ਆਓ! ਬੱਚਿਆਂ ਨੂੰ ਬੱਚਤ ਦੀ ਆਦਤ ਪਾਈਏ

ਆਓ! ਬੱਚਿਆਂ ਨੂੰ ਬੱਚਤ ਦੀ ਆਦਤ ਪਾਈਏ

ਬੱਚੇ ਖੂਬਸੂਰਤ ਸ਼ੈਅ ਹੁੰਦੇ ਹਨ ।ਇਸੇ ਕਰਕੇ ਪੰਜਾਬੀ ਸ਼ਾਇਰ ਦੇਵ ਨੇ ਕਿਹਾ ਹੈ ਕਿ ਸਵੇਰੇ-ਸਵੇਰੇ ਵਰਦੀਆਂ ’ਚ ਸਜ-ਧਜ ਕੇ ਸਕੂਲ ਜਾਂਦੇ ਬੱਚੇ ਕੁਦਰਤ ਦੀ ਸਭ ਤੋਂ ਹੁਸੀਨ ਝਾਕੀ ਹੁੰਦੇ ਹਨ। ਬੱਚਿਆਂ ਦੀ ਉਤਸੁਕਤਾ, ਅਣਭੋਲਤਾ, ਹਰ ਕਿਸੇ ’ਤੇ ਵਿਸ਼ਵਾਸ਼ ਕਰ ਲੈਣਾ, ਨਿਰਛਲਤਾ ਆਦਿ ਖੂਬੀਆਂ ਮਨ ਮੋਹ ਲੈਂਦੀਆਂ ਹਨ ਬੱਚੇ ਭਵਿੱਖ ਦੇ ਵਾਰਿਸ ਹਨ ਉਹਨਾਂ ਨੂੰ ਕੁਝ ਚੰਗਾ ਸਿਖਾਉਣਾ ਤੇ ਸਮਝਾਉਣਾ ਸਾਡਾ ਨੈਤਿਕ ਫਰਜ਼ ਹੈ। ਛੋਟੀ ਉਮਰ ਵਿੱਚ ਸਿਖਾਏ ਨੁਕਤੇ ਉਹਨਾਂ ਨਾਲ ਤਾ-ਉਮਰ ਨਿਭਦੇ ਹਨ ਬਚਪਨ ਉਹ ਸਮਾਂ ਹੈ ਜਦੋਂ ਤੁਹਾਨੂੰ ਆਪਣੇ ਬੱਚਿਆਂ ਨੂੰ ਪੈਸੇ ਦੀ ਮਹੱਤਤਾ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ।

ਮਾਪੇ ਬੱਚਿਆਂ ਦੇ ਜੀਵਨ ਵਿੱਚ ਸਭ ਤੋਂ ਅਹਿਮ ਲੋਕ ਹੁੰਦੇ ਹਨ ਆਪਣੇ ਬੱਚਿਆਂ ਨੂੰ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿਖਾਓ। ਫਜੂਲ ਖਰਚੀ ਨਾਲ ਕੇਵਲ ਪੈਸੇ ਦੀ ਹੀ ਬਰਬਾਦੀ ਨਹੀਂ ਹੁੰਦੀ ਬਲਕਿ ਬੱਚਿਆਂ ਦੀਆਂ ਹੋਰ ਆਦਤਾਂ ਵਿੱਚ ਵੀ ਵਿਗਾੜ ਆ ਜਾਂਦਾ ਹੈ ਅੱਜ ਸਮੇਂ ਦੀ ਲੋੜ ਹੈ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਪੈਸੇ ਦੀ ਬੱਚਤ ਦੇ ਲਾਭਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਬੱਚਤ ਕੀਤੀ ਰਾਸ਼ੀ ਪਿੱਗੀ ਬੈਂਕ ’ਚ ਰੱਖੀ ਜਾ ਸਕਦੀ ਹੈ।ਪਿੱਗੀ ਬੈਂਕ ਕੀ ਹੈ? ਪਿੱਗੀ ਬੈਂਕ ਹਜ਼ਾਰਾਂ ਰੁਪਏ ਦਾ ਭੰਡਾਰ ਨਹੀਂ ਹੈ ਬਲਕਿ ਇਹ ਪੈਸੇ ਬਚਾਉਣ ਦੀ ਜ਼ਰੂਰੀ ਆਦਤ ਦਾ ਪ੍ਰਤੀਕ ਹੈ ।

