ਮੋਹਲੇਧਾਰ ਮੀਂਹ ਨੇ ਜਲ ਥਲ ਕੀਤਾ ਫਿਰੋਜ਼ਪੁਰ

Cloudy Rain, Water, Leveled Ferozepur, Flood

ਫਿਰੋਜ਼ਪੁਰ-ਫ਼ਰੀਦਕੋਟ ਰੋਡ ਨੇ ਧਾਰਿਆ ਨਹਿਰ ਦਾ ਰੂਪ

 ਸਤਪਾਲ ਥਿੰਦ, ਫਿਰੋਜ਼ਪੁਰ: ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਜ਼ਿਲ੍ਹਾ ਫਿਰੋਜ਼ਪੁਰ ‘ਚ ਸਵੇਰ ਵਕਤ ਹੋਈ ਮੋਹਲੇਧਾਰ ਬਾਰਸ਼ ਨਾਲ ਫਿਰੋਜ਼ਪੁਰ ਸ਼ਹਿਰ ਛਾਉਣੀ ਦੀਆਂ ਸੜਕਾਂ-ਗਲੀਆਂ ਪਾਣੀ ਨਾਲ ਭਰ ਗਈਆਂ । ਬਾਰਿਸ਼ ਹੋਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਪਿੰਡਾਂ-ਸ਼ਹਿਰਾਂ ਦੀਆਂ ਸੜਕਾਂ ਗਲੀਆਂ ‘ਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆਈਆਂ। ਸਵੇਰੇ ਦੇ ਕਰੀਬ 10 ਵਜੇ ਸ਼ੁਰੂ ਹੋਏ ਮੀਂਹ ਤੋਂ ਬਾਅਦ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ‘ਚ ਕਈ ਰਾਹਗੀਰ ਮੀਂਹ ਨਾਲ ਭਿੱਜਣ ਤੋਂ ਬਚਣ ਲਈ ਛੱਤਾਂ ਆਦਿ ਦਾ ਸਹਾਰਾ ਲੈ ਕੇ ਖੜ੍ਹੇ ਰਹੇ ਅਤੇ ਕਈ ਰਾਹਗੀਰ ਮੀਂਹ ਦਾ ਆਨੰਦ ਮਾਣਦੇ ਆਪਣੀਆਂ ਮੰਜ਼ਿਲਾਂ ਵੱਲ ਵਧਦੇ ਰਹੇ।

ਸਾਰਾ ਦਿਨ ਰੁਕ-ਰੁਕ ਕੇ ਹੁੰਦੀ ਬਾਰਸ਼ ਕਾਰਨ ਸੜਕਾਂ-ਗਲੀਆਂ ‘ਚ ਖੜ੍ਹਿਆ ਪਾਣੀ

ਮੀਂਹ ਪੈਣ ਕਾਰਨ ਦਿੱਲੀ  ਗੇਟ, ਘੁਮਿਆਰ ਮੰਡੀ ਅਤੇ ਫਿਰੋਜ਼ਪੁਰ ਸ਼ਹਿਰ ਛਾਉਣੀ ਦੀਆਂ ਵੱਖ-ਵੱਖ ਸੜਕਾਂ ਗਲੀਆਂ ਵਿੱਚ ਪਾਣੀ ਖੜ੍ਹ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਮੀਂਹ ਦੌਰਾਨ ਫਿਰੋਜ਼ਪੁਰ-ਫ਼ਰੀਦਕੋਟ ਰੋਡ ਨੇ ਨਹਿਰ ਵਰਗਾ ਰੂਪ ਧਾਰ ਲਿਆ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਆਈਆਂ । ਇਸ ਬਾਰਸ਼ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਵੀ ਮੀਂਹ ਪੈਣ ਕਾਰਨ ਖੁਸ਼ੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਮੀਂਹ ਪੈਣ ‘ਤੇ ਮੱਛਰ ਦੀ ਤਦਾਦ ਵੀ ਵਧ ਗਈ, ਜਿਸ ਕਾਰਨ ਸਿਹਤ ਵਿਭਾਗ ਦੀ ਟੀਮ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਡੇਂਗੂ, ਮਲੇਰੀਏ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਤਿਆਰ ਰਹਿਣਾ ਪਏਗਾ।