ਕੋਰੋਨਾ ਦਾ ਟੀਕਾ ਅਸਰਦਾਰ ਤੇ ਸੁਰੱਖਿਅਤ!

ਕੋਰੋਨਾ ਦਾ ਟੀਕਾ ਅਸਰਦਾਰ ਤੇ ਸੁਰੱਖਿਅਤ!

ਕੋਰੋਨਾ ਵਾਇਰਸ ਦਾ ਕਹਿਰ ਮੁੜ ਦਿਖਾਈ ਦੇਣ ਲੱਗਾ ਹੈ ਕੋਰੋਨਾ ਮਾਮਲਿਆਂ ਦੀ ਵਧ ਰਹੀ ਰਫਤਾਰ ਚਿੰਤਾ ਦਾ ਵਿਸ਼ਾ ਹੈ, ਇਸ ਲਈ ਲਾਪਰਵਾਹੀ ਨਾ ਕਰਦੇ ਹੋਏ ਅਜੇ ਵੀ ਹਦਾਇਤਾਂ ਦੀ ਪਾਲਣਾ ਕਰਨ ਦਾ ਸੁਨੇਹਾ ਹਰ ਪਾਸੇ ਗੂੰਜਦਾ ਸੁਣਾਈ ਦੇ ਰਿਹਾ ਹੈ। ਕੋਵਿਡ-19 ਦੇ ਮੁੜ ਪਰਤਣ ਦੀ ਖਬਰ ਨੇ ਚਾਰ-ਚੁਫੇਰੇ ਇੱਕ ਵਾਰ ਫਿਰ ਸਨਸਨੀ ਫੈਲਾ ਦਿੱਤੀ ਹੈ ਅਤੇ ਲੋਕਾਂ ਨੂੰ ਤਾਲਾਬੰਦੀ ਬਾਰੇ ਸੋਚ ਕੇ ਘਬਰਾਹਟ ਹੋਣ ਲੱਗ ਪਈ ਹੈ।

ਭਾਰਤ ਵਿੱਚ 16 ਜਨਵਰੀ ਨੂੰ ਕੋਰੋਨਾ ਮਹਾਂਮਾਰੀ ਖਿਲਾਫ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਵਿਸ਼ਵ ਸਿਹਤ ਸੰਗਠਨ ਤੇ ਸਿਹਤ ਮਾਹਿਰਾਂ ਵੱਲੋਂ ਕੋਰੋਨਾ ਟੀਕਾਕਰਨ ਲਈ ਕਮੇਟੀਆਂ ਦਾ ਗਠਨ, ਸਟਾਫ ਦੀ ਸਿਖਲਾਈ, ਟੀਕਾਕਰਨ ਸੈਂਟਰਾਂ ਦੀ ਸਥਾਪਨਾ, ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਵੈਕਸੀਨ ਸਪਲਾਈ ਤੇ ਸੰਭਾਲ ਸਬੰਧੀ ਜੰਗੀ ਪੱਧਰ ’ਤੇ ਸੇਵਾਵਾਂ ਜਾਰੀ ਹਨ। ਦੁਨੀਆਂ ਭਰ ਦੀ ਨਜ਼ਰ ਭਾਰਤ ਦੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ’ਤੇ ਹੈ

ਮਾਹਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾਕਰਨ ਬਿਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬਿਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੈ ਵਿਸ਼ਵ ਭਰ ਦੇ ਵਿਗਿਆਨੀਆਂ ਨੇ ਕੋਵਿਡ-19 ਦੀ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ’ਚ ਅਹਿਮ ਯੋਗਦਾਨ ਪਾਇਆ ਹੈ। ਆਮ ਲੋਕਾਂ ਵਿੱਚ ਇਸ ਨਵੀਂ ਕੋਵਿਡ ਵੈਕਸੀਨ ਨੂੰ ਲੈ ਕੇ ਡਰ ਤੇ ਸਹਿਮ ਦਾ ਮਾਹੌਲ ਹੈ, ਪਰ ਜੇ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ, ਸ਼ਰਤਾਂ ਅਤੇ ਕਸੌਟੀਆਂ ’ਤੇ ਖਰੀ ਉੱਤਰਨ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਾਇਆ ਜਾ ਰਿਹਾ ਹੈ

