ਮਿਜਾਜ਼ ਪੁਰਸ਼ੀ ਦੀ ਕਲਾ ‘ਚ ਮਾਹਿਰ ਹੋਣਾ ਜ਼ਰੂਰੀ

Expert, Mood, Swings, Patient, Article

ਮੇਰਾ ਬੇਟਾ ਕੈਨੇਡਾ ਤੋਂ ਆਇਆ ਅਤੇ ਆਉਂਦਾ ਹੀ ਬਿਮਾਰ ਹੋ ਗਿਆ ਉਸਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਾਉਣਾ ਪਿਆ ਹਸਪਤਾਲ ਵਿੱਚ ਮਿੱਤਰ ਦੋਸਤ ਮਿਜਾਜ਼ ਪੁਰਸ਼ੀ ਲਈ ਆਉਣ ਲੱਗੇ ਇਨ੍ਹਾਂ ਵਿੱਚ ਡਾਕਟਰ ਜੋੜਾ ਵੀ ਸੀ ਡਾਕਟਰ ਨੇ ਬਿਮਾਰੀ ਬਾਰੇ ਪੁੱਛਿਆ ਤਾਂ ਬੇਟੇ ਨੇ ਦੱਸ ਦਿੱਤਾ

”ਅੱਛਾ, ਇਹ ਤਾਂ ਬੜੀ ਖਤਰਨਾਕ ਬਿਮਾਰੀ ਹੈ ਇਸ ਲਈ ਤਾਂ ਸਰਜਰੀ ਕਰਨੀ ਪੈਂਦੀ ਹੈ ਪੂਰਾ ਢਿੱਡ ਪਾੜਣਾ ਪੈਂਦਾ ਹੈ ਵੱਡੀ ਤਕਲੀਫ਼ ਵਾਲਾ ਕੰਮ ਇਹ ਤਾਂ” ਡਾਕਟਰ ਸਾਹਬ ਆਪਣੇ ਪੂਰੇ ਗਿਆਨ ਅਨੁਸਾਰ ਵਿਖਿਆਨ ਕਰ ਦਿੱਤਾ ਜਿਉਂ-ਜਿਉਂ ਡਾਕਟਰ ਦੱਸ ਰਿਹਾ ਸੀ ਰੋਗੀ ਦਾ ਚਿਹਰਾ ਉੱਤਰਦਾ ਜਾ ਰਿਹਾ ਸੀ ਡਾਕਟਰ ਜੋੜਾ ਤਾਂ ਚਲਾ ਗਿਆ ਪਰ ਮੇਰਾ ਬੇਟੇ ਨੂੰ ਬੁਰੀ ਤਰ੍ਹਾਂ ਡਰਾ ਗਿਆ ਰਾਤ ਸਮੇਂ ਉਹ ਕਹਿਣ ਲੱਗਾ ਕਿ ਮੈਨੂੰ ਤਾਂ ਡਰ ਕਾਰਨ ਨੀਂਦ ਨਹੀਂ ਆ ਰਹੀ ਮੈਂ ਉਸਨੂੰ ਸਮਝਾਉਣ ਲੱਗਾ ਕਿ ਉਹ ਦਵਾਈਆਂ ਨਾਲ ਠੀਕ ਹੋ ਜਾਵੇਗਾ ਅਤੇ ਅਪ੍ਰੇਸ਼ਨ ਦੀ ਲੋੜ ਨਹੀਂ ਪੈਣੀ ਪਰ ਸੱਚੀ ਗੱਲ  ਮੈਂ ਵੀ ਅੰਦਰੋਂ ਡਰ ਗਿਆ ਸਾਂ

ਹਸਪਤਾਲ ਵਿੱਚ ਬਿਤਾਏ ਦਿਨਾਂ ਦੌਰਾਨ ਮੈਂ ਨੋਟ ਕੀਤਾ ਕਿ ਬਹੁਤ ਸਾਰੇ ਲੋਕਾਂ ਨੂੰ ਮਿਜਾਜ਼ ਪੁਰਸ਼ੀ ਦੀ ਕਲਾ ਨਹੀਂ ਆਉਂਦੀ ਹਾਂ, ਇਹ ਵੀ ਸੱਚਮੁੱਚ ਇੱਕ ਕਲਾ ਹੀ ਹੈ ਤੁਸੀਂ ਰੋਗੀ ਅਤੇ ਉਸਦੇ ਪਰਿਵਾਰ ਨੂੰ ਹੌਂਸਲਾ ਦੇਣਾ ਹੁੰਦਾ ਹੈ ਨਾ ਕਿ ਉਸਨੂੰ ਨਕਾਰਤਮਕ ਗੱਲਾਂ ਕਰਕੇ ਢਹਿੰਦੀ ਕਲਾ ਵਿੱਚ ਲੈ ਕੇ ਜਾਣਾ ਹੁੰਦਾ ਹੈ ਕਈ ਲੋਕ ਅਜਿਹੀਆਂ ਦਿਲ ਢਾਹੂ ਗੱਲਾਂ ਕਰਦੇ ਹਨ ਕਿ ਮੰਜੇ ‘ਤੇ ਪਏ ਬਿਮਾਰ ਅਤੇ ਉਸਦੇ ਪਰਿਵਾਰ ਵਾਲੇ ਬੁਰੀ ਤਰ੍ਹਾਂ ਡਰ ਜਾਂਦੇ ਹਨ

