ਸਭ ਤੋਂ ਕਰੀਬੀ ਬਣਿਆ ਮੋਬਾਇਲ

Closest, Mobile, Phone, Article

ਅਸੀਂ 4 ਜੁਲਾਈ ਨੂੰ ਗੰਗਾਨਗਰ-ਹੁਰਿਦੁਆਰ ਵਾਲੀ ਟਰੇਨ ਰਾਹੀਂ ਬਰਨਾਲਾ ਵਾਪਸ ਆਉਣਾ ਸੀ। ਅਸੀਂ ਸਟੇਸ਼ਨ ‘ਤੇ ਪਹੁੰਚ ਗਏ, ਅਜੇ ਗੱਡੀ ਆਉਣ ਵਿੱਚ ਦੇਰ ਸੀ। ਅਸੀਂ ਏ.ਸੀ. ਉਡੀਕ ਕਮਰੇ ਵਿੱਚ ਸਮਾਨ ਲੈ ਕੇ ਚਲੇ ਗਏ। ਦੇਖਿਆ ਕਿ ਕੋਈ ਸੱਤ, ਅੱਠ ਲੰਮੇ ਬੈਂਚ ਜਿਹੜੇ ਯਾਤਰੀਆਂ ਦੇ ਲਈ ਲੱਗੇ ਹੋਏ ਸੀ। ਉਨ੍ਹਾਂ ‘ਤੇ ਇੱਕ-ਇੱਕ ਨੌਜਵਾਨ ਆਪਣੇ ਪੇਟ ‘ਤੇ ਮੋਬਾਇਲ ਰੱਖ ਕੇ ਕੰਨਾਂ ਵਿੱਚ ਈਅਰਫ਼ੋਨ ਲਗਾ ਕੇ ਲੇਟੇ ਹੋਏ ਸੀ। ਦੁਨੀਆਂ ਤੋਂ ਬੇਖ਼ਬਰ ਪਤਾ ਨਹੀਂ ਕਿਸ ਨੂੰ ਕੀ ਦੱਸ ਰਹੇ ਸਨ? ਆਪਣੇ ਸਮਾਨ ਦੀ ਵੀ ਪਰਵਾਹ ਕੀਤੇ ਬਿਨਾਂ ਮਸਤ ਨੌਜਵਾਨਾਂ ਨੂੰ ਅਸੀਂ ਸੀਟ ਦੇਣ ਲਈ ਹਿਲਾ-ਹਿਲਾ ਕੇ ਉਠਾਇਆ, ਕਿਉਂਕਿ ਕੰਨਾਂ ਵਿੱਚ ਈਅਰਫੋਨ ਲੱਗੇ ਹੋਣ ਕਾਰਨ ਉਨ੍ਹਾਂ ਨੂੰ ਕੋਈ ਆਵਾਜ਼ ਨਹੀਂ ਸੁਣ ਰਹੀ ਸੀ।

ਹੌਲੀ-ਹੌਲੀ ਉਡੀਕ ਕਰਨ ਵਾਲਾ ਕਮਰਾ ਭਰਨ ਲੱਗਾ ਅਤੇ ਅਸੀਂ ਹੈਰਾਨ ਰਹਿ ਗਏ ਕਿ ਕੀ ਬੁੱਢੇ, ਕੀ 40-50 ਸਾਲ ਦੇ ਵਿਅਕਤੀ ਜਿਵੇਂ ਮੂੰਹ ਦੇਖਣਾ ਹੁੰਦਾ ਹੈ ਇਸ ਤਰ੍ਹਾਂ ਸ਼ੀਸ਼ੇ ਦੀ ਤਰ੍ਹਾਂ ਮੋਬਾਇਲ ਹੱਥ ਵਿੱਚ ਲੈ ਕੇ, ਪਤਾ ਨਹੀਂ ਕੀ ਕਿਸਦੇ ਨਾਲ ਗੱਲਾਂ ਕਰ ਰਹੇ ਸਨ। ਕਿਸੇ ਨੂੰ ਕਿਸੇ ਨਾਲ ਕੋਈ ਦਿਲਚਸਪੀ ਨਹੀਂ ਸੀ। ਸਗੋਂ ਔਰਤਾਂ ਅਤੇ ਬੱਚੇ ਵੀ ਆਪਣੇ-ਆਪਣੇ ਮੋਬਾਇਲ ਫ਼ੋਨ ‘ਤੇ ਮਸਤ ਸਨ। ਨਾ ਕਿਸੇ ਨੂੰ ਹੁਰਿਦੁਆਰ ਦੀਆਂ ਗੱਲਾਂ, ਨਾ ਘਰ ਜਾਣ ਦਾ ਜੋਸ਼, ਬੱਸ ਸਾਰਿਆਂ ਦੇ ਦੋਸਤ ਮੋਬਾਇਲ ਸਨ।

