ਸੜਕ ਹਾਦਸੇ ‘ਚ ਔਰਤ ਤੇ ਨੌਜਵਾਨ ਦੀ ਮੌਤ, ਇੱਕ ਗੰਭੀਰ ਰੂਪ ‘ਚ ਜ਼ਖ਼ਮੀ

Death, Youth, Accident, Seriously, Injured

ਰਾਏਕੋਟ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਇਥੋਂ ਨੇੜਲੇ ਪਿੰਡ ਦੱਧਾਹੂਰ ਨੇੜੇ ਰਾਏਕੋਟ ਬਰਨਾਲਾ ਸੜਕ ‘ਤੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਅਤੇ ਇਕ ਨੌਜਵਾਨ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ ਇਕ ਹੋਰ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੂਸਾਰ ਇੱਕ ਆਲਟੋ ਕਾਰ ਨੰਬਰ ਪੀਬੀ-32ਐਕਸ-9637, ਜਿਸ ਵਿੱਚ ਦੋ ਵਿਅਕਤੀ ਅਤੇ ਇੱਕ ਔਰਤ ਸਵਾਰ ਸਨ ਰਾਏਕੋਟ ਵੱਲੋਂ ਬਰਨਾਲਾ ਸਾਈਡ ਨੂੰ ਜਾ ਰਹੇ ਸਨ। ਜਦ ਉਹ ਪਿੰਡ ਦੱਧਾਹੂਰ ਦੇ ਨਜਦੀਕ ਪੁੱਜੇ ਤਾਂ ਉਨ੍ਹਾਂ ਦੀ ਤੇਜ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੂਏ ਦੀ ਪੁਲੀ ਨਾਲ ਜਾ ਟਕਰਾਈ, ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਹਾਦਸੇ ਵਿੱਚ ਕਾਰ ਦਾ ਡਰਾਈਵਰ ਸਾਈਡ ਵਾਲਾ ਪਾਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। (Road Accident)

ਮੌਕੇ ‘ਤੇ ਪੁੱਜੇ ਚੌਂਕੀ ਇਚਾਰਜ ਜਲਾਲਦੀਵਾਲ ਸੱਈਦ ਸ਼ਕੀਲ ਵਲੋਂ ਰਾਹਗੀਰਾਂ ਦੀ ਮੱਦਦ ਨਾਲ ਕਾਰ ‘ਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਔਰਤ ਮੌਕੇ ‘ਤੇ ਹੀ ਦਮ ਤੋੜ ਗਈ ਜਦਕਿ ਦੋ ਹੋਰ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ ਰਾਂਹੀ ਰਾਏਕੋਟ ਦੇ ਲਾਈਫ ਕੇਅਰ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਇਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਜੇ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨਾਂ ਦੇ ਨਾਂਅ ਗੁਰਸ਼ਰਨ ਸਿੰਘ ਅਤੇ ਕ੍ਰਿਸ਼ਨ ਕੁਮਾਰ ਹਨ ਅਤੇ ਉਹ ਨਵਾਂ ਸ਼ਹਿਰ ਇਲਾਕੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਔਰਤ ਦੀ ਸ਼ਨਾਖਤ ਨਹੀ ਹੋ ਸਕੀ ਸੀ। (Road Accident)