ਕੋਰੋਨਾ: ਇਨਸਾਨੀਅਤ ਹੋਈ ਸ਼ਰਮਸਾਰ

ਕੋਰੋਨਾ: ਇਨਸਾਨੀਅਤ ਹੋਈ ਸ਼ਰਮਸਾਰ

ਅੱਜ ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ। ਭਾਰਤ ਵਿਚ ਹੁਣ ਤੱਕ ਇਹ ਅੰਕੜਾ ਦੋ ਕਰੋੜ ਤੋਂ ਵੱਧ ਟੱਪ ਗਿਆ ਹੈ। ਅੱਜ ਦੇਸ਼ ਵਿਚ ਆਕਸੀਜਨ, ਦਵਾਈਆਂ, ਬੈੱਡਾਂ ਦੀ ਕਮੀ ਕਾਰਨ ਹਾਲਾਤ ਦਿਨ-ਪ੍ਰਤੀਦਿਨ ਖਰਾਬ ਹੁੰਦੇ ਜਾ ਰਹੇ ਹਨ। ਕੁਝ ਮਤਲਬੀ ਲੋਕਾਂ ਵੱਲੋਂ ਇਸ ਮਹਾਂਮਾਰੀ ਦਾ ਫਾਇਦਾ ਵੀ ਚੁੱਕਿਆ ਜਾ ਰਿਹਾ ਹੈ।

ਖਬਰਾਂ ਵੀ ਸੁਣਨ ਨੂੰ ਮਿਲੀਆਂ ਕਿ ਜੋ ਆਕਸੀਜਨ ਦਾ ਵੱਡਾ ਸਿਲੰਡਰ ਦੋ ਹਜ਼ਾਰ ਰੁਪਏ ਕੀਮਤ ਵਾਲਾ ਸੀ, ਕੁਝ ਬੇਰਹਿਮ ਮੁਨਾਫ਼ਾਖੋਰ ਲੋਕਾਂ ਨੇ ਉਹੀ ਸਿਲੰਡਰ ਅਠਾਰਾਂ ਹਜ਼ਾਰ ਰੁਪਏ ਦੇ ਕਰੀਬ ਵੇਚਿਆ। ਹੁਣ ਜਿਸ ਉੱਤੇ ਮੁਸੀਬਤ ਪਈ, ਉਸਨੂੰ ਤਾਂ ਚਾਹੇ ਉਹ ਲੱਖ ਰੁਪਏ ਦਾ ਹੁੰਦਾ, ਲੈਣਾ ਹੀ ਪੈਣਾ ਸੀ, ਕਿਉਂਕਿ ਪਰਿਵਾਰਕ ਮੈਂਬਰ ਦੀ ਜਿੰਦਗੀ ਦਾ ਸਵਾਲ ਹੁੰਦਾ ਹੈ। ਹਾਲ ਹੀ ਵਿੱਚ ਦਿੱਲੀ ਵਿਖੇ ਇੱਕ ਮੈਡੀਕਲ ਸਟੋਰ ਨੇ ਰੈਮਡੇਸੀਵਰ ਟੀਕੇ ਦੀ ਕਾਲਾਬਜ਼ਾਰੀ ਕੀਤੀ। ਛੇ ਹਜ਼ਾਰ ਰੁਪਏ ਦਾ ਟੀਕਾ ਸੱਤਰ ਹਜਾਰ ਵਿੱਚ ਵੇਚਿਆ। ਸੁਣਨ ਵਿੱਚ ਵੀ ਆਇਆ ਕਿ ਲੋਕਾਂ ਨੇ ਆਪਣੇ ਗਹਿਣੇ ਰੱਖ ਕੇ ਇਹ ਦਵਾਈ ਖਰੀਦੀ। ਚਾਹੇ ਹੁਣ ਇਨ੍ਹਾਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ। ਇੱਕ ਹੋਰ ਖਬਰ ਪੜ੍ਹੀ ਕਿ ਦਿੱਲੀ ਵਿਚ ਇੱਕ ਐਂਬੂਲੈਸ ਵਾਲੇ ਨੇ ਤਿੰਨ ਕਿਲੋਮੀਟਰ ਜਾਣ ਵਾਸਤੇ ਪਰਿਵਾਰ ਕੋਲੋਂ ਅੱਠ ਹਜ਼ਾਰ ਰੁਪਿਆ ਮੰਗਿਆ।