ਪੁਰਾਣੇ ਦਿਨਾਂ ਵਿੱਚ ਸਾਡੇ ਵਿੱਚੋਂ ਬਹੁਤਿਆਂ ਲਈ ਪਿੱਗੀ ਬੈਂਕ ਵਿੱਚ ਸਿੱਕੇ ਰੱਖਣਾ ਮਜ਼ੇਦਾਰ ਰਿਹਾ ਹੈ ਹਾਲਾਂਕਿ, ਅੱਜ-ਕੱਲ੍ਹ ਪਿੱਗੀ ਬੈਂਕਾਂ ਨੂੰ ਵਧੇਰੇ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ਕਿਉਂਕਿ ਬੱਚਿਆਂ ਅੰਦਰ ਪੈਸੇ ਦੀ ਬੱਚਤ ਕਰਨਾ ਪਾਉਣਾ ਮਾਪਿਆਂ ਦੇ ਏਜੰਡੇ ’ਤੇ ਨਹੀਂ ਹੈ। ਮਾਪੇ ਖੁੱਲ੍ਹੇ ਖਰਚ ਨਾਲ ਬੱਚਿਆਂ ਦੇ ਵਿਕਾਸ ਹੋਣ ਦਾ ਭਰਮ ਪਾਲ ਬੈਠੇ ਹਨ ।ਪਰੰਤੂ ਪਾਲਣ-ਪੋਸ਼ਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਤੁਹਾਡੇ ਬੱਚੇ ਨੂੰ ਪੈਸੇ ਦੀ ਕੀਮਤ ਸਿਖਾਉਣਾ ਹੈ। ਪੈਸਾ ਬਚਾਉਣਾ ਇੱਕ ਜ਼ਰੂਰੀ ਹੁਨਰ ਹੈ ਜਿਸ ਦੀ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰਤ ਹੈ।

ਛੋਟੀ ਉਮਰ ਵਿੱਚ ਆਪਣੇ ਬੱਚਿਆਂ ਲਈ ਇੱਕ ਪਿੱਗੀ ਬੈਂਕ ਖਰੀਦਣਾ ਅਤੇ ਉਸ ਨੂੰ ਪੈਸੇ ਨਾਲ ਭਰਨ ਲਈ ਉਤਸ਼ਾਹਿਤ ਕਰਨਾ ਤੁਹਾਡੇ ਬੱਚਿਆਂ ਵਿੱਚ ਬੱਚਤ ਦੀ ਵੱਡੀ ਆਦਤ ਪੈਦਾ ਕਰ ਸਕਦਾ ਹੈ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਾਸੀ, ਚਾਚਾ, ਦਾਦਾ-ਦਾਦੀ ਆਦਿ ਤੋਂ ਪ੍ਰਾਪਤ ਹੋਏ ਸਿੱਕਿਆਂ ਜਾਂ ਮੁਦਰਾ ਨੋਟਾਂ ਨੂੰ ਉਨ੍ਹਾਂ ਦੇ ਪਿੱਗੀ ਬੈਂਕਾਂ ਵਿੱਚ ਸੁੱਟਣ ਲਈ ਕਹੋ ਭਾਵੇਂ ਉਹ ਛੋਟੇ ਹਨ, ਆਪਣੇ ਬੱਚਿਆਂ ਲਈ ਬਜਟ ਬਣਾਉਣਾ ਸ਼ੁਰੂ ਕਰੋ। ਸਭ ਤੋਂ ਵਧੀਆ ਚੀਜ਼ ਜੋ ਉਹ ਇੱਕ ਪਿੱਗੀ ਬੈਂਕ ਵਿੱਚ ਸੁੱਟ ਸਕਦੇ ਹਨ ਉਹ ਬਚਿਆ ਹੋਇਆ ਜੇਬ੍ਹ ਖਰਚ ਹੈ।

