ਪਿੰਡਾਂ ‘ਚ ਭਾਈਚਾਰਕ ਸਾਂਝ ਪੈਦਾ ਕਰਨ ਦੀ ਲੋੜ

Community, Relations, Villages

ਹਿਮਾਂਸ਼ੂ 

ਕੁਝ ਸਮਾਂ ਸੀ ਜਦੋਂ ਪਿੰਡਾਂ ਵਿੱਚ ਹੀ ਨਹੀਂ ਬਲਕਿ ਸ਼ਹਿਰ ਦੇ ਲੋਕਾਂ ਵਿੱਚ ਵੀ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਸੀ ਕਦੇ ਇੱਕ-ਦੂਜੇ ਦੇ ਦੁੱਖ-ਸੁੱਖ ਦੇ ਹਾਣੀਆਂ ਨੂੰ ਮੌਜੂਦਾ ਸਮੇਂ ਅੰਦਰ ਸਮੇਂ ਦੀ ਘਾਟ, ਸ਼ਰੀਕੇਬਾਜੀ ਤੋਂ ਇਲਾਵਾ ਪਰਿਵਾਰਾਂ ਵਿੱਚ ਪੈ ਰਹੀ ਆਪਸੀ ਫੁੱਟ ਨੇ ਇਸ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਕੇ ਰੱਖ ਦਿੱਤਾ ਹੈ, ਜਿਸ ਦਾ ਸਭ ਤੋਂ ਵਧੇਰੇ ਨੁਕਸਾਨ ਸਾਡੇ ਦੇਸ਼ ਦੇ ਹੀ ਨਹੀਂ ਪੂਰੇ ਵਿਸ਼ਵ ਦਾ ਪੇਟ ਭਰਨ ਦੀ ਸਮਰੱਥਾ ਰੱਖਣ ਵਾਲੇ ਸਾਡੇ ਅੰਨਦਾਤੇ ਕਿਸਾਨ ਨੂੰ ਹੋਇਆ ਹੈ ਕਿਉਂਕਿ ਇੱਕ ਸਮਾਂ ਅਜਿਹਾ ਸੀ ਜਦੋਂ ਕੁਦਰਤੀ ਕਰੋਪੀ ਜਾਂ ਕਿਸੇ ਵੀ ਕਾਰਨ ਕਰਕੇ ਹੋਏ ਅੰਨਦਾਤੇ ਦੀ ਫ਼ਸਲ ਦੀ ਤਬਾਹੀ ਲਈ ਪਿੰਡਾਂ ਦੀ ਭਾਈਚਾਰਕ ਸਾਂਝ ਅੱਗੇ ਹੋ ਕੇ ਮੱਦਦ ਲਈ ਤਿਆਰ ਹੋਇਆ ਕਰਦੀ ਸੀ ਪਰ ਹੁਣ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਕੁਦਰਤੀ ਕਰੋਪੀ ਜਾਂ ਕੰਮ ਨੂੰ ਜਲਦੀ ਖ਼ਤਮ ਕਰਨ ਲਈ ਵਧ ਰਹੇ ਮਸ਼ੀਨੀਕਰਨ ਨੇ ਗਰੀਬ ਜਨਤਾ ਦੇ ਇਸ ਹਾੜੀ ਦੀ ਫ਼ਸਲ ਰੂਪੀ ਸੀਜਨ ਨੂੰ ਖਤਮ ਕਰ ਕੇ ਰੱਖ ਦਿੱਤਾ ਹੈ ਜਿਸ ਸਦਕਾ ਹੁਣ ਇਸ ‘ਤੇ ਨਿਰਭਰ ਵਰਗ ਨੂੰ ਆਪਣੇ ਦੋ ਵਕਤ ਦੇ ਦਾਣੇ ਇਕੱਠੇ ਕਰਨੇ ਵੀ ਔਖੇ ਹੋ ਗਏ ਹਨ ਪਰ ਜੇਕਰ ਇਸ ਦੇ ਦੂਸਰੇ ਪੱਖ ‘ਤੇ ਝਾਤ ਮਾਰੀ ਜਾਵੇ ਤਾਂ ਕੁਦਰਤੀ ਕਰੋਪੀ ਤੋਂ ਇਲਾਵਾ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਜੇਕਰ ਅੱਗ ਲੱਗ ਜਾਵੇ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਚੱਲ ਰਿਹਾ ਕਿਸਾਨ ਕੀ ਕਰੇਗਾ!

