ਕੋਲਾ ਸੰਕਟ: ਪਾਵਰਕੌਮ ਨੇ 12 ਦਿਨਾਂ ’ਚ 2 ਅਰਬ 81 ਕਰੋੜ ਤੋਂ ਵੱਧ ਦੀ ਖਰੀਦੀ ਬਿਜਲੀ

Powercom

ਪਾਵਰ ਐਕਸਚੇਂਜ਼ ’ਚ ਲਗਾਤਾਰ ਮਿਲ ਰਹੀ ਐ ਮਹਿੰਗੀ ਬਿਜਲੀ

  • ਅੱਜ ਇੱਕ ਦਿਨ ’ਚ ਸਭ ਤੋਂ ਵੱਧ 36 ਕਰੋੜ 42 ਲੱਖ ਦੀ ਖਰੀਦ ਕਰਨੀ ਪਈ ਬਿਜਲੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੋਲੇ ਦੀ ਘਾਟ ਕਾਰਨ ਪਾਵਰਕੌਮ ਨੂੰ ਵੱਡਾ ਵਿੱਤੀ ਝਟਕਾ ਲੱਗ ਰਿਹਾ ਹੈ। ਪਾਵਰਕੌਮ ਵੱਲੋਂ 12 ਦਿਨਾਂ ਵਿੱਚ ਹੀ ਓਪਨ ਐਕਸਚੇਂਜ਼ ’ਚੋਂ 281.35 ਕਰੋੜ ਦੀ ਬਿਜਲੀ ਖਰੀਦੀ ਗਈ ਹੈ। ਪਾਵਰਕੌਮ ਵੱਲੋਂ ਅੱਜ ਇੱਕ ਦਿਨ ’ਚ ਹੀ 36 ਕਰੋੜ 42 ਲੱਖ ਰੁਪਏ ਦੀ 1600 ਮੈਗਾਵਾਟ ਬਿਜਲੀ ਖਰੀਦੀ ਗਈ ਹੈ। ਓਪਨ ਮਾਰਕਿਟ ’ਚ ਅੱਜ ਪਾਵਰਕੌਮ ਨੂੰ ਸਭ ਤੋਂ ਵੱਧ ਮਹਿੰਗੀ 14 ਰੁਪਏ 56 ਪੈਸੇ ਪ੍ਰਤੀ ਯੂਨਿਟ ਬਿਜਲੀ ਮਿਲੀ ਹੈ। ਇੱਧਰ ਅੱਜ ਰੋਪੜ ਥਰਮਲ ਪਲਾਂਟ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਚੱਲਣ ਕਾਰਨ ਕੁਝ ਰਾਹਤ ਵੀ ਮਿਲੀ ਹੈ।

ਦੱਸਣਯੋਗ ਹੈ ਕਿ ਪਾਵਰਕੌਮ ਪਹਿਲਾ ਹੀ 9 ਹਜ਼ਾਰ ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ ਤੇ ਉੱਪਰੋਂ ਕੋਲਾ ਸੰਕਟ ਨੇ ਪਾਵਰਕੌਮ ਨੂੰ ਵਿੱਤੀ ਪੱਖੋਂ ਹੋਰ ਝੰਜੋੜ ਦਿੱਤਾ ਹੈ। ਪਾਵਰਕੌਮ ਵੱਲੋਂ ਜੋ ਬਿਜਲੀ ਖਰੀਦੀ ਜਾ ਰਹੀ ਹੈ, ਉਸ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਕੋਲੇ ਦਾ ਜ਼ਿਆਦਾ ਸੰਕਟ ਪੈਦਾ ਹੋਇਆ ਹੈ, ਜਦੋਂ ਕਿ ਬਿਜਲੀ ਦੀ ਮੰਗ 8 ਹਜ਼ਾਰ ਤੋਂ 9 ਹਜ਼ਾਰ ਮੈਗਾਵਾਟ ਦੇ ਵਿੱਚ ਚੱਲ ਰਹੀ ਹੈ। 1 ਅਕਤੂਬਰ ਤੋਂ 12 ਅਕਤੂਬਰ ਤੱਕ ਪਾਵਰਕੌਮ ਨੇ ਓਪਨ ਐਕਸਚੇਂਜ਼ ਚੋਂ 294.37 ਮਿਲੀਅਨ ਯੂਨਿਟ ਬਿਜਲੀ ਖਰੀਦ ਕੀਤੀ ਗਈ ਹੈ। ਪਾਵਰਕੌਮ ਨੂੰ 12 ਦਿਨਾਂ ’ਚ ਹੀ 2 ਅਰਬ 81 ਕਰੋੜ 35 ਲੱਖ ਰੁਪਏ ਬਿਜਲੀ ਖਰੀਦਣ ਲਈ ਦੇਣੇ ਪਏ ਹਨ। ਜ਼ਿਕਰਯੋਗ ਹੈ ਕਿ ਐਕਸਚੇਂਜ਼ ’ਚੋਂ ਬਿਜਲੀ ਖਰੀਦਣ ਲਈ ਇੱਕ ਦਿਨ ਪਹਿਲਾਂ ਪੈਸੇ ਜਮ੍ਹਾ ਕਰਵਾਉਣੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਹੀ ਬਿਜਲੀ ਨਸੀਬ ਹੁੰਦੀ ਹੈ। 11 ਅਕਤੂਬਰ ਨੂੰ ਪਾਵਰਕੌਮ ਨੇ 33 ਕਰੋੜ 53 ਲੱਖ ਦੀ ਬਿਜਲੀ ਖਰੀਦੀ ਸੀ।