ਪਿੱਗੀ ਬੈਂਕ ਬੱਚਿਆਂ ਲਈ ਮਨੋਰੰਜਕ ਕਿਰਿਆ ਹੈ। ਉਹ ਰੰਗ-ਬਿਰੰਗੇ ਖਿਡੌਣਿਆਂ ਵਰਗੇ ਹੁੰਦੇ ਹਨ ਜੋ ਸੁਭਾਵਿਕ ਹੀ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਪੈਸੇ ਬਚਾਉਣ ਲਈ ਉਤਸ਼ਾਹਿਤ ਕਰਦੇ ਹਨ ਕਿਉਂਕਿ ਉਹ ਅਸਲ ਬੈਂਕਾਂ ਜਾਂ ਬੱਚਤ ਖਾਤੇ ਦੀ ਧਾਰਨਾ ਨੂੰ ਨਹੀਂ ਸਮਝ ਸਕਦੇ ਇੱਥੇ ਕੁਝ ਨੁਕਤੇ ਹਨ ਜੋ ਬੱਚਿਆਂ ਨੂੰ ਪਿੱਗੀ ਬੈਂਕ ਦੀ ਆਦਤ ਪਾਉਂਦੇ ਸਮੇਂ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਇੱਕ ਪਿੱਗੀ ਬੈਂਕ ਗਿਫਟ ਕਰੋ। ਆਪਣੇ ਬੱਚਿਆਂ ਨੂੰ ਪੈਸੇ ਅਤੇ ਇਸਦੀ ਮਹੱਤਤਾ ਬਾਰੇ ਸਿਖਾਓ।

ਆਪਣੇ ਬੱਚਿਆਂ ਲਈ ਕੁਝ ਵਿੱਤੀ ਟੀਚੇ ਨਿਰਧਾਰਤ ਕਰੋ। ਉਨ੍ਹਾਂ ਨੂੰ ਇੱਕ ਨਿਸ਼ਾਨਾ ਦਿਓ ਅਤੇ ਜੇ ਉਹ ਇਸ ਤੱਕ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਖਿਡੌਣਾ, ਇੱਕ ਵੀਡੀਓ ਗੇਮ ਜਾਂ ਕੋਈ ਹੋਰ ਤੋਹਫਾ ਇਨਾਮ ’ਚ ਦਿਉ। ਇਸ ਬਾਰੇ ਯੋਜਨਾ ਬਣਾਉ ਕਿ ਪੈਸੇ ਕਿਵੇਂ ਖਰਚ ਕੀਤੇ ਜਾਣੇ ਚਾਹੀਦੇ ਹਨ।

ਅਕਸਰ ਸੋਫੇ ਦੇ ਹੇਠਾਂ, ਆਪਣੀ ਕਾਰ ਵਿੱਚ ਜਾਂ ਆਪਣੇ ਸਿਰ੍ਹਾਣੇ ਦੇ ਹੇਠਾਂ ਜੇਬ੍ਹ ਦੀ ਬਚੀ-ਖੁਚੀ ਕਰੰਸੀ ਰੱਖ ਦਿੰਦੇ ਹਾਂ। ਇਸ ਚੂਨ-ਭੁੂਨ ਨੂੰ ਬੱਚਿਆਂ ਨੂੰ ਦੇ ਕੇ ਪਿੱਗੀ ਬੈਂਕ ਵਿੱਚ ਜਮ੍ਹਾ ਕਰਵਾ ਦੇਣਾ ਬਿਹਤਰ ਤਰੀਕਾ ਹੈ। ਬੱਚਿਆਂ ਅੰਦਰ ਬੱਚਤ ਸਬੰਧੀ ਟੀਚੇ ਨਿਰਧਾਰਤ ਕਰਨਾ ਵੀ ਮਹੱਤਵਪੂਰਨ ਹੈ ਤਾਂ ਜੋ ਉਹ ਲਗਾਤਾਰ ਬੱਚਤ ਕਰਦੇ ਰਹਿਣ ਤੁਹਾਨੂੰ ਆਪਣੇ ਬੱਚਿਆਂ ਦੀਆਂ ਪੰਸੀਦਦਾ ਵਸਤਾਂ ਸਾਈਕਲ, ਕਿਤਾਬਾਂ, ਈ-ਬੁਕਸ, ਰਸਾਲੇ, ਖੇਡਾਂ ਦਾ ਸਾਮਾਨ ਆਦਿ ਖਰੀਦਣ ਲਈ ਬੱਚਤ ਕਰਨ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਰਚਨਾਤਮਿਕ ਇੱਛਾਵਾਂ ਪੂਰੀਆਂ ਹੋਣ ’ਤੇ ਉਹ ਬੱਚਤ ਕਰਨ ਲਈ ਪ੍ਰੇਰਿਤ ਹੋਏ ਰਹਿਣਗੇ।