ਫਰਜ਼ ਕਰੋ ਕੋਈ ਵਿਅਕਤੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ ਜਦੋਂ ਕੋਈ ਜਾ ਕੇ ਇਹ ਕਹੇਗਾ ਕਿ ਕੈਂਸਰ ਰੋਗੀ ਤਾਂ ਕੋਈ ਕਿਸਮਤ ਨਾਲ ਬਚਦਾ ਹੈ ”ਸਾਡੇ ਮਾਮੇ ਦਾ ਅਸੀਂ ਬੜਾ ਮਹਿੰਗਾ ਇਲਾਜ਼ ਕਰਾਇਆ, ਅਮਰੀਕਾ ਜਾ ਕੇ, ਪਰ ਉਹ ਛੇ ਮਹੀਨੇ ਨਹੀਂ ਕੱਟ ਸਕਿਆ ਉਸਨੂੰ ਵੀ ਤੁਹਾਡੇ ਵਾਂਗ ਗਲੇ ਦਾ ਕੈਂਸਰ ਸੀ” ਹੁਣ ਦੱਸੋ ਕਿ ਰੋਗੀ ਮਾਨਸਿਕ ਤੌਰ ‘ਤੇ ਢਹਿੰਦੀ ਕਲਾ ‘ਚ ਜਾਵੇਗਾ ਹੀ ਚਾਹੀਦਾ ਤਾਂ ਇਹ ਸੀ ਕਿ  ਇਹ ਕਿਹਾ ਜਾਂਦਾ ”ਕੋਈ ਗੱਲ ਨਹੀਂ, ਅੱਜ ਕੱਲ੍ਹ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਸ਼ੁਕਰ ਹੈ ਪਰਮਾਤਮਾ ਦਾ ਵਕਤ ਰਹਿੰਦੇ ਪਤਾ ਲੱਗ ਗਿਆ ਬੜੀ ਜਲਦੀ ਠੀਕ ਹੋ ਜਾਵੇਗਾ

ਆਹ, ਵੇਖੋ, ਯੁਵਰਾਜ ਕੈਂਸਰ ਤੋਂ ਠੀਕ ਹੋ ਕੇ ਮੁੜ ਭਾਰਤੀ ਟੀਮ ਲਈ ਛੱਕੇ ਮਾਰ ਰਿਹਾ ਹੈ” ਅਜਿਹੇ ਸ਼ਬਦਾਂ ਨਾਲ ਤੁਸੀਂ ਰੋਗੀ ਦਾ ਹੌਂਸਲਾ ਵਧਾ ਦਿੰਦੇ ਹੋ ਅਤੇ ਉਹ ਚੜ੍ਹਦੀ ਕਲਾ ‘ਚ ਰਹਿ ਕੇ ਰੋਗ ਦਾ ਪੂਰੇ ਦਿਲ ਨਾਲ ਬਿਮਾਰੀ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ ਹੈ ਅਸਲ ਵਿੱਚ ਰੋਗੀ ਦੀ ਮਿਜਾਜ਼ ਪੁਰਸ਼ੀ ਪਿੱਛੇ ਇਹੀ ਤਰਕ ਕੰਮ ਕਰ ਰਿਹਾ ਹੈ ਹੁੰਦਾ ਹੈ ਇਹ ਮਹਿਜ ਇੱਕ ਵਿਖਾਵਾ ਨਹੀਂ ਹੁੰਦਾ ਭਾਵੇਂ ਅੱਜ ਕੱਲ੍ਹ ਇਹ ਵਿਖਾਵਾ ਵੀ ਬਣਦਾ ਜਾ ਰਿਹਾ ਹੈ