ਕੋਵਿਡ-19 ਦਾ ਟੀਕਾ ਪਹਿਲੇ ਪੜਾਅ ਅਧੀਨ ਸਿਹਤ ਕਾਮਿਆਂ ਨੂੰ ਲਾਇਆ ਗਿਆ ਦੂਸਰੇ ਪੜਾਅ ਵਿੱਚ ਫਰੰਟਲਾਈਨ ਵਰਕਰਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਅਤੇ ਹੁਣ 60 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ ਤੇ 45 ਸਾਲ ਤੋਂ ਉੁਪਰ ਤੇ 60 ਸਾਲ ਤੋਂ ਹੇਠਾਂ ਪਰ ਕਿਸੇ ਬਿਮਾਰੀ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਸਾਹ ਦੀ ਤਕਲੀਫ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਫਿਰ ਅੰਤ ਵਿੱਚ ਰਹਿੰਦੀ ਅਬਾਦੀ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਾਇਆ ਜਾਵੇਗਾ।

ਕੋ-ਵਿਨ ਸਿਸਟਮ ਆਪਣੇ ਡਿਜ਼ੀਟਲ ਪਲੇਟਫਾਰਮ ਰਾਹੀਂ ਟੀਕਾ ਲਗਵਾਉਣ ਦੇ ਇੱਛੁਕ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਕੇ ਟੀਕਾ ਲਗਾਉਣ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਜਾਰੀ ਕਰ ਰਿਹਾ ਹੈ ਲਾਭਪਾਤਰੀ ਟੀਕਾ ਲਗਵਾਉਣ ਲਈ ਆਪਣਾ ਪਹਿਚਾਣ-ਪੱਤਰ ਜਿਵੇਂ ਅਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਬੈਂਕ ਪਾਸਬੁੱਕ, ਮਨਰੇਗਾ ਕਾਰਡ ਆਦਿ ਦੀ ਵਰਤੋਂ ਕਰ ਸਕਦਾ ਹੈ ਸਿਹਤ ਮੰਤਰਾਲਾ, ਭਾਰਤ ਸਰਕਾਰ ਵੱਲੋਂ ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਦੂਜੀ ਖੁਰਾਕ ਲੈਣ ਤੋਂ 2 ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਪਰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਤੇ ਕੂੜ ਪ੍ਰਚਾਰ ਕਾਰਨ ਕਈ ਲੋਕਾਂ ’ਚ ਬੇਚੈਨੀ ਨਜ਼ਰ ਆ ਰਹੀ ਹੈ ਇਸ ਲਈ ਲੋੜ ਹੈ ਇਹਨਾਂ ਗਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਸੁਨੇਹਿਆਂ ’ਤੇ ਵਿਸ਼ਵਾਸ਼ ਨਾ ਕਰਦੇ ਹੋਏ ਸਰਕਾਰੀ ਵੈਬਸਾਈਟ, ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਜਾਂ ਸਿਹਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਾਰੀ ਹੈਲਪ ਲਾਈਨ ਨੰਬਰ ’ਤੇ ਹੀ ਸੰਪਰਕ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

ਜੇ ਕੋਰੋਨਾ ਟੀਕਾਕਰਨ ਸਬੰਧੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 14 ਮਾਰਚ ਤੱਕ ਦੇਸ਼ ਭਰ ’ਚ ਕਰੀਬ 2,43,07,635 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਅਤੇ 54,30,774 ਲੋਕਾਂ ਨੂੰ ਕੋਰੋਨਾ ਟੀਕੇ ਦੀ ਦੂਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕੇ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਥੋੜ੍ਹੀਘਬਰਾਹਟ, ਬੁਖਾਰ, ਟੀਕੇ ਵਾਲੀ ਜਗ੍ਹਾ ’ਤੇ ਦਰਦ ਜਾਂ ਸੁਸਤੀ ਜਿਹੀ ਵਰਗੇ ਉਲਟ ਪ੍ਰਭਾਵ ਨਜ਼ਰ ਆਏ ਹਨ ਜਿਸ ਨੂੰ ਸੁਭਾਵਿਕ ਹੀ ਮੰਨਿਆ ਜਾ ਰਿਹਾ ਹੈ।

ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਕਰੀਬ 3,01,937 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਅਤੇ 66,193 ਲੋਕਾਂ ਨੂੰ ਦੂਸਰੀ ਖੁਰਾਕ ਲੱਗ ਚੁੱਕੀ ਹੈ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ’ਤੇ ਹਰ ਟੀਕਾਕਰਨ ਸੈਸ਼ਨ ਦੌਰਾਨ ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਹਰ ਟੀਕਾਕਰਨ ਕਰਵਾਉਣ ਵਾਲੇ ਲਾਭਪਾਤਰੀ ਨੂੰ 30 ਮਿੰਟ ਤੱਕ ਟੀਕਾਕਰਨ ਕੇਂਦਰ ’ਤੇ ਨਿਗਰਾਨੀ ਹੇਠ ਰੱਖਣ ਦੀਆਂ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ।

ਆਮ ਤੌਰ ’ਤੇ ਇੱਕ ਵੈਕਸੀਨ ਨੂੰ ਬਣਾਉਣ ’ਚ ਕਈ ਸਾਲ ਲੱਗ ਜਾਂਦੇ ਹਨ ਪਰ ਭਾਰਤ ’ਚ ਐਨੇ ਘੱਟ ਸਮੇਂ ’ਚ ਇੱਕ ਨਹੀਂ ਸਗੋਂ ਦੋ ਵੈਕਸੀਨ (ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨ) ਵਿਕਸਿਤ ਕੀਤੀਆਂ ਹਨ ਅਤੇ ਹੋਰ ਕੋਰੋਨਾ ਵੈਕਸੀਨ ਵਿਕਸਿਤ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਹੋਰ ਤਾਂ ਹੋਰ ਭਾਰਤ ਵਿੱਚ ਤਿਆਰ ਕੀਤੀਆਂ ਵੈਕਸੀਨ ਦੁਨੀਆਂ ਦੇ ਕਈ ਦੇਸ਼ਾਂ ਨੂੰ ਸਪਲਾਈ ਵੀ ਕੀਤੀਆਂ ਜਾ ਰਹੀਆਂ ਹਨ ਜੋ ਦੁਨੀਆਂ ਭਰ ’ਚ ਬੜੇ ਮਾਣ ਦੀ ਗੱਲ ਹੈ ਸਾਨੂੰ ਆਪਣੇ ਦੇਸ਼ ਦੇ ਵਿਗਿਆਨੀਆਂ ਤੇ ਮਾਹਿਰਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਬਿਨਾਂ ਕਿਸੇ ਡਰ ਤੋਂ ਕੋਰੋਨਾ ’ਤੇ ਜਿੱਤ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਪਿਛਲੇ ਕਈ ਮਹੀਨਿਆਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਹੁਣ ਸੁਨੇਹਾ ਦਿੱਤਾ ਜਾ ਰਿਹਾ ਹੈ- ਦਿਖਾਓ ਸਮਝਦਾਰੀ, ਲਗਵਾਓ ਕੋਰੋਨਾ ਦਾ ਟੀਕਾ, ਜਦੋਂ ਆਏ ਤੁਹਾਡੀ ਵਾਰੀ।
ਮੀਡੀਆ ਇੰਚਾਰਜ ਕੋਵਿਡ-19,
ਸਿਹਤ ਵਿਭਾਗ, ਫਰੀਦਕੋਟ
ਮੋ. 98146-56257

ਡਾ. ਪ੍ਰਭਦੀਪ ਸਿੰਘ ਚਾਵਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.