ਇਹ ਵੀ ਪੜ੍ਹੋ

ਗੱਡੀ ਵਿੱਚ ਸੀਟ ਲੈ ਕੇ ਬੈਠੇ ਤਾਂ ਇੱਕ ਲੜਕੀ ਜਿਸਦੇ ਮਾਂ-ਬਾਪ ਆਪਣੇ ਗਰੁੱਪ ਵਾਲਿਆਂ  ਨਾਲ ਗੱਪਾਂ ਮਾਰ ਰਹੇ ਸਨ ਪਰ ਲੜਕੀ ਨੂੰ ਮਜ਼ਾ ਨਹੀਂ ਆ ਰਿਹਾ ਸੀ ਉਹ ਸਾਡੇ ਕੋਲ ਆ ਕੇ ਬੋਲੀ ”ਮੈਂ ਪੇਪਰ ਦੇ ਕੇ ਬਹੁਤ ਥੱਕੀ ਪਈ ਆਂ, ਉਥੇ ਬਹੁਤ ਸ਼ੋਰ ਹੋ ਰਿਹਾ ਹੈ। ਮੈਨੂੰ ਖਿੜਕੀ ਵਾਲੀ ਸੀਟ ਚਾਹੀਦੀ ਆ” ਅਸੀਂ ਉਸਦੀ ਮਜਬੂਰੀ ਸਮਝਦੇ ਹੋਏ ਖਿੜਕੀ ਵਾਲੀ ਸੀਟ ਦੇ ਦਿੱਤੀ। ਬੱਸ ਬੈਠਦੇ ਸਾਰ ਹੀ ਉਸ ਲੜਕੀ ਨੇ ਆਪਣੇ ਕੰਨਾਂ ਵਿੱਚ ਈਅਰ ਫ਼ੋਨ ਲਗਾਏ, ਸ਼ੀਸ਼ੇ ਦੀ ਤਰ੍ਹਾਂ ਸਾਹਮਣੇ ਰੱਖਿਆ, ਨਾ ਜਾਣੇ ਕਈ ਘੰਟੇ ਗੱਲਾਂ ਕਰਦੀ ਰਹੀ, ਇਹੀ ਸੀ ਉਸਦਾ ਇਕੱਲੇ ਬੈਠਣ ਦਾ ਇਰਾਦਾ।

ਹੱਦ ਤਾਂ ਉਦੋਂ ਹੋ ਗਈ, ਜਦੋਂ ਕੁਝ ਸਵਾਰੀਆਂ ਅੰਬਾਲਾ ਸਟੇਸ਼ਨ ‘ਤੇ ਉੱਤਰੀਆਂ, ਇੱਕ ਬੈਗ ਸੀਟਾਂ ਦੇ ਵਿਚਕਾਰ ਰਸਤੇ ਵਿੱਚ ਪਿਆ ਸੀ, ਜਿਸਦੇ ਬਾਰੇ ਕਈ ਸਵਾਰੀਆਂ ਨੂੰ ਉੱਚੀ ਅਵਾਜ਼ ‘ਚ ਕਈ ਵਾਰ ਪੁੱਛਿਆ ਪਰ ਉਸਦੇ ਮਾਲਕ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਕਿ ਇੱਥੇ ਇੱਕ ਲਵਾਰਸ ਬੈਗ ਪਿਆ ਹੈ, ਜਿਸਦੇ ਬਾਰੇ ਪੁੱਛਣ ਤੇ ਕਿਸੇ ਨੇ ਆਪਣਾ ਹੋਣ ਦੀ ਹਾਮੀ ਨਹੀਂ ਭਰੀ।