ਇਹ ਉਨ੍ਹਾਂ ਨੂੰ ਨਿਰਧਾਰਤ ਟੀਚੇ ਵੱਲ ਪ੍ਰੇਰਿਤ ਰੱਖੇਗਾ। ਟੀਚਿਆਂ ਦੀ ਪ੍ਰਾਪਤੀ ਦਾ ਨਜ਼ਦੀਕ ਜਾਂ ਦੂਰ ਹੋਣ ਬਾਰੇ ਪਤਾ ਲੱਗਣ ਨਾਲ ਬੱਚਿਆਂ ਦੀ ਜੀਵਨ ਨਿਸ਼ਾਨਿਆਂ ਪ੍ਰਤੀ ਦਿ੍ਰਸ਼ਟੀ ਵੀ ਸਾਫ ਤੇ ਸਪੱਸ਼ਟ ਹੋ ਜਾਂਦੀ ਹੈ ।ਇਹ ਘਰੇਲੂ ਬੱਚਤ ਬੈਂਕ ਬੱਚਤ ਤੇ ਸੰਜਮ ਦੀ ਆਦਤ ਪਾਉਣ ਦਾ ਕਾਰਗਰ ਸੋਮਾ ਹੈ। ਹੋ ਸਕਦਾ ਹੈ ਕਿ ਬੱਚੇ ਬਹੁਤ ਜ਼ਿਆਦਾ ਰਕਮ ਨਾ ਬਚਾ ਸਕਣ, ਪਰ ਅਸਲ ਵਿੱਚ ਉਹ ਬੱਚਤ ਰਾਹੀਂ ਨੈਤਿਕ ਮੁੱਲ ਸਿੱਖਣ ਦੇ ਨਾਲ-ਨਾਲ ਖੁਸ਼ੀ ਪੈਦਾ ਕਰਦੇ ਹਨ। ਪੈਸੇ ਦੀ ਬਚਤ ਕਰਨ ਦੀ ਆਦਤ ’ਚੋਂ ਹੋਰ ਚੰਗੀਆਂ ਚੀਜਾਂ ਦਾ ਵਿਕਾਸ ਹੁੰਦਾ ਹੈ।

ਉਨ੍ਹਾਂ ਨੂੰ ਪਿੱਗੀ ਬੈਂਕਾਂ ਦਾ ਉਦੇਸ਼ ਅਤੇ ਮਹੱਤਤਾ ਦੱਸੋ। ਪਿੱਗੀ ਬੈਂਕ ਬਹੁਤ ਵੱਡੀ ਬੱਚਤ ਦੀ ਨੀਂਹ ਹੈ ਇਹ ਨਿਸ਼ਚਤ ਰੂਪ ’ਚ ਤੁਹਾਡੇ ਬੱਚਿਆਂ ਵਿੱਚ ਬੱਚਤ ਦੀ ਆਦਤ ਪਾਉਣ ਵਿੱਚ ਸਹਾਇਤਾ ਕਰੇਗਾ। ਹੁਣ ਜਦੋਂ ਅਸੀਂ ਬੱਚਤ ਦੀ ਮਹੱਤਤਾ ਬਾਰੇ ਜਾਣੂ ਹੋ ਚੁੱਕੇ ਹਾਂ ਤਾਂ ਦੇਰ ਨਾ ਕਰੋ, ਬਾਜ਼ਾਰ ਜਾ ਕੇ ਬੱਚਿਆਂ ਨੂੰ ਪਿੱਗੀ ਬੈਂਕ ਖਰੀਦ ਕੇ ਦੇਵੋ ਜੋ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਸਿੱਧ ਹੋਵੇਗਾ ਕਿਉਂਕਿ ਅੱਜ ਦੀ ਬੱਚਤ ਕੱਲ੍ਹ ਦੀ ਖੁਸ਼ਹਾਲੀ ਹੁੰਦੀ ਹੈ।
ਤਲਵੰਡੀ ਸਾਬੋ
ਮੋ. 94630-24575
ਬਲਜਿੰਦਰ ਜੌੜਕੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