ਇਨਸਾਨੀਅਤ ਸਰਮਸ਼ਾਰ ਹੋ ਚੁੱਕੀ ਹੈ। ਦੱਸੋ ਲਾਸ਼ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਦੇ ਵੀ ਇੰਨੇ ਪੈਸੇ ਲੈ ਲਏ।ਹਾਲ ਹੀ ਵਿੱਚ ਦਿੱਲੀ ਵਿਖੇ ਇੱਕ ਕਾਰੋਬਾਰੀ ਨੂੰ ਆਕਸੀਜਨ ਕੰਸਟਰੇਟਰਾਂ ਦੀ ਕਾਲਾਬਜ਼ਾਰੀ ਕਰਨ ਕਰਕੇ ਗਿ੍ਰਫਤਾਰ ਕੀਤਾ ਗਿਆ। ਅੱਜ ਮੈਡੀਕਲ ਪ੍ਰੈਕਟੀਸ਼ਨਰਜ ਥਰਮਾਮੀਟਰ ਤੱਕ ਦੀ ਕਾਲਾਬਜ਼ਾਰੀ ਕਰ ਰਹੇ ਹਨ। ਹੋਰ ਤਾਂ ਹੋਰ ਜੋ ਮੈਡੀਕਲ ਸਟਾਫ ਹੱਥਾਂ, ਬਾਹਾਂ ’ਤੇ ਦਸਤਾਨੇ ਪਾਉਂਦਾ ਹੈ, ਉਸਦੀ ਵੀ ਕਾਲਾਬਜ਼ਾਰੀ ਜ਼ੋਰਾਂ ’ਤੇ ਹੋ ਰਹੀ ਹੈ। ਰਾਜਸਥਾਨ ਦੇ ਕਿਸੇ ਪਿੰਡ ਵਿੱਚ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ। ਪਤੀ ਔਰਤ ਦੀ ਲਾਸ਼ ਨੂੰ ਸਾਈਕਲ ’ਤੇ ਲੈ ਕੇ ਇੱਧਰ-ਉੱਧਰ ਘੁੰਮਦਾ ਰਿਹਾ। ਪਿੰਡ ਦੀ ਪੰਚਾਇਤ ਨੇ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ।

ਜੀਉਂਦਾ ਰਹੇ ਪੁਲਿਸ ਪ੍ਰਸ਼ਾਸਨ ਜਿਸ ਨੇ ਅੰਤਿਮ ਰਸਮਾਂ ਨਿਭਾਈਆਂ।ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਆਕਸੀਜਨ ਸਿਲੰਡਰਾਂ ਦਾ ਮੁਫਤ ਵਿੱਚ ਲੰਗਰ ਲਾ ਦਿੱਤਾ ਹੈ । ਇੱਕ ਹੋਰ ਬੱਚੀ, ਜਿਸ ਦੇ ਮਾਤਾ-ਪਿਤਾ ਕੋਰੋਨਾ ਮਹਾਂਮਾਰੀ ਕਰਕੇ ਮਰ ਗਏ ਸਨ, ਉਸ ਨੇ ਆਪਣੇ-ਆਪ ਹੀ ਮਾਤਾ-ਪਿਤਾ ਦੀਆਂ ਅੰਤਿਮ ਰਸਮਾਂ ਨਿਭਾਈਆਂ। ਪੰਚਾਇਤ ਦਾ ਕੋਈ ਵੀ ਮੈਂਬਰ ਉਸ ਬੱਚੀ ਦੇ ਨੇੜੇ ਤੱਕ ਨਾ ਲੱਗਾ। ਕੀ ਇਹ ਹੈ ਇਨਸਾਨੀਅਤ? ਕਈ ਅਜਿਹੀਆਂ ਫਰਮਾਂ ਵੀ ਹਨ, ਜੋ ਮੁਫਤ ਵਿੱਚ ਲੋਕਾਂ ਦੇ ਸਿਲੰਡਰ ਭਰ ਰਹੀਆਂ ਹਨ। ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ ਤਕਰੀਬਨ ਛੇ ਮਹੀਨੇ ਪੂਰੇ ਹੋਣ ਵਾਲੇ ਹਨ। ਕਿਸਾਨਾਂ ਨੇ ਉਥੇ ਖੁੱਲ੍ਹੇ ਲੰਗਰ ਲਾ ਦਿੱਤੇ ।