  • ਕੱਟਾਂ ਦਾ ਸਿਲਸਿਲਾ ਬਾਦਸਤੂਰ ਜਾਰੀ, ਕਿਸਾਨ ਅਤੇ ਆਮ ਲੋਕ ਔਖੇ

ਦੇਸ਼ ਅੰਦਰ ਕੋਲੇ ਦੀ ਚੱਲ ਰਹੀ ਘਾਟ ਕਾਰਨ ਐਕਸਚੇਂਜ਼ ’ਚ ਆਏ ਦਿਨ ਬਿਜਲੀ ਮਹਿੰਗੀ ਹੋ ਰਹੀ ਹੈ। ਪਾਵਰਕੌਮ ਨੂੰ ਅੱਜ ਕੁਝ ਰਾਹਤ ਇਹ ਮਿਲੀ ਹੈ ਕਿ ਸਰਕਾਰੀ ਥਰਮਲ ਪਲਾਂਟ ਰੋਪੜ ਦਾ ਬੰਦ ਪਿਆ 4 ਨੰਬਰ ਯੂਨਿਟ ਚੱਲ ਪਿਆ ਹੈ, ਜਿਸ ਨਾਲ ਕਿ 161 ਮੈਗਾਵਾਟ ਬਿਜਲੀ ਉਤਪਾਦਨ ਵਧਿਆ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਬ ਪਿਛਲੇ ਦਿਨੀ ਬੰਦ ਹੋਇਆ ਯੂਨਿਟ ਵੀ ਚੱਲ ਪਿਆ ਹੈ, ਜੋ ਕਿ 226 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਇੱਧਰ ਪਾਵਰਕੌਮ ਵੱਲੋਂ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਛੇ ਘੰਟੇ ਦੇਣ ਦੀ ਗੱਲ ਆਖੀ ਗਈ ਹੈ, ਇਸ ਨਾਲ ਵੀ ਪਾਵਰਕੌਮ ਨੂੰ ਜ਼ਿਆਦਾ ਬਿਜਲੀ ਦੀ ਜ਼ਰੂਰਤ ਹੈ। ਦਿਹਾਤੀ ਖੇਤਰਾਂ ’ਚ ਅੱਜ ਵੀ ਕੱਟ ਪਹਿਲਾਂ ਵਾਂਗ ਹੀ ਜਾਰੀ ਰਹੇ।

ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲੇ ਦੀ ਘਾਟ ਕਾਰਨ ਹੀ ਮਹਿੰਗੇ ਭਾਅ ਦੀ ਬਿਜਲੀ ਖਰੀਦਣੀ ਪੈ ਰਹੀ ਹੈ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ’ਚ ਕੋਲੇ ਦੀ ਸਮੱਸਿਆ ਹੱਲ ਹੋਣ ਦੇ ਆਸਾਰ ਹਨ ਉਨ੍ਹਾਂ ਕਿਹਾ ਕਿ ਅੱਜ ਇੱਕ ਸਰਕਾਰੀ ਥਰਮਲ ਤੇ ਇੱਕ ਪ੍ਰਾਈਵੇਟ ਥਰਮਲ ਦੇ ਯੂਨਿਟ ਚੱਲਣ ਕਾਰਨ ਪਾਵਰਕੌਮ ਨੂੰ ਰਾਹਤ ਮਿਲੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