ਦਿੱਲੀ-ਜੰਮੂ-ਕੱਟੜਾ ਨੈਸ਼ਨਲ ਹਾਈਵੇਜ਼ ਦੀਆਂ ਮੁੱਢਲੀਆਂ ਤਿਆਰੀਆਂ ਨੂੰ ਬਰੇਕਾਂ ਪੈਣ ਦੀ ਸੰਭਾਵਨਾ

ਕਿਸਾਨਾਂ ਨੇ ਰੋਸ ਪ੍ਰਗਟਾਉਣਾ ਕੀਤਾ ਸ਼ੁਰੂ

ਸੰਗਰੂਰ, (ਗੁਰਪ੍ਰੀਤ ਸਿੰਘ) ਦੇਸ਼ ਵਿੱਚ ਬਣੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਨ੍ਹਾਂ ਪ੍ਰਦਰਸ਼ਨਾਂ ਦੇ ਚਲਦਿਆਂ ਕੇਂਦਰ ਵੱਲੋਂ ਬਣਾਏ ਜਾ ਰਹੇ ਵੱਡੇ ਪ੍ਰਾਜੈਕਟ ਦਿੱਲੀ ਜੰਮੂ ਕੱਟੜਾ ਨੈਸ਼ਨਲ ਹਾਈਵੇਜ਼ ‘ਤੇ ਤਲਵਾਰ ਲਟਕ ਸਕਦੀ ਹੈ ਕਿਉਂਕਿ ਖੇਤੀ ਕਾਨੂੰਨਾਂ ਦੇ ਚਲਦਿਆਂ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਕੇਂਦਰ ਨੂੰ ਦੇਣ ਦੇ ਮੂਡ ਵਿੱਚ ਨਹੀਂ ਲੱਗ ਰਹੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਹਾਲੇ ਤਾਈਂ ਕੋਈ ਭਾਅ ਮੁਕੱਰਰ ਨਹੀਂ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਸ ਹਾਈਵੇਜ਼ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਪਟਿਆਲਾ ਦੇ ਵੱਡੀ ਗਿਣਤੀ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ

ਧੂਰੀ ਬਲਾਕ ਦੇ ਸੋਲਾਂ ਪਿੰਡਾਂ ਦੇ ਕਿਸਾਨਾਂ ਨੇ ਇਕਸੁਰ ਹੁੰਦਿਆਂ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੀ ਤਾਂ ਗੱਲ ਕਰ ਰਹੀ ਹੈ ਪ੍ਰੰਤੂ ਜ਼ਮੀਨ ਦੀਆਂ ਕੀਮਤਾਂ ਬਾਰੇ ਕੋਈ ਵੀ ਖੁਲਾਸਾ ਨਹੀਂ ਕਰ ਰਹੀ ਜਿਸ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਹੜੱਪ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਜਾੜਨ ਦੇ ਮਨਸੂਬੇ ਤਿਆਰ ਕਰ ਰਹੀ ਹੈ

ਇਸ ਸਬੰਧੀ ਕਿਸਾਨਾਂ ਵੱਲੋਂ ਪਿੰਡ ਭਲਵਾਨ ਵਿਖੇ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਸੁਖਦੇਵ ਸਿੰਘ ਭਲਵਾਨ, ਜਗਦੇਵ ਸਿੰਘ ਭਸੌੜ, ਨਛੱਤਰ ਸਿੰਘ ਭੁੱਲਰਹੇੜੀ, ਰਿੰਕੂ ਸਿੰਘ ਭੁੱਲਰਹੇੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਨੇੜਿਓਂ ਲੰਘਣ ਵਾਲੇ ਦਿੱਲੀ ਕੱਟੜਾ ਨੈਸ਼ਨਲ ਹਾਈਵੇ ਲਈ ਉਨ੍ਹਾਂ ਦੇ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਕੌਡੀਆਂ ਦੇ ਭਾਅ ਹਥਿਆ ਕੇ ਉਨ੍ਹਾਂ ਦੇ ਪਰਿਵਾਰਾਂ ਦਾ ਆਰਥਿਕ ਉਜਾੜਾ ਕਰਨ ਦੀ ਸੰਭਾਵਨਾ ਹੈ ਕਿਸਾਨਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਜ਼ਮੀਰ ਨੂੰ ਧੱਕੇ ਨਾਲ ਐਕੁਆਇਰ ਕਰਨ ਦੀਆਂ ਪ੍ਰਕਿਰਿਆਵਾਂ ਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰੰਤੂ ਜ਼ਮੀਨ ਦੀਆਂ ਕੀਮਤਾਂ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਕਿਸਾਨਾਂ ਕਿਹਾ ਕਿ ਇੱਕ ਪਾਸੇ ਕਿਸਾਨ ਵਰਗ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਕਿਸਾਨ ਅੰਦੋਲਨਾਂ ਵਿੱਚ ਰੁੱਝਿਆ ਹੋਇਆ ਹੈ ਤੇ ਦੂਜੇ ਪਾਸੇ ਪ੍ਰਸਾਸਨ ਚੋਰੀ ਛੁਪੇ ਇਸ ਸੜਕ ਲਈ ਜ਼ਮੀਨਾਂ ਐਕੁਆਇਰ ਕਰਨ ਦੀਆਂ ਵਿਉਂਤਾਂ ਬਣਾ ਰਹੀ ਹੈ,

ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਗੁਜਾਰੀਆਂ ਤਾਂ ਇਹ ਗੱਲ ਹੈ ਕਿ ਸਰਕਾਰ ਕਿਸਾਨਾਂ ਦੀ ਕੀਮਤੀ ਜਮੀਨ ਨੂੰ ਕੌਡੀਆਂ ਦੇ ਭਾਅ ਹੜੱਪ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਜਾੜਨ ਦੀਆਂ ਸਾਜਸ਼ਾਂ ਰਚ ਰਹੀ ਹੈ  ਇਸ ਮੌਕੇ ਪੰਮੀ ਸਿੰਘ ਰੂਪਾਹੇੜੀ ਸੁਰਿੰਦਰ ਸਿੰਘ ਰੰਚਣਾ ਕ੍ਰਿਸਨ ਰਜਿੰਦਰਾਪੁਰੀ ਰਜਿੰਦਰ ਸਿੰਘ ਰੰਚਣਪੁਰੀ ਮੇਜਰ ਸਿੰਘ ਬੰਗਾਵਲੀ ਹਰਮਿੰਦਰ ਸਿੰਘ ਭਸੌੜ ਕੁਲਦੀਪ ਸਿੰਘ ਭੱਦਲਵੱਢ ਹਰਪਾਲ ਸਿੰਘ ਮੀਰਹੇੜੀ ਬੰਤ ਸਿੰਘ ਪਲਾਸੌਰ, ਧਰਮਪ੍ਰੀਤ ਸਿੰਘ ਬੰਗਾਂਵਾਲੀ, ਬਲਦੇਵ ਸਿੰਘ ਬੰਗਾਵਾਲੀ, ਗੁਰਚਰਨ ਸਿੰਘ ਭਲਵਾਨ, ਲਖਬੀਰ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਭਲਵਾਨ, ਜੀਤ ਸਿੰਘ ਭਰੋਵਾਲ, ਕੁਲਦੀਪ ਸਿੰਘ ਭੱਦਲਵੱਢ ਆਦਿ ਕਿਸਾਨ ਵੀ ਮੌਜ਼ੂਦ ਸਨ।

ਗੱਲਬਾਤ ਪਿੱਛੋਂ ਹੀ ਪ੍ਰਸ਼ਾਸਨ ਨੂੰ ਜ਼ਮੀਨਾਂ ਵਿੱਚ ਵੜਨ ਦੇਵਾਂਗੇ : ਕਿਸਾਨ

ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਤੱਕ ਪ੍ਰਸਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਾਲੇ ਉਹਨਾਂ ਨਾਲ ਟੇਬਲ ਟਾਕ ਨਹੀਂ ਕਰਦੀ ਤੇ ਇਨ੍ਹਾਂ ਜ਼ਮੀਨਾਂ ਦੀਆਂ ਕੀਮਤਾਂ ਸਬੰਧੀ ਸਥਿਤੀ ਸਪੱਸ਼ਟ ਨਹੀਂ ਕਰਦੀ ਉਦੋਂ ਤੱਕ ਉਹ ਕਿਸੇ ਨੂੰ ਵੀ ਆਪਣੀਆਂ ਜ਼ਮੀਨਾਂ ਵਿੱਚ ਵੜਨ ਨਹੀਂ ਦੇਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਗਰੂਰ ਦੇ ਪ੍ਰਸ਼ਾਸਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮਿਲ ਕੇ ਇਸ ਮਾਮਲੇ ਦੀ ਜਾਣਕਾਰੀ ਦੇਣਗੇ।

ਨਕਸ਼ਾ ਹੋ ਚੁੱਕਿਆ ਹੈ ਪਾਸ

ਦਿੱਲੀ ਜੰਮੂ ਹਾਈਵੇਜ਼ ਦੇ ਪ੍ਰਾਜੈਕਟ ਦਾ ਨਕਸ਼ਾ ਪਾਸ ਹੋ ਚੁੱਕਿਆ ਹੈ ਇਹ ਸੜਕ ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਰਾਹੀਂ ਜ਼ਿਲ੍ਹਾ ਸੰਗਰੂਰ ਵਿੱਚ ਦਾਖ਼ਲ ਹੋਵੇਗੀ ਭਵਾਨੀਗੜ੍ਹ, ਮਾਲੇਰਕੋਟਲਾ, ਨਾਭਾ ਆਦਿ ਦੇ ਪਿੰਡਾਂ ਵਿੱਚੋਂ ਹੋ ਕੇ ਲੰਘੇਗੀ ਜ਼ਿਲ੍ਹਾ ਸੰਗਰੂਰ ਦੇ ਸੌ ਤੋਂ ਜ਼ਿਆਦਾ ਪਿੰਡਾਂ ਦੀ ਜ਼ਮੀਨ ਇਸ ਸੜਕੀ ਪ੍ਰਾਜੈਕਟ ਵਿੱਚ ਆਉਂਦੀ ਹੈ ਸਬੰਧਿਤ ਮਹਿਕਮੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਬੁਰਜ਼ੀਆਂ ਵੀ ਲਾ ਦਿੱਤੀਆਂ ਗਈਆਂ ਹਨ ਪਰ ਹਾਲੇ ਤੱਕ ਕੋਈ ਭਾਅ ਮੁਕੱਰਰ ਨਹੀਂ ਕੀਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.