‘ਸਿਆਸੀ ਸ਼ਰੀਕੇ’ ਦੇ ਬਾਵਜ਼ੂਦ ਅੰਤ ਤੱਕ ਕਾਇਮ ਰਿਹਾ ਦਾਸ ਤੇ ਪਾਸ਼ ਦਾ ਭਰਾਵੀਂ ਪਿਆਰ

ਗੁਰਦਾਸ ਬਾਦਲ ਦੀ ਅੰਤਿਮ ਯਾਤਰਾ ਮੌਕੇ ਬੇਹੱਦ ਭਾਵੁਕ ਹੋਏ ਪ੍ਰਕਾਸ਼ ਸਿੰਘ ਬਾਦਲ

ਬਠਿੰਡਾ, (ਸੁਖਜੀਤ ਮਾਨ) 92 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਅੱਜ ਰੋਂਦੇ ਨਹੀਂ ਝੱਲੇ ਜਾ ਰਹੇ ਸੀ ਉਨ੍ਹਾਂ ਦੇ ਛੋਟੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ (90) ਬੀਤੀ ਦੇਰ ਰਾਤ ਅਕਾਲ ਚਲਾਣਾ ਕਰ ਗਏ ਇਨ੍ਹਾਂ ਦੋਵਾਂ ਭਰਾਵਾਂ ਨੂੰ ਲੰਬੀ ਹਲਕੇ ਦੇ ਲੋਕ ਪਾਸ਼ (ਪ੍ਰਕਾਸ਼ ਸਿੰਘ ਬਾਦਲ) ਅਤੇ ਦਾਸ (ਗੁਰਦਾਸ ਸਿੰਘ ਬਾਦਲ) ਦੀ ਜੋੜੀ ਵਜੋਂ ਜਾਣਦੇ ਸਨ ਬਾਦਲ ਪਰਿਵਾਰ ਦੇ ਨੇੜਲੇ ਦੱਸਦੇ ਨੇ ਕਿ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹਰ ਗੱਲ ‘ਚ ਗੁਰਦਾਸ ਬਾਦਲ ਹੁਰਾਂ ਦੀ ਸਲਾਹ ਲੈਂਦੇ ਰਹੇ ਹਨ ਅੱਜ ਆਪਣੇ ਛੋਟੇ ਭਰਾ ਦੇ ਸਦੀਵੀਂ ਵਿਛੋੜੇ ‘ਤੇ ਉਹ ਬਹੁਤ ਭਾਵੁਕ ਵਿਖਾਈ ਦਿੱਤੇ

ਵੇਰਵਿਆਂ ਮੁਤਾਬਿਕ 90 ਸਾਲਾ ਗੁਰਦਾਸ ਸਿੰਘ ਬਾਦਲ ਨੇ ਭਾਵੇਂ ਆਪ ਕੋਈ ਲੰਮਾ ਸਿਆਸੀ ਸਫ਼ਰ ਨਹੀਂ ਕੀਤਾ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦੀਆਂ ਸਿਖਰਾਂ ‘ਤੇ ਪਹੁੰਚਾਉਣ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਚੋਣਾਂ ਮੌਕੇ ਗੁਰਦਾਸ ਸਿੰਘ ਬਾਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲੀ ਜਾਂਦੀ ਸੀ ਬਾਦਲ ਪਰਿਵਾਰ ‘ਚ ਸਿਆਸੀ ਪਾੜਾ ਉਸ ਵੇਲੇ ਪਿਆ ਜਦੋਂ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਸਨ

ਮਨਪ੍ਰੀਤ ਦਾ ਇਹ ਸਿਆਸੀ ਫੈਸਲਾ ਵੀ ਦਾਸ ਤੇ ਪਾਸ਼ ਦੇ ਆਪਸੀ ਪਿਆਰ ‘ਚ ਰੁਕਾਵਟ ਨਹੀਂ ਬਣ ਸਕਿਆ ਦੋਵਾਂ ਭਰਾਵਾਂ ਦੀ ਆਪਸੀ ਮਿਲਣੀ ਪਰਿਵਾਰਕ ਪ੍ਰੋਗਰਾਮਾਂ ਆਦਿ ਤੋਂ ਇਲਾਵਾ ਇੱਕ-ਦੂਜੇ ਦਾ ਹਾਲ-ਚਾਲ ਪੁੱਛਣ ਵੇਲੇ ਹੁੰਦੀ ਰਹਿੰਦੀ ਸੀ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਗੁਰਦਾਸ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਲੜੀ ਸੀ ਸਿਆਸੀ ਬਿਖੇੜਿਆਂ ਦੇ ਬਾਵਜ਼ੂਦ ਦੋਵੇਂ ਭਰਾ ਇੱਕ-ਦੂਜੇ ਦੇ ਖਿਲਾਫ਼ ਕਦੇ ਨਹੀਂ ਬੋਲੇ ਪ੍ਰਕਾਸ਼ ਸਿੰਘ ਬਾਦਲ ਤਾਂ ਸਿਆਸੀ ਮੰਚਾਂ ਤੋਂ ਇਹ ਗੱਲ ਆਖਦੇ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ‘ਚ ਗੁਰਦਾਸ ਬਾਦਲ ਦਾ ਬਹੁਤ ਸਾਥ ਰਿਹਾ ਹੈ

ਪਿੱਛੇ ਜਿਹੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ 92ਵਾਂ ਜਨਮ ਦਿਨ ਮਨਾਇਆ ਸੀ ਤਾਂ ਗੁਰਦਾਸ ਸਿੰਘ ਬਾਦਲ ਵੀ ਉਚੇਚੇ ਤੌਰ ‘ਤੇ ਪੁੱਜੇ ਹੋਏ ਸਨ ਅੱਜ ਜਦੋਂ ਗੁਰਦਾਸ ਸਿੰਘ ਬਾਦਲ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ ਤਾਂ ਉੱਥੇ ਪੁੱਜੇ ਪ੍ਰਕਾਸ਼ ਸਿੰਘ ਬਾਦਲ ਏਨੇ ਜ਼ਿਆਦਾ ਭਾਵੁਕ ਹੋ ਗਏ ਕਿ ਮ੍ਰਿਤਕ ਦੇਹ ਦੇ ਉੱਪਰ ਸਿਰ ਰੱਖ ਕੇ ਰੋਣ ਲੱਗ ਪਏ

ਇਸ ਮੌਕੇ ਉਨ੍ਹਾਂ ਨਾਲ ਮੌਜ਼ੂਦ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਦਿਲਾਸਾ ਦਿੰਦਿਆਂ ਕੁਰਸੀ ਉੱਪਰ ਬਿਠਾਇਆ

ਬੇਹੱਦ ਭਾਵੁਕ ਕਰਨ ਵਾਲਾ ਸਮਾਂ: ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ ਕਿ ਉਨ੍ਹਾਂ ਦੇ ਚਾਚਾ ਜੀ ਗੁਰਦਾਸ ਸਿੰਘ ਬਾਦਲ ਦਾ ਸਸਕਾਰ ਉਨ੍ਹਾਂ ਦੇ ਸਾਰੇ ਪਰਿਵਾਰ ਲਈ ਬੇਹੱਦ ਭਾਵੁਕ ਕਰ ਦੇਣਾ ਵਾਲਾ ਸਮਾਂ ਸੀ, ਅਤੇ ਇਹ ਅਹਿਸਾਸ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਅਤੇ ਅੱਖਾਂ ਤੋਂ ਸਾਫ਼ ਝਲਕ ਰਹੇ ਸਨ ਜਿਨ੍ਹਾਂ ਨੇ ਆਪਣੇ ਛੋਟੇ ਭਰਾ, ਦੋਸਤ ਅਤੇ ਸਭ ਤੋਂ ਨੇੜਲੇ ਸਾਥੀ ਨੂੰ ਆਖਰੀ ਵਾਰ ਅਲਵਿਦਾ ਕਿਹਾ ਉਨ੍ਹਾਂ ਮਨਪ੍ਰੀਤ ਬਾਦਲ ਅਤੇ ਸਾਰੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਆਖਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਚਾਚਾ ਜੀ ਦੀ ਸੰਗਤ ‘ਚ ਬੀਤੇ ਪਲ ਸਦਾ ਉਨ੍ਹਾਂ ਦੇ ਨਿੱਘ ਦਾ ਅਹਿਸਾਸ ਕਰਵਾਉਂਦੇ ਰਹਿਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।