’84 ਦੇ ਦੰਗਿਆਂ ਨਾਲ ਕਾਂਗਰਸ ਦਾ ਨਹੀਂ ਸਬੰਧ, ਕੁਝ ਲੋਕਾਂ ਦੇ ਨਾਂਅ ਸਾਹਮਣੇ ਆਏ : ਅਮਰਿੰਦਰ ਸਿੰਘ 

Congress, Relation, 84 Riots, Names Some People, Came Handy, Amarinder Singh

ਮਜੀਠੀਆ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ | Captain Amarinder Singh

  • ਅਕਾਲੀ ਲੀਡਰ ਤਾਂ ਉਦੋਂ ਬੱਚਾ ਬੱਘੀ ‘ਚ ਹੁੰਦਾ ਹੋਵੇਗਾ-ਮੁੱਖ ਮੰਤਰੀ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੜ ਦੁਹਰਾਇਆ ਕਿ 1984 ਦੇ ਦੰਗਿਆਂ ਨਾਲ ਕਾਂਗਰਸ ਦਾ ਕੋਈ ਸਬੰਧ ਨਹੀਂ ਹੈ ਅਤੇ ਕੁਝ ਕਾਂਗਰਸੀ ਆਗੂਆਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਸਿਰਫ ਵਿਅਕਤੀਗਤ ਪੱਧਰ ‘ਤੇ ਹੋ ਸਕਦੀ ਹੈ। ਇਸ ਮੁੱਦੇ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਬਿਆਨ ‘ਤੇ ਸਖ਼ਤ ਪ੍ਰਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੰਗੇ ਹੋਏ ਸਨ ਤਾਂ ਸਾਬਕਾ ਮੰਤਰੀ ਤਾਂ ਉਦੋਂ ‘ਬੱਚਾ ਬੱਘੀ’ ਵਿੱਚ ਹੁੰਦਾ ਹੋਵੇਗਾ ਅਤੇ ਉਸ ਨੂੰ ਇਸ ਮੁੱਦੇ ਬਾਰੇ ਕੁਝ ਵੀ ਨਹੀਂ ਪਤਾ। ਸਦਨ ਵਿੱਚ ਮਜੀਠੀਆ ਨੇ 1984 ਦੇ ਦੰਗਿਆਂ ਬਾਰੇ ਹਾਲ ਹੀ ਵਿੱਚ ਰਾਹੁਲ ਗਾਂਧੀ ਦੇ ਬਿਆਨ ਦਾ ਮਾਮਲਾ ਚੁੱਕਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਅਕਾਲੀ-ਲੀਡਰ ਨੂੰ ਝੂਠ-ਮੂਠ ਵਿੱਚ ਨਾ ਉਲਝਣ ਲਈ ਆਖਿਆ।

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੰਗੇ ਵਾਪਰਨ ਮੌਕੇ ਤਾਂ ਮਜੀਠੀਆ ਮਸਾਂ ਅੱਠ ਸਾਲਾਂ ਦਾ ਸੀ ਅਤੇ ਸੁਭਾਵਿਕ ਹੈ ਕਿ ਉਹ ਉਦੋਂ ਬੱਚਾ ਬੱਘੀ ‘ਚ ਹੁੰਦਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਮਸਲੇ ਬਾਰੇ ਕੀ ਪਤਾ? ਉਨ੍ਹਾਂ ਨੇ ਇਸ ਸੰਜੀਦਾ ਮਸਲੇ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ‘ਤੇ ਅਕਾਲੀਆਂ ਨੂੰ ਤਾੜਨਾ ਕੀਤੀ। ਇਸ ਤੋਂ ਪਹਿਲਾਂ ਸਦਨ ਵਿੱਚ ਇਸ ਮੁੱਦੇ ‘ਤੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਨਿੱਜੀ ਤੌਰ ‘ਤੇ ਕਈ ਕੈਂਪਾਂ ਵਿੱਚ ਗਏ ਅਤੇ ਉਥੇ ਲੋਕਾਂ ਨੂੰ ਮਿਲੇ।

ਇਹ ਵੀ ਪੜ੍ਹੋ : ਬੀਐੱਸਐੱਫ਼ ਨੇ ਰਾਮਗੜ੍ਹ ’ਚ ਪਾਕਿਸਤਾਨੀ ਨਸ਼ਾ ਤਸਕਰ ਨੂੰ ਕੀਤਾ ਢੇਰ

ਮੁੱਖ ਮੰਤਰੀ ਨੇ ਕਿਹਾ ਕਿ ਕੈਂਪ ਵਿੱਚ ਹਾਜ਼ਰ ਲੋਕਾਂ ਨੇ ਕੁਝ ਕਾਂਗਰਸੀ ਆਗੂਆਂ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਅਰਜਨ ਦਾਸ ਅਤੇ ਧਰਮਦਾਸ ਸ਼ਾਸਤਰੀ ਦੇ ਨਾਂਅ ਲਏ ਸਨ ਅਤੇ ਇਸ ਪਿੱਛੋਂ ਉਨ੍ਹਾਂ ਨੇ ਇਨ੍ਹਾਂ ਨਾਵਾਂ ਦਾ ਲੋਕਾਂ ਅੱਗੇ ਖੁਲਾਸਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਂ ਪਿਛਲੇ ਲਗਭਗ 34 ਸਾਲਾਂ ਤੋਂ ਇਨ੍ਹਾਂ ਲੋਕਾਂ ਦਾ ਨਾਂਅ ਲੈ ਰਿਹਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਨਿੱਜੀ ਜਾਣਕਾਰੀ ਤੋਂ ਬਾਹਰੀ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਨਾਂਅ ਲਏ ਹਨ, ਜਿਨ੍ਹਾਂ ਬਾਰੇ ਉਨ੍ਹਾਂ ਕੋਲ ਜ਼ਿਕਰ ਕੀਤਾ ਗਿਆ ਸੀ।

ਸੰਸਦੀ ਮਾਮਲਿਆਂ ਦੇ ਮੈਂਬਰ ਬ੍ਰਹਮ ਮਹਿੰਦਰਾ ਨੇ ਸਦਨ ਦੀ ਕਾਰਵਾਈ ‘ਚੋਂ ਉਨ੍ਹਾਂ ਲੋਕਾਂ ਦੇ ਨਾਂਅ ਕੱਢਣ ਦੀ ਮੰਗ ਕੀਤੀ ਜੋ ਸਦਨ ਦੀ ਵਿਚਾਰ-ਚਰਚਾ ਦੌਰਾਨ ਹਾਜ਼ਰ ਨਹੀਂ ਸਨ। ਆਮ ਆਦਮੀ ਪਾਰਟੀ ਦੇ ਲੀਡਰ ਐਚ.ਐਸ. ਫੂਲਕਾ ਨੇ ਇਸ ‘ਤੇ ਇਤਰਾਜ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਨਾਂਅ ਕੱਢਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਿਛਲੇ 34 ਸਾਲਾਂ ਤੋਂ ਇਨ੍ਹਾਂ ਮੈਂਬਰਾਂ ਦੇ ਨਾਂਅ ਜਨਤਕ ਬਹਿਸ ‘ਚ ਲਏ ਜਾਂਦੇ ਹਨ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਪਹਿਲਾਂ ਹੀ ਜ਼ਾਹਿਰ ਹੋ ਚੁੱਕੇ ਹਨ। (Captain Amarinder Singh)