ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ‘ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ

Death Family Members

ਸੈਂਟਰ ‘ਚ ਦਾਖਲ ਨੌਜਵਾਨਾਂ ਵੱਲੋਂ ਸੰਚਾਲਕ ‘ਤੇ ਕੁੱਟਮਾਰ ਦੇ ਦੋਸ਼

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੀ ਭਾਗੂ ਰੋਡ ‘ਤੇ ਇੱਕ ਨਸ਼ਾ ਮੁਕਤੀ ਕੇਂਦਰ ‘ਚ ਇੱਕ ਦਿਨ ਪਹਿਲੇ ਚਿੱਟੇ ਦਾ ਨਸ਼ਾ ਛੱਡਣ ਲਈ ਦਾਖਲ ਹੋਏ 30 ਸਾਲ ਦੇ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਸ਼ਾ ਮੁਕਤੀ ਕੇਂਦਰ ‘ਚ ਦਾਖਲ ਹੋਰ ਨੌਜਵਾਨਾਂ ਨੇ ਦੋਸ਼ ਲਾਇਆ ਕਿ ਧੀਰਜ ਨਾਂਅ ਦੇ ਇਸ ਨੌਜਵਾਨ ਦੀ ਰਾਡਾਂ ਨਾਲ ਕੁੱਟਮਾਰ ਕੀਤੀ ਸੀ। ਜਿਸ ਕਰਕੇ ਉਸ ਦੀ ਜਾਨ ਗਈ ਹੈ। ਮ੍ਰਿਤਕ ਦੀ ਪਛਾਣ ਧੀਰਜ ਗਾਂਧੀ ਵਾਸੀ ਮਾਡਲ ਟਾਊਨ ਫੇਜ਼ ਵਨ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਨੇ ਛਾਪਾ ਮਾਰਿਆ ਤਾਂ ਉੱਥੇ ਨਸ਼ਾ ਛੱਡਣ ਆਏ ਨੌਜਵਾਨਾਂ ਵੱੱਲੋਂ ਕੀਤੇ ਖੁਲਾਸਿਆਂ ਨੂੰ ਸੁਣ ਕੇ ਸਭ ਦੰਗ ਰਹਿ ਗਏ।

ਇੰਨ੍ਹਾਂ ਲੜਕਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਵਾਈ ਨਾਲ ਨਹੀਂ ਬਲਕਿ ਡੰਡਿਆਂ ਨਾਲ ਕੁਟਾਪਾ ਚਾੜ੍ਹ ਕੇ ਨਸ਼ੇ ਛੁਡਾਏ ਜਾਂਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਧਾਹਾਂ ਮਾਰਦਿਆਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਬਚਾਇਆ ਨਾ ਗਿਆ ਤਾਂ ਉਨ੍ਹਾਂ ਦੀ ਵੀ ਧੀਰਜ ਦੀ ਤਰ੍ਹਾਂ ਹੱਤਿਆ ਕਰ ਦਿੱਤੀ ਜਾਵੇਗੀ। ਤਕਰੀਬਨ ਡੇਢ ਘੰਟਾ ਚੱਲੇ ਇਸ ਆਪਰੇਸ਼ਨ ਦੌਰਾਨ ਸਾਰੇ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਦਾਖਲ ਕਰਵਾਇਆ ਅਤੇ ਸੈਂਟਰ ਚਲਾਉਣ ਵਾਲੇ ਰਜੇਸ਼ ਗੁਪਤਾ ਤੇ ਉਸ ਦੇ ਦੋ ਸਾਥੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਛੁਡਾਏ ਨੌਜਵਾਨਾਂ ਦੀ ਪਛਾਣ ਜਸ਼ਨ ਪ੍ਰੀਤ ਸਿੰਘ ਵਾਸੀ ਸਾਹਿਬ ਚੰਦ,ਸੁਰਿੰਦਰ ਸਿੰਘ ਰੋੜੀ ਜਿਲ੍ਹਾ ਸਰਸਾ,ਅਸਮਿਤ ਵਾਸੀ ਚੰਡੀਗੜ੍ਹ,ਜਸ਼ਨਦੀਪ ਵਾਸੀ ਭਗਤਾ ਭਾਈ, ਸਤਨਾਮ ਸਿੰਘ ਵਾਸੀ ਕਲੇਰਾਂ ਜਿਲ੍ਹਾ ਸੰਗਰੂਰ,ਸੁਖਪ੍ਰੀਤ ਸਿੰਘ ਵਾਸੀ ਭੁੱਚੋ ਖੁਰਦ, ਅਵਤਾਰ ਸਿੰਘ ਵਾਸੀ ਚੱਕ ਮੋਟਾਲੇਵਾਲਾ ਮੁਕਤਸਰ, ਰਜੀਵ ਕੁਮਾਰ ਵਾਸੀ ਗਿੱਲ ਕਲਾਂ ਫੂਲ ਬਠਿੰਡਾ,ਹਰਪ੍ਰੀਤ ਸਿੰਘ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ, ਸੁਖਦੇਵ ਸਿੰਘ ਵਾਸੀ ਸਿਧਾਣਾ ਅਤੇ ਬਲਦੇਵ ਸਿੰਘ ਵਾਸੀ ਗੁੰਮਟੀ ਕਲਾਂ ਬਠਿੰਡਾ ਦੇ ਤੌਰ ਤੇ ਹੋਈ ਹੈ। ਇਸ ਟੀਮ ‘ਚ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ,ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗੜ੍ਹਵਾਲ, ਸਿਹਤ ਵਿਭਾਗ ਦੇ ਜਿਲ੍ਹਾ ਟੀਕਾਕਰਨ ਅਫਸਰ ਡਾ ਕੁੰਦਨ ਪਾਲ,ਮਾਨਸਿਕ ਰੋਗਾਂ ਦੇ ਮਾਹਿਰ ਡਾ ਅਰੁਣ ਬਾਂਸਲ ਅਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਦੇ ਕੌਂਸਲਰ ਰੂਪ ਸਿੰਘ ਮਾਨ ਸ਼ਾਮਲ ਸਨ।

ਮਾਮਲੇ ਦੀ ਗੰਭੀਰਤਾ ਨਾਲ ਹੋਵੇਗੀ ਜਾਂਚ : ਟਿਵਾਣਾ

ਜਾਂਚ ਤੋਂ ਬਾਅਦ ਕਾਰਵਾਈ ਐਸਡੀਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਏਗੀ।

ਸੈਂਟਰ ਰਜਿਸਟਰਡ: ਡਾ ਅਰੁਣ ਬਾਂਸਲ

ਮਾਨਸਿਕ ਰੋਗਾਂ ਦੇ ਮਾਹਿਰ ਡਾ ਅਰੁਣ ਬਾਂਸਲ ਦਾ ਕਹਿਣਾ ਸੀ ਕਿ ਸੈਂਟਰ ਰਜਿਸਟਰਡ ਹੈ ਪਰ ਉੱਥੇ ਦਾਖਲ ਨੌਜਵਾਨਾਂ ਵੱਲੋਂ ਕੀਤੇ ਖੁਲਾਸੇ ਕਾਫੀ ਗੰਭੀਰ ਹਨ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਚੋਂ ਸਾਰੇ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਸ਼ਿਫਟ ਕਰ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।