 ਜਦੋਂ ਸੰਗਰੂਰ ਜਿਲ੍ਹੇ ਦੇ ਪਿੰਡਾਂ ਵਿੱਚ ਕਣਕ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਇਸ ਜ਼ਿਲ੍ਹੇ ਦੇ ਪਿੰਡ ਲੱਡਾ ਅਤੇ ਖਿੱਲਰੀਆਂ ਤੋਂ ਮਿਲੀ ਜਾਣਕਾਰੀ ਲੂੰ-ਕੰਡੇ ਖੜ੍ਹੇ ਕਰਦੀ ਹੈ ਜਿਸ ਦੀ ਜਾਣਕਾਰੀ ਸਰਦਾਰ ਜੰਸਵਤ ਸਿੰਘ ਚੈਰੀਟੇਬਲ ਟਰੱਸਟ ਲੱਡਾ (ਸੰਗਰੂਰ) ਦੇ ਚੇਅਰਮੈਨ ਅਤੇ ਸਮਾਜ ਸੇਵੀ ਕਿਸਾਨ ਪਰਿਵਾਰ ਨਾਲ ਸੰਬੰਧਤ ਹਰਸੁਖਮਨ ਸਿੰਘ ਨੇ ਦਿੱਤੀ ।

ਉਨ੍ਹਾਂ ਦੱਸਿਆ ਕਿ ਪਿੰਡ ‘ਚ ਇਸ ਵਾਰ ਜੋ ਨੁਕਸਾਨ ਹੋਇਆ ਹੈ ਉਹ ਕੁਦਰਤੀ ਕਰੋਪੀ ਨਹੀਂ ਬਲਕਿ ਅੱਗ ਲੱਗਣ ਕਾਰਨ ਹੋਇਆ ਹੈ ਜਿਸ ਦੌਰਾਨ ਗਰੀਬ ਕਿਸਾਨ ਉਜਾਗਰ ਸਿੰਘ ਪੁੱਤਰ ਇੰਦਰ ਸਿੰਘ ਦੀ ਢਾਈ ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਇਸ ਤੋਂ ਇਲਾਵਾ ਹਰਬੰਸ ਸਿੰਘ ਪੁੱਤਰ ਉਜਾਗਰ ਸਿੰਘ ਦੀ 16 ਕਿੱਲੇ ਕਣਕ, ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੀ 8 ਕਿੱਲੇ ਕਣਕ, ਅਮਰੀਕ ਸਿੰਘ ਗੁਰਦਾਸਪੁਰੀਆ ਦੀ 7 ਕਿੱਲੇ ਕਣਕ ਤੋਂ ਇਲਾਵਾ ਜਸਵੀਰ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ ਭਰਾਵਾਂ ਦੀ ਕੁੱਲ 36 ਕਿੱਲੇ ਨਾੜ, ਖਿਲਰੀਆਂ ਪਿੰਡ ਦੇ ਗੁਰਬਚਨ ਸਿੰਘ 4 ਕਿੱਲੇ, ਗੁਰਸੇਵਕ ਸਿੰਘ 9 ਕਿੱਲੇ ਨਾੜ ਅਤੇ ਹੋਰ ਬਹੁਤ ਕਿਸਾਨਾਂ ਦੀ ਕਣਕ ਅਤੇ ਨਾਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ, ਜਿਸ ਕਰਕੇ ਅੰਨ-ਦਾਤਾ ਕਿਹਾ ਜਾਣ ਵਾਲਾ ਕਿਸਾਨ ਹੁਣ ਖੁਦਕੁਸ਼ੀਆਂ ਵਾਲਾ ਅੰਨਦਾਤਾ ਬਣਕੇ ਰਹਿ ਗਿਆ ਹੈ ।