ਅੱਜ ਗਰੀਬ ਤੋਂ ਗਰੀਬ ਤਬਕਾ ਵੀ ਉੱਥੇ ਲੰਗਰ ਖਾ ਰਿਹਾ ਹੈ।ਵਿਚਾਰਨ ਵਾਲੀ ਗੱਲ ਹੈ ਕਿ ਜਾਨ ਤਾਂ ਪਰਮਾਤਮਾ ਨੂੰ ਦੇਣੀ ਹੈ। ਧਰਮਰਾਜ ਦੀ ਕਚਹਿਰੀ ਵਿੱਚ ਉਹ ਬੰਦਾ ਕੀ ਜਵਾਬ ਦੇਵੇਗਾ। ਇਕ ਤਾਂ ਪਰਿਵਾਰ ’ਤੇ ਮੁਸੀਬਤ ਆਈ, ਦੂਜਾ ਅਜਿਹੇ ਬੇਰਹਿਮ ਲੋਕਾਂ ਨੇ ਆਪਣਾ ਫਾਇਦਾ ਚੁੱਕਿਆ। ਜ਼ਰਾ ਸੋਚੋ ਇਸ ਮੁਸੀਬਤ ਵੇਲੇ ਅਜਿਹੇ ਬੇਰਹਿਮ ਦਿਲ ਲੋਕ ਦਸ ਗੁਣਾਂ ਪੈਸਾ ਕਮਾ ਕੇ ਕਿੰਨੇ ਕੁ ਵੱਡੇ-ਵੱਡੇ ਮਹਿਲ ਖੜ੍ਹੇ ਕਰ ਲੈਣਗੇ? ਕੀ ਅਜਿਹੇ ਲੋਕ ਪੱਕੀ ਵਸੀਅਤ ਬਣਾ ਕੇ ਲੈ ਕੇ ਆਏ ਹਨ ਕਿ ਉਹਨਾਂ ਨੂੰ ਕਦੇ ਵੀ ਮੌਤ ਨਹੀਂ ਆਵੇਗੀ! ਜਦੋਂ ਇੱਥੇ ਕੁਝ ਵੀ ਸਥਾਈ ਰਹਿਣ ਵਾਲਾ ਨਹੀਂ ਹੈ, ਤਾਂ ਲੋਕ ਅੱਜ ਲਾਸ਼ਾਂ ਤੋਂ ਵੀ ਦੁੱਗਣੇ-ਚੌਗਣੇ ਕਿਉਂ ਕਮਾ ਰਹੇ ਹਨ? ਕਿਉਂ ਅਜਿਹਾ ਲਾਲਚ ਉਹਨਾਂ ਦੇ ਅੰਦਰ ਆ ਰਿਹਾ ਹੈ?

