ਅਮਰਿੰਦਰ ਦੀ ਪਾਰਟੀ ਨਾਲ ਘਬਰਾਈ ਕਾਂਗਰਸ, ਸਾਰੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ

 ਚੰਡੀਗੜ ਵਿਖੇ ਦੇਰ ਰਾਤ ਤੱਕ ਚੱਲਦੀ ਰਹੀ ਮੀਟਿੰਗ, 78 ਵਿਧਾਇਕਾਂ ਨੂੰ ਸ਼ਾਮਲ ਹੋਣ ਲਈ ਦਿੱਤੇ ਆਦੇਸ਼

  • ਅਚਾਨਕ ਮੀਟਿੰਗ ਸੱਦਣ ਕਰਕੇ 1 ਘੰਟਾ ਲੇਟ ਪੁੱਜ ਰਹੇ ਸਨ ਵਿਧਾਇਕ

(ਅਸ਼ਵਨੀ ਚਾਵਲਾ) ਚੰਡੀਗੜ। ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਘਬਰਾਹਟ ਵਿੱਚ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਦੇਰ ਸ਼ਾਮ ਐਮਰਜੈਂਸੀ ਮੀਟਿੰਗ ਸੱਦਦੇ ਹੋਏ ਪੰਜਾਬ ਦੇ ਸਾਰੇ 78 ਵਿਧਾਇਕਾਂ ਨੂੰ ਤੁਰੰਤ ਮੀਟਿੰਗ ਵਿੱਚ ਪੁੱਜਣ ਲਈ ਕਿਹਾ। ਅਚਾਨਕ ਮੀਟਿੰਗ ਸੱਦਣ ਕਰਕੇ ਵਿਧਾਇਕ ਵੀ ਡੇਢ ਘੰਟਾ ਲੇਟ ਤੱਕ ਮੀਟਿੰਗ ਪੁੱਜਦੇ ਨਜ਼ਰ ਆਏ।

ਹਰੀਸ਼ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਸਣੇ ਨਵਜੋਤ ਸਿੱੱਧੂ ਮੰਗਲਵਾਰ ਨੂੰ ਕੇਦਾਰ ਨਾਥ ਦੀ ਯਾਤਰਾ ’ਤੇ ਗਏ ਹੋਏ ਸਨ ਪਰ ਅਮਰਿੰਦਰ ਸਿੰਘ ਵਲੋਂ ਅਚਾਨਕ ਅਸਤੀਫ਼ਾ ਦੇਣ ਕਰਕੇ ਇਨਾਂ ਨੇ ਚੰਡੀਗੜ ਵਿਖੇ ਪੁੱਜਣ ਤੋਂ ਬਾਅਦ ਆਰਾਮ ਕਰਨ ਦੀ ਥਾਂ ’ਤੇ ਇਹ ਮੀਟਿੰਗ ਸੱਦ ਲਈ ਹੈ। ਹਰੀਸ਼ ਚੌਧਰੀ ਖ਼ੁਦ ਵੀ ਇਸ ਮੀਟਿੰਗ ਵਿੱਚ ਪੌਣਾ ਘੰਟਾ ਦੇਰੀ ਨਾਲ ਪੁੱਜੇ ਸਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਸਵਾ ਘੰਟੇ ਤੋਂ ਵੀ ਜਿਆਦਾ ਲੇਟ ਆਏ। ਦੇਰ ਰਾਤ ਤੱਕ ਇਹ ਮੀਟਿੰਗ ਜਾਰੀ ਸੀ ਅਤੇ ਮੀਟਿੰਗ ਦੌਰਾਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਸਬੰਧੀ ਕੀ ਚਰਚਾ ਹੋਈ ਇਸ ਸਬੰਧੀ ਕੋਈ ਜਿਆਦਾ ਜਾਣਕਾਰੀ ਨਹੀਂ ਮਿਲ ਸਕੀ।

ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਵਿਧਾਇਕਾਂ ਨੇ ਇਨਾਂ ਜਰੂਰ ਕਿਹਾ ਕਿ ਅਮਰਿੰਦਰ ਸਿੰਘ ਵਲੋਂ ਇਹ ਗਲਤ ਫੈਸਲਾ ਲਿਆ ਗਿਆ ਹੈ, ਜਿਸ ਕਾਰਨ ਹੀ ਇਹ ਮੀਟਿੰਗ ਸੱਦੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਰਾਹੀਂ ਕਾਂਗਰਸ ਪਾਰਟੀ ਵਿੱਚ ਗੁੱਟਬਾਜ਼ੀ ਨੂੰ ਛੱਡ ਕੇ ਇੱਕਜੁਟ ਹੋ ਕੇ ਕੰਮ ਕਰਨ ਲਈ ਫੈਸਲਾ ਹੋਇਆ ਹੈ ਅਤੇ ਅਮਰਿੰਦਰ ਸਿੰਘ ਤੋਂ ਦੂਰੀ ਬਣਾ ਕੇ ਉਨਾਂ ‘ਤੇ ਹਮਲੇ ਕਰਨ ਲਈ ਕਿਹਾ ਗਿਆ ਹੈ। ਕਾਂਗਰਸ ਪਾਰਟੀ ਨੂੰ ਡਰ ਹੈ ਕਿ ਕੁਝ ਵਿਧਾਇਕ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਨਾਲ ਉਨਾਂ ਦੀ ਪਾਰਟੀ ਵਿੱਚ ਨਾ ਚਲੇ ਜਾਣ। ਇਸ ਲਈ ਕਾਂਗਰਸ ਹਾਈ ਕਮਾਨ ਉਨਾਂ ਵਿਧਾਇਕਾਂ ਅਤੇ ਸੰਸਦ ਮੈਂਬਰ ਸਣੇ ਲੀਡਰਾਂ ‘ਤੇ ਜਿਆਦਾ ਧਿਆਨ ਦੇ ਰਹੀ ਹੈ, ਜਿਹੜੇ ਕਿ ਅਮਰਿੰਦਰ ਸਿੰਘ ਦੇ ਖੇਮੇ ਦੇ ਦੱਸੇ ਜਾਂਦੇ ਰਹੇ ਹਨ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਕਾਂਗਰਸ ਭਵਨ ਵਿੱਚ ਮੀਟਿੰਗ ਜਾਰੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