ਇਨ੍ਹਾਂ ‘ਚੋਂ ਵਧੇਰੇ ਕਿਸਾਨ ਤਾਂ ਠੇਕੇ ‘ਤੇ ਜਮੀਨ ਲੈ ਕੇ ਖੇਤੀ ਕਰਦੇ ਸਨ ਜਿਸ ਕਰਕੇ ਇਨ੍ਹਾਂ ਨੂੰ ਪਈ ਸਮੱਸਿਆ ਨਾਲ ਨਜਿੱਠਣ ਲਈ ਪਿੰਡ ਦੇ ਬਾਕੀ ਕਿਸਾਨ ਭਰਾਵਾਂ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਨੇ ਇਨ੍ਹਾਂ ਨੂੰ ਆਪਣੀ ਫ਼ਸਲ ‘ਚੋਂ ਹਿੱਸਾ ਦੇ ਕੇ ਇਨ੍ਹਾਂ ਦੀ ਮੱਦਦ ਕਰਨ ਦਾ ਕਾਫੀ ਸ਼ਲਾਘਾਯੋਗ ਫੈਸਲਾ ਲਿਆ ਹੈ ਜਿਸ ਦੀ ਪੂਰੇ ਜ਼ਿਲ੍ਹੇ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਕਾਫ਼ੀ ਪ੍ਰਸੰਸਾ ਹੋ ਰਹੀ ਹੈ, ਜਿਸਨੇ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ ਦਾ ਬਾਕੀ ਵੱਸਦੇ ਪਿੰਡਾਂ ਨੂੰ ਖੁਬਸੂਰਤ ਸੰਦੇਸ਼ ਦਿੱਤਾ ਹੈ ਇਸ ਤੋਂ ਇਲਾਵਾ ਉਕਤ ਚੈਰੀਟੇਬਲ ਟਰੱਸਟ ਨੇ ਪਿੰਡ ਵਿੱਚ ਵੱਸਦੇ ਕਿਸਾਨ ਭਰਾਵਾਂ ਦੇ ਨੁਕਸਾਨ ਦੀ ਭਰਪਾਈ ਲਈ 52000 ਰੁਪਏ ਦੀ ਆਰਥਿਕ ਮੱਦਦ ਕਰਨ ਦਾ ਫੈਸਲਾ ਲਿਆ ਹੈ  ਪਿੰਡ ਵਿੱਚੋਂ ਜੋ ਵੀ ਉਗਰਾਹੀ ਕਰ ਕੇ ਇਨ੍ਹਾਂ ਵੀਰਾਂ ਦੀ ਮੱਦਦ ਕਰਨ ਦਾ ਪ੍ਰਣ ਲੈ ਕੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ  ਸਾਡੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਨੂੰ ਵੀ ਅਜਿਹਾ ਕਰਨ ਦੀ ਲੋੜ ਹੈ ਤਾਂ ਜੋ ਕਿਸਾਨ ਨੂੰ ਖੁਦਕੁਸ਼ੀਆਂ ਕਰਨ ਤੋਂ ਬਚਾਇਆ ਜਾ ਸਕੇ। ਬਸ਼ਰਤੇ ਕਿ ਕਿਸਾਨ ਭਰਾ ਵੀ ਜਾਣਬੁੱਝ ਕੇ ਖੇਤਾਂ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਸਰਕਾਰ ਅਤੇ ਕਿਸਾਨ ਦੋਵੇਂ ਆਪੋ-ਆਪਣੇ ਫਰਜਾਂ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨ।

ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਇੰਦਰਜੀਤ ਸਿੰਘ ਧਲੇਰੀਆ ਨਾਲ ਕਿਸਾਨੀ ਮਸਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਸਲੇ ‘ਤੇ ਪੰਜਾਬ ਦੀ ਕਿਰਸਾਨੀ ਨੂੰ ਆ ਰਹੀ ਸਭ ਤੋਂ ਵੱਡੀ ਸਮੱਸਿਆ ਸਰਕਾਰ ਦੁਆਰਾ ਛੋਟੀ ਕਿਰਸਾਨੀ ਤੱਕ ਸਹੀ ਜਾਣਕਾਰੀ ਦਾ ਨਾ ਪਹੁੰਚਣਾ ਦੱਸਿਆ ਜਿਸ ਕਾਰਨ ਸਾਡਾ ਕਿਸਾਨ ਕੇਵਲ ਹਾੜੀ ਅਤੇ ਸਾਉਣੀ ਦੀ ਫ਼ਸਲ ਤੱਕ ਹੀ ਸੀਮਤ ਰਹਿ ਗਿਆ ਹੈ ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਛੋਟੀ ਕਿਰਸਾਨੀ ਲਈ ਜਾਣਕਾਰੀ ਦੇ ਵਧੇਰੇ ਸਾਧਨ ਪੈਦਾ ਕਰਕੇ ਇਸ ਫਸਲੀ ਚੱਕਰ ਦੀ ਬਜਾਏ ਫ਼ਲਾਂ ਅਤੇ ਸਬਜ਼ੀਆਂ ਦੀ ਬਿਜਾਈ ਬਾਰੇ ਜਾਣਕਾਰੀ ਦੇ ਕੇ ਇਸ ਦੇ ਮੰਡੀਕਰਨ ਦੇ ਮੁੱਲ ਨੂੰ ਨਿਰਧਾਰਤ ਕਰਕੇ ਫਸਲੀ ਚੱਕਰ ਨੂੰ ਉਤਸ਼ਾਹ ਦੇਵੇ ਤਾਂ ਅੰਨਦਾਤੇ ਨੂੰ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਨਾਲ ਗਰੀਬ ਮਜ਼ਦੂਰ ਵਰਗ ਨੂੰ ਵੀ ਪੂਰਾ ਸਾਲ ਕੰਮ ਦੀ ਭਾਲ ਵਿੱਚ ਹੋਰਨਾਂ ਸੂਬਿਆਂ ਵਿੱਚ ਨਹੀਂ ਜਾਣਾ ਪਵੇਗਾ।  ਪੰਜਾਬੀ ਕਿਰਸਾਨੀ ਨੂੰ ਵਿਆਹ ਅਤੇ ਭੋਗਾਂ ‘ਤੇ ਲੋਕ ਦਿਖਾਵੇ ਲਈ ਕੀਤੀ ਜਾਣ ਵਾਲੀ ਫਜੂਲ ਖਰਚੀ ਤੋਂ ਬਚਣਾ ਚਾਹੀਦਾ ਹੈ ।

ਸੋ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਲਈ ਸਾਡੇ ਕਿਸਾਨ ਭਰਾਵਾਂ ਤੋਂ ਇਲਾਵਾ ਸਮੁੱਚੇ ਵਰਗ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ। ਸਰਕਾਰ ਨੂੰ ਵੀ ਇਸ ਕਰੋਪੀ ਲਈ ਕੋਈ ਬੀਮਾ ਅਤੇ ਮੁਆਵਜ਼ਾ ਨਿਰਧਾਰਤ ਕਰਨ ਦੀ ਮੁੱਖ ਲੋੜ ਹੈ, ਜਿਸ ਨਾਲ ਸਾਡਾ ਅੰਨਦਾਤਾ ਇਸ ਧੰਦੇ ਨੂੰ ਦਿਲ ਲਾ ਕੇ ਕਰੇ ਅਤੇ ਉਸ ਨੂੰ ਕਦੇ ਖੁਦਕੁਸ਼ੀ ਕਰਨਾ ਤਾਂ ਦੂਰ ਇਸ ਬਾਰੇ ਸੋਚਣ ਦੀ ਵੀ ਲੋੜ ਮਹਿਸੂਸ ਨਾ ਹੋਵੇ।

ਵਿਦਿਆਰਥੀ ਧੂਰੀ
ਧੂਰੀ (ਸੰਗਰੂਰ)।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।