ਪਰਮਾਤਮਾ ਨੇ ਏਨੀ ਖੂਬਸੂਰਤ ਦੁਨੀਆ ਬਣਾਈ ਹੈ,

ਸਾਰਿਆਂ ਨੂੰ ਡਰ ਹੋ ਗਿਆ ਸੀ ਕਿਤੇ ਕੋਈ ਬੰਬ ਜਾਂ ਕੋਈ ਹੋਰ ਨੁਕਸਾਨਦੇਹ ਸਮਾਨ ਨਾ ਹੋਵੇ। ਜਿਸ ਤੋਂ ਬਾਦ ਲੋਕ ਉਸ ਬਾਰੇ ਉੱਚੀ-ਉੱਚੀ ਰੌਲਾ ਪਾਉਣ ਲੱਗ ਗਏ ਤਾਂ ਏਨੇ ਵਿੱਚ ਇੱਕ 20-22 ਸਾਲ ਦੀ ਉਮਰ ਦਾ ਲੜਕਾ ਕੰਨਾਂ ਵਿੱਚੋਂ ਮੋਬਾਇਲ ਦੇ ਈਅਰਫ਼ੋਨ ਕੱਢ ਕੇ ਭੱਜਿਆ ਆਇਆ ਤੇ ਬੋਲਿਆ, ”ਇਹ ਬੈਗ ਤਾਂ ਮੇਰਾ ਹੈ” ਜਿਸਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਮੋਬਾਇਲ ਵਿੱਚ ਏਨਾ ਮਸਤ ਸੀ ਕਿ ਉਸਨੂੰ ਆਪਣੇ ਸਮਾਨ ਦੀ ਵੀ ਪਰਵਾਹ ਨਹੀਂ ਸੀ। ਜਦੋਂ ਉਸਨੂੰ ਬੈਗ ਆਪਣਾ ਹੋਣ ਦੀ ਪੁਸ਼ਟੀ ਕੀਤੀ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।

ਪਰਮਾਤਮਾ ਨੇ ਏਨੀ ਖੂਬਸੂਰਤ ਦੁਨੀਆ ਬਣਾਈ ਹੈ, ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਉਠਾਓ। ਆਪਣੀ ਸਰੀਰਕ ਊਰਜਾ ਖੇਡਾਂ, ਪੜ੍ਹਾਈ ਅਤੇ ਮਿਹਨਤ ਕਰਨ ਵਿੱਚੋਂ ਵਰਤੋਂ ਅਤੇ ਮਾਤਾ-ਪਿਤਾ ਦੀ ਸੇਵਾ ਕਰੋ ਅਤੇ ਦਿਲ ਖੋਲ੍ਹ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਉ। ਫਿਰ ਬਾਦ ‘ਚ ਪਛਤਾਉਣ ਦਾ ਕੀ ਫ਼ਾਇਦਾ?

ਮੇਰੀ ਇੱਕ ਸਹੇਲੀ ਜਦੋਂ ਚੰਗੀਗੜ੍ਹ ਵਿੱਚ ਐਮ.ਏ. ਕਰ ਰਹੀ ਸੀ ਤਾਂ ਉਹ ਦਿਨ-ਰਾਤ ਈਅਰਫ਼ੋਨ ਲਾ ਕੇ ਗਾਣੇ ਸੁਣਦੀ ਰਹਿੰਦੀ ਸੀ। ਕਾਫ਼ੀ ਸਮਾਂ ਬਾਦ ਨਤੀਜਾ ਇਹ ਰਿਹਾ ਕਿ ਉਸਦੇ ਕੰਨ ਰਿਸਣ ਲੱਗ ਗਏ ਅਤੇ ਸਿਰ ਵਿੱਚ ਦਰਦ ਰਹਿਣ ਲੱਗ ਪਿਆ। ਸੋ ਦੋਸਤੋ ਕਿਤੇ ਵੀ ਕੰਮ ‘ਤੇ ਜਾਓ, ਖੁੱਲ੍ਹੀਆਂ ਅੱਖਾਂ ਨਾਲ ਦੁਨੀਆ ਦੇਖੋ। ਸਾਇਕਲ, ਸਕੂਟਰ ਅਤੇ ਕਾਰ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰੋ ਤਾਂ ਕਿ ਖੂਬਸੂਰਤ ਜ਼ਿੰਦਗੀ ਵਿੱਚ ਕਿਸੇ ਹਾਦਸੇ ਦਾ ਖ਼ਤਰਾ ਨਾ ਹੋਵੇ।
ਪੁਸ਼ਪਾ ਮਿੱਤਲ, ਪੀ.ਆਰ.ਓ. ਵਾਈ. ਐਸ. ਗਰੁੱਪ ,ਬਰਨਾਲਾ। 
ਮੋ: 94175-24270

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।