(ਸੁਖਜੀਤ ਮਾਨ) ਬਠਿੰਡਾ। Road Accident: ਸਥਾਨਕ 100 ਫੁੱਟੀ ਰੋਡ ’ਤੇ ਦਸ਼ਮੇਸ਼ ਸਕੂਲ ਦੇ ਕੋਲ ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਅਤੇ ਗੱਡੀ ਦੀ ਟੱਕਰ ਹੋ ਗਈ ਜਿਸ ਨਾਲ ਆਟੋ ’ਚ ਸਵਾਰ ਕਰੀਬ 12 ਬੱਚੇ ਗੰਭੀਰ ਜ਼ਖਮੀ ਹੋ ਗਏ । ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਦੋ ਬੱਚਿਆਂ ਦੇ ਸੱਟ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦੋਂਕਿ ਬਾਕੀਆਂ ਨੂੰ ਛੁੱਟੀ ਦੇ ਦਿੱਤੀ।
ਇਹ ਵੀ ਪੜ੍ਹੋ: Buddha Dariya Ludhiana: ਬੁੱਢੇ ਦਰਿਆ ਦੇ ਮੁੱਦੇ ’ਤੇ ਵਿਧਾਇਕ ਪਰਾਸ਼ਰ ਵੱਲੋਂ ਵਿਧਾਇਕ ਗੋਗੀ ’ਤੇ ਜ਼ੁਬਾਨੀ ਹਮਲਾ
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬਾਅਦ ਦੁਪਹਿਰ ਸਕੂਲ ਵਿੱਚੋਂ ਛੁੱਟੀ ਹੋਣ ਉਪਰੰਤ ਇੱਕ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੇ ਆਟੋ ਤੇ ਗੱਡੀ ਦੀ ਟੱਕਰ ਹੋ ਗਈ। ਹਾਦਸਾ ਐਨਾਂ ਭਿਆਨਕ ਹੋਇਆ ਕਿ ਆਟੋ ਵਿੱਚ ਸਵਾਰ ਸਾਰੇ ਕਰੀਬ 12 ਵਿਦਿਆਰਥੀ ਤੇ ਡਰਾਈਵਰ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਤੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। Road Accident
ਆਟੋ ਡਰਾਈਵਰ ਨੇ ਦੱਸਿਆ ਕਿ ਉਹ ਸੜਕ ਪਾਰ ਕਰਨ ਲੱਗਿਆ ਸੀ ਤਾਂ ਤੇਜ਼ ਰਫਤਾਰ ਗੱਡੀ ਆਟੋ ਵਿੱਚ ਵੱਜੀ। ਜ਼ਖਮੀ ਬੱਚਿਆਂ ਦੀ ਪਛਾਣ ਅਨੀਸ਼ਾ ਪੁੱਤਰੀ ਸੰਤੋਸ਼ ਸਿੰਘ, ਹਰਪ੍ਰੀਤ ਪੁੱਤਰੀ ਮੋਹਨ ਸਿੰਘ, ਆਰੀਅਨ ਪੁੱਤਰ ਮਿੰਟੂ, ਰੌਣਕ ਪੁੱਤਰ ਸਰਵਣ ਸਿੰਘ, ਸੰਜੀਤ ਪੁੱਤਰ ਰਾਮਦਿਆਲ ਦਾਸ, ਮੀਨਾਕਸ਼ੀ ਪੁੱਤਰੀ ਸਰਵਣ ਸਿੰਘ, ਚਾਂਦਨੀ ਪੁੱਤਰੀ ਮੋਹਣ ਦਾਸ, ਸ਼ਿਵਾਨੀ ਪੁੱਤਰੀ ਤੇਜਨ ਮੰਡਲ, ਅੰਕੁਸ਼ ਪੁੱਤਰ ਗੰਗਾਰਾਮ, ਰਵੀਨਾ ਪੁੱਤਰੀ ਰਾਜੇਂਦਰ ਦਾਸ, ਦਿਸ਼ਾ ਕੁਮਾਰੀ ਪੁੱਤਰੀ ਗਣੇਸ਼, ਰਾਜੂ ਪੁੱਤਰ ਰਾਮਦਿਆਲ ਹੋਈ। ਘਟਨਾ ਸਥਾਨ ’ਤੇ ਪੁੱਜੇ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਵਿੱਚ ਪੁਲਿਸ ਦੇ ਦੇਰੀ ਨਾਲ ਪੁੱਜਣ ਕਾਰਨ ਭਾਰੀ ਰੋਸ ਦੇਖਣ ਨੂੰ ਮਿਲਿਆ ਪਰ ਪੁਲਿਸ ਨੇ ਦਾਅਵਾ ਕੀਤਾ ਕਿ ਸੂਚਨਾ ਮਿਲਦਿਆਂ ਹੀ ਉਹ ਪੁੱਜ ਗਏ।
ਦੋ ਬੱਚਿਆਂ ਦੇ ਗੰਭੀਰ ਸੱਟ : ਡਾਕਟਰ | Road Accident
ਸਿਵਲ ਹਸਪਤਾਲ ਬਠਿੰਡਾ ਦੇ ਡਾ. ਅਰਸ਼ਿਤ ਗੋਇਲ ਨੇ ਦੱਸਿਆ ਕਿ ਐਮਰਜੈਂਸੀ ਵਾਰਡ ’ਚ ਕਰੀਬ ਇੱਕ ਦਰਜਨ ਬੱਚੇ ਇਲਾਜ ਲਈ ਪਹੁੰਚੇ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਦੋ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬਠਿੰਡਾ : ਸਿਵਲ ਹਸਪਤਾਲ ’ਚ ਜਖ਼ਮੀਆਂ ਦਾ ਇਲਾਜ ਕਰਦੇ ਹੋਏ ਡਾਕਟਰ।