(ਮਨਦੀਪ ਕੌਰ) ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਸੋਮਵਾਰ ਨੂੰ ਇੱਕ ਵਿਅਕਤੀ ਪਰਦੀਪ ਕੁਮਾਰ, ਵਾਸੀ ਖਲਵਾੜਾ ਕਾਲੋਨੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੂੰ ਤਹਿਸੀਲਦਾਰ ਅਤੇ ਮੈਨੇਜਰ ਫਰਦ ਕੇਂਦਰ ਫਗਵਾੜਾ ਦੇ ਨਾਮ ’ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। Bribe
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਹਿਸੀਲ ਫਗਵਾੜਾ ਦੇ ਪਿੰਡ ਮਾਧੋਪੁਰ ਦੇ ਵਸਨੀਕ ਮਨਜੀਤ ਸਿੰਘ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸਦੀ ਪਤਨੀ ਨੇ ਜੱਦੀ ਜ਼ਮੀਨ ਦੇ ਵਿਰਾਸਤੀ ਇੰਤਕਾਲ ਸਬੰਧੀ ਇੱਕ ਦਰਖਾਸਤ ਤਹਿਸੀਲਦਾਰ ਨੂੰ ਦਿੱਤੀ ਹੈ ਜਿਸ ਨੇ ਉਹ ਅਰਜ਼ੀ ਸਬੰਧਤ ਪਟਵਾਰੀ ਨੂੰ ਭੇਜ ਦਿੱਤੀ ਹੈ ਪਰ ਉਪਰੋਕਤ ਮੁਲਜ਼ਮ ਇੱਸ ਕੇਸ ਵਿੱਚ ਇੱਕ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਕਿਉਂਕਿ ਉਸਨੇ ਸ਼ਿਕਾਇਤਕਰਤਾ ਨੂੰ ਕੰਮ ਨੇਪਰੇ ਚਾੜ੍ਹਨ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਇਸ ਸਬੰਧੀ ਤਹਿਸੀਲਦਾਰ ਅਤੇ ਫਰਦ ਕੇਂਦਰ ਦਾ ਮੈਨੇਜਰ ਇੱਕ ਲੱਖ ਰੁਪਏ ਰਿਸ਼ਵਤ ਮੰਗ ਰਹੇ ਹਨ। ਸ਼ਿਕਾਇਤਕਰਤਾ ਨੇ ਉਪਰੋਕਤ ਮੁਲਜ਼ਮ ਵੱਲੋਂ ਪੈਸਿਆਂ ਦੀ ਮੰਗ ਕਰਦੇ ਸਮੇਂ ਅਵਾਜ ਦੀ ਰਿਕਾਰਡਿੰਗ ਵੀ ਕਰ ਲਈ ਜੋ ਕਿ ਉਸਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। Bribe
ਇਹ ਵੀ ਪੜ੍ਹੋ: ਦਰੱਖਤ ਨਾਲ ਬੰਨ ਕੇ ਨੌਜਵਾਨ ਨੂੰ ਦਿੱਤੇ ਤਸੀਹੇ, ਪੀਜੀਆਈ ਰੈਫਰ
ਇਸ ਸਬੰਧੀ ਵਿਜੀਲੈਂਸ ਰੇਂਜ ਜਲੰਧਰ ਨੇ ਸ਼ਿਕਾਇਤ ਦੀ ਪੜਤਾਲ ਕਰਕੇ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ਾਂ ਨੂੰ ਸਹੀ ਤੇ ਦਰੁੱਸਤ ਪਾਇਆ ਹੈ। ਇਸ ਰਿਪੋਰਟ ਦੇ ਆਧਾਰ ’ਤੇ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।