ਤਲਵੰਡੀ ਸਾਬੋ ਪਾਵਰ ਪਲਾਂਟ ਦਾ ਇੱਕ ਯੂਨਿਟ 48 ਘੰਟਿਆਂ ’ਚ ਚੱਲਣ ਦੀ ਸੰਭਾਵਨਾ

Power Crisis Sachkahoon

ਪ੍ਰਬੰਧਕਾਂ ਨੇ ਕੀਤਾ ਦਾਅਵਾ, ਜੰਗੀ ਪੱਧਰ ’ਤੇ ਜੁਟੇ ਹੋਏ ਹਨ ਇੰਜੀਨੀਅਰ

ਸੁਖਜੀਤ ਮਾਨ, ਮਾਨਸਾ। ਵੇਦਾਂਤਾ ਸਮੂਹ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦੇ ਬੰਦ ਹੋਏ ਯੂਨਿਟਾਂ ਨੂੰ ਚਲਾਉਣ ਲਈ ਇੰਜੀਨੀਅਰ ਜੰਗੀ ਪੱਧਰ ’ਤੇ ਲੱਗੇ ਹੋਏ ਹਨ ਤੇ ਉਮੀਦ ਹੈ ਕਿ ਇੱਕ ਯੂਨਿਟ 48 ਘੰਟਿਆਂ ’ਚ ਚੱਲ ਪਵੇਗਾ ਇਹ ਦਾਅਵਾ ਅੱਜ ਟੀਐਸਪੀਐਲ ਅਧਿਕਾਰੀਆਂ ਵੱਲੋਂ ਜ਼ਾਰੀ ਕੀਤੇ ਗਏ ਬਿਆਨ ’ਚ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇੱਕ ਯੂਨਿਟ ਛੇਤੀ ਚੱਲਣ ਤੋਂ ਇਲਾਵਾ ਦੂਜਾ ਯੂਨਿਟ ਬਹਾਲ ਹੋਣ ’ਚ ਸਮਾਂ ਲੱਗ ਸਕਦਾ ਹੈ ਜਦੋਂਕਿ ਉਨ੍ਹਾਂ ਦਾ ਟੀਚਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਪਾਵਰ ਪਲਾਂਟ ਦੇ ਤਿੰਨੋਂ ਯੂਨਿਟ ਪੂਰੀ ਸਮਰੱਥਾ ਨਾਲ ਚੱਲਣੇ ਸ਼ੁਰੂ ਹੋ ਜਾਣ ਬੰਦ ਪਏ ਯੂਨਿਟ ਚਲਾਉਣ ਲਈ ਟੀਐਸਪੀਐਲ ਦੇ ਇੰਜੀਨੀਅਰਾਂ ਦੀ ਟੀਮ ਨਾਲ ਕੋਰੀਆ, ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ (ਭੇਲ), ਜਨਰਲ ਇਲੈਕਟ੍ਰਿਕ ਕੰਪਨੀ (ਜੀਈ) ਤੇ ਸੀਮੇਂਸ ਦੇ ਮਾਹਿਰ ਇੰਜੀਨੀਅਰ ਦਿਨ ਰਾਤ ਲੱਗੇ ਹੋਏ ਹਨ ਇਸ ਤੋਂ ਇਲਾਵਾ ਚੀਨ ਤੋਂ ਕੁੱਝ ਮਸ਼ੀਨੀ ਪੁਰਜ਼ੇ ਮੰਗਵਾਏ ਗਏ ਹਨ ਜੋ ਇੱਕ-ਦੋ ਦਿਨ ’ਚ ਹੀ ਪੁੱਜ ਜਾਣਗੇ ।

ਟੀਐਸਪੀਐਲ ਅਧਿਕਾਰੀਆਂ ਨੇ ਯੂਨਿਟਾਂ ’ਚ ਲਗਾਤਾਰ ਆ ਰਹੀ ਤਕਨੀਕੀ ਖਰਾਬੀ ਲਈ ਇੱਕ ਵੱਡਾ ਕਾਰਨ ਕੋਇਲੇ ਦੀਆਂ ਬੰਦਸ਼ਾਂ ਨੂੰ ਵੀ ਦੱਸਿਆ ਹੈ ਕਿ ਭਾਰਤ ਦੀਆਂ ਵੱਖ-ਵੱਖ ਕੋਲਾ ਖਾਣਾਂ ’ਚ ਇਸ ਵੇਲੇ ਮਿਲ ਰਹੇ ਕੋਲੇ ਦੀ ਗੁਣਵਤਾ ਅਜਿਹੀ ਨਹੀਂ ਹੈ ਕਿ ਉਹ ਨਿਰਯਾਤ ਕੀਤੇ ਗਏ ਬਿਹਤਰ ਕੋਲੇ ਦਾ ਬਦਲ ਬਣ ਸਕੇ ਉਨ੍ਹਾਂ ਦੱਸਿਆ ਕਿ ਕੋਲੇ ਲਈ ਹਾਲਾਂਕਿ ਪੀਐਸਪੀਸੀਐਲ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਇਸਦੇ ਬਾਵਜੂਦ ਟੀਐਸਪੀਐਲ ਨੂੰ ਪੂਰੀ ਮਾਤਰਾ ’ਚ ਘੱਟ ਰਾਖ ਵਾਲਾ ਕੋਲਾ ਨਹੀਂ ਮਿਲ ਰਿਹਾ ਜਿਸਦੇ ਸਿੱਟੇ ਵਜੋਂ ਜ਼ਿਆਦਾ ਰਾਖ ਵਾਲੇ ਕੋਲੇ ਦੀ ਵਜ੍ਹਾ ਕਾਰਨ ਬਿਜਲੀ ਪੈਦਾ ਕਰਨ ਵਾਲੀਆਂ ਇਕਾਈਆਂ ’ਚ ਖਰਾਬੀ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।