ਕਿਉਂ ਮੁਸੀਬਤ ਵੇਲੇ ਇੱਕ-ਦੂਜੇ ਦੀ ਮੱਦਦ ਨਹੀਂ ਕਰ ਰਹੇ ਹਨ?ਇਹ ਮੁਸੀਬਤ ਸਾਰਿਆਂ ਨੇ ਰਲ-ਮਿਲ ਕੇ ਹੀ ਕੱਟਣੀ ਹੈ। ਜੇ ਕਿਸੇ ’ਤੇ ਮੁਸੀਬਤ ਪਈ ਹੈ ਤਾਂ ਉਸ ਦੇ ਦੁੱਖ ਵਿੱਚ ਸਰੀਕ ਹੋਵੋ। ਉਸ ਦੀ ਹਰ ਮੱਦਦ ਕਰੋ। ਅਗਲਾ ਸਾਰੀ ਉਮਰ ਤੁਹਾਡਾ ਅਹਿਸਾਨ ਨਹੀਂ ਭੁੱਲੇਗਾ। ਇਹੀ ਹਾਲ ਅੱਜ ਦੁਕਾਨਦਾਰਾਂ ਦਾ ਹੈ। ਘਟੀਆ ਸਾਮਾਨ ਮਹਿੰਗੇ ਰੇਟਾਂ ’ਤੇ ਵੇਚ ਰਹੇ ਹਨ। ਜੇ ਅੱਗੋਂ ਗਾਹਕ ਕਹਿੰਦਾ ਹੈ ਕਿ ਰੇਟ ਤਾਂ ਇੰਨਾ ਲਿਖਿਆ ਹੋਇਆ ਹੈ ਤਾਂ ਦੁਕਾਨਦਾਰ ਕਹਿੰਦੇ ਹਨ, ਲੈਣਾ ਹੈ ਤਾਂ ਲਉ, ਨਹੀਂ ਲੈਣਾ ਤਾਂ ਜਾਓ।2020 ਵਿੱਚ ਕੋਰੋਨਾ ਨੇ ਭਾਰਤ ਵਿੱਚ ਦਸਤਕ ਦਿੱਤੀ। ਤਕਰੀਬਨ ਇੱਕ ਮਹੀਨੇ ਤੋਂ ਵੱਧ ਤਾਲਾਬੰਦੀ ਰਹੀ। ਬਹੁਤ ਹੀ ਮੁਸ਼ੱਕਤ ਨਾਲ ਸਨਅਤ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ। ਗਿਣਵੇਂ-ਚੁਣਵੇਂ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ।

ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ। ਅੱਜ ਤਕਰੀਬਨ ਕਈ ਸੂਬਿਆਂ ਵਿੱਚ ਫਿਰ ਤਾਲਾਬੰਦੀ ਕਰ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦਾ ਅਰਥਚਾਰਾ ਡਗਮਗਾ ਗਿਆ ਹੈ। ਮਹਿੰਗਾਈ ਸਿਖਰਾਂ ’ਤੇ ਪੁੱਜ ਗਈ ਹੈ। ਆਮ ਬੰਦੇ ਲਈ ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੋ ਗਿਆ ਹੈ। ਖਾਣ ਵਾਲੀਆਂ ਵਸਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਅਸੀਂ ਸਾਰੇ ਹੀ ਇਸ ਮੁਸ਼ਕਲ ਦੇ ਦੌਰ ਸਮੇਂ ਆਪਣੇ ਆਲੇ-ਦੁਆਲੇ ਜਿਨ੍ਹਾ ਨੂੰ ਸਾਡੀ ਮੱਦਦ ਦੀ ਲੋੜ ਹੈ, ਨਿਸਵਾਰਥ ਸੇਵਾ ਕਰੀਏ। ਅੱਜ ਮੈਡੀਕਲ ਪ੍ਰੈਕਟੀਸ਼ਨਰਜ ਨੂੰ ਅੱਗੇ ਆ ਕੇ ਇਨਸਾਨ ਹੋਣ ਦਾ ਫਰਜ ਨਿਭਾਉਣਾ ਚਾਹੀਦਾ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।