ਆਏ ਰੋਹ ’ਚ, ਧਰਨਾ ਪ੍ਰਦਰਸ਼ਨ ਕੀਤਾ ਸ਼ੁਰੂ

  • ਜੇਕਰ ਦੋਸ਼ੀ ਨਾ ਗ੍ਰਿਫ਼ਤਾਰ ਹੋਏ ਤਾਂ ਅਸੀਂ ਕਰਾਂਗੇ ਸੰਘਰਸ਼ : ਥਾਪਰ

ਗੁਰਤੇਜ ਜੋਸ਼ੀ, ਮਾਲੇਰਕੋਟਲਾ। ਨੇੜਲੇ ਪਿੰਡ ਸਰੌਦ ਵਿਖੇ ਪਿੰਡ ਦੇ ਬਾਹਰ ਬਣੇ ਇੱਕ ਸ਼ਿਵ ਮੰਦਿਰ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੀਤੀ ਰਾਤ ਸ਼ਿਵ ਮੰਦਿਰ ਅੰਦਰ ਵੜ ਕੇ ਮੂਰਤੀਆਂ ਦੀ ਭੰਨ ਤੋੜ ਕੀਤੀ ਗਈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਤੋਂ ਸ਼ਿਵ ਭਗਤ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਧਰਨਾ ਸ਼ੁਰੂ ਕਰ ਦਿੱਤਾ। ਦੂਸਰੇ ਪਾਸੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮਾਲੇਰਕੋਟਲਾ ਦੇ ਐਸ ਪੀ ਅਮਨਦੀਪ ਸਿੰਘ ਬਰਾੜ ਆਪਣੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਭਾਜਪਾ ਮਾਲੇਰਕੋਟਲਾ ਦੇ ਦੋਵੇਂ ਮੰਡਲ ਪ੍ਰਧਾਨਾਂ ਅਮਨ ਥਾਪਰ ਅਤੇ ਦਵਿੰਦਰ ਸਿੰਗਲਾ ਬੌਬੀ ਸਮੇਤ ਵੱਡੀ ਗਿਣਤੀ ’ਚ ਹਿੰਦੂ ਸਮਾਜ ਦੇ ਮੌਜੂਦ ਲੋਕਾਂ ਵੱਲੋਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਗਈ। ਗੱਲਬਾਤ ਦੌਰਾਨ ਅਮਨ ਥਾਪਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਪਿੰਡ ਸਰੌਦ ਤੇ ਮੰਡਿਆਲਾ ਰੋਡ ’ਤੇ ਸਥਿਤ ਭਗਵਾਨ ਸ਼ਿਵ ਦੇ ਮੰਦਿਰ ’ਚ ਪਈਆਂ ਭਗਵਾਨ ਸ਼ਿਵ ਅਤੇ ਨੰਦੀ ਦੀਆਂ ਮੂਰਤੀਆਂ ਦੀ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਫੋੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕੋਈ ਰਾਜਸੀ ਪਾਰਟੀ ਦਾ ਹੱਥ ਹੋ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਸ ਪਿੱਛੇ ਕੋਈ ਵੱਡਾ ਫਸਾਦ ਕਰਵਾਉਣ ਦੀ ਸਾਜਿਸ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਈਚਾਰੇ ਵੱਲੋਂ ਪੁਲਿਸ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਆਉਣ ਵਾਲੇ ਇੱਕ ਦੋ ਦਿਨਾਂ ’ਚ ਗਿ੍ਰਫਤਾਰੀਆਂ ਨਾ ਹੋਈਆਂ ਤਾਂ ਸੰਘਰਸ਼ ਸੂਬਾ ਪੱਧਰੀ ਹੋਵੇਗਾ।ਇਸ ਮੌਕੇ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਡੀਐਸਪੀਆਂ ਅਤੇ ਐਸਐਚਓਜ਼ ਸਮੇਤ ਵੱਡੀ ਗਿਣਤੀ ‘ਚ ਪੁਲਸ ਫੋਰਸ ਮੌਜੂਦ ਸੀ।

ਜਦੋਂ ਕਿ ਐਸ ਪੀ ਮਾਲੇਰਕੋਟਲਾ ਅਮਨਦੀਪ ਸਿੰਘ ਬਰਾੜ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਧਾਰਾਵਾਂ ਦਾ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਉਨ੍ਹਾਂ ਦੀ ਗਿ੍ਰਫਤਾਰੀ ਅਮਲ ’ਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।