ਸੋ ਮਿਜਾਜ਼ ਪੁਰਸ਼ੀ ਦੀ ਕਲਾ ਨੂੰ ਸਿੱਖਣਾ ਜ਼ਰੂਰੀ ਹੈ ਨਵੀਂ ਪੀੜ੍ਹੀ ਇਸ ਕੰਮ ਵਿੱਚ ਪੁਰਾਣੀ ਪੀੜ੍ਹੀ ਨਾਲੋਂ ਜ਼ਿਆਦਾ ਠੀਕ ਹੈ ਉਨ੍ਹਾਂ ਨੂੰ ”ਗੈੱਟ ਵੈਲ ਸੂਨ’ ਕਹਿਣਾ ਅਤੇ ਪਲੱਸਤਰਾਂ ‘ਤੇ ਲਿਖਣਾ ਆਉਂਦਾ ਹੈ ਨੌਜਵਾਨਾਂ ਵਿੱਚ ਢਹਿੰਦੀ ਕਲਾ ਵੱਲ ਲਿਜਾਣ ਵਾਲੀਆਂ ਕਹਾਣੀਆਂ ਸੁਣਾਉਣ ਦੀ ਬਿਰਤੀ ਘੱਟ ਹੁੰਦੀ ਹੈ ਇਸ ਕੰਮ ਵਿੱਚ ਸਾਨੂੰ ਸਵੈ-ਪੜਚੋਲ ਕਰਕੇ ਇਹ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਕੀ ਸਾਨੂੰ ਮਿਜਾਜ਼ ਪੁਰਸ਼ੀ ਦੀ ਕਲਾ ਆਉਂਦੀ ਹੈ ਕੀ ਅਸੀਂ ਰੋਗੀ ਦੇ ਸਾਹਮਣੇ ਮੌਤ ਅਤੇ ਨਾ ਠੀਕ ਹੋਣ ਦੀਆਂ ਗੱਲਾਂ ਕਰਦੇ ਹਾਂ?

ਕੀ ਅਸੀਂ ਅਜਿਹੇ ਕਿੱਸੇ ਕਹਾਣੀਆਂ ਤਾਂ ਨਹੀਂ ਸੁਣਾਉਂਦੇ ਜੋ ਮਰੀਜ਼ ਦੇ ਮਨ ਵਿੱਚ ਡਰ ਪੈਦਾ ਕਰਕੇ ਉਸਨੂੰ ਮਾਨਸਿਕ ਤੌਰ ‘ਤੇ ਢਹਿੰਦੀ ਕਲਾ ਵਿੱਚ ਲੈ ਆਉਂਦੇ ਹਨ, ਕੀ ਅਸੀਂ ਮਰੀਜ਼ ਦੇ ਸਾਹਮਣੇ ਅਜਿਹੇ ਲੋਕਾਂ ਦੀਆਂ ਗੱਲਾਂ ਕਰਦੇ ਹਾਂ ਜੋ ਹਿੰਮਤ ਨਾਲ ਬਿਮਾਰੀ ਦਾ ਮੁਕਾਬਲਾ ਕਰਕੇ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਹਨ ਅਜਿਹੇ ਸਵਾਲ ਤੁਹਾਨੂੰ ਇਹ ਕਲਾ ਸਿਖਾਉਣ ਲਈ ਮੱਦਦਗਾਰ ਹੋਣਗੇ

ਸਿੱਧੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੇ ਵੀ ਬਿਮਾਰ ਦੀ ਮਿਜਾਜ਼ ਪੁਰਸ਼ੀ ਲਈ ਜਾਵੋ ਤਾਂ ਜੇ ਹੋ ਸਕੇ ਤਾਂ ਫੁੱਲਾਂ ਦਾ ਗੁਲਦਸਤਾ ਲੈਕੇ ਜਾਵੋ, ਮਰੀਜ਼ ਨੂੰ ਥੋੜ੍ਹਾ ਮੁਸ਼ਕਰਾ ਕੇ ਮਿਲੋ ਉਸਨੂੰ ਨਿੱਘੀ ਹੱਥ ਘੁੱਟਣੀ ਨਾਲ ਆਪਣੇ ਅਹਿਸਾਸ ਸਮਝਾਉਣ,ਜੇ ਗੱਲਾਂ ਕਰਨੀਆਂ ਵੀ ਹੋਣ ਤਾਂ ਪ੍ਰੇਰਨਾਤਮਕ ਅਤੇ ਚੰਗੀਆਂ ਚੰਗੀਆਂ ਗੱਲਾਂ ਕਰੋ ਜੇ ਉਮਰ ਵਿੱਚ ਹੋ ਤਾਂ ਅਸ਼ੀਰਵਾਦ ਦਿਉ

ਜੇ ਮਰੀਜ਼ ਵੱਡਾ ਹੋਵੇ ਤਾਂ ਸ਼ੁੱਭ ਇੱਛਾਵਾਂ ਦੇ ਨਾਲ-ਨਾਲ ਅਰਦਾਸ ਕਰੋ ਬਿਮਾਰ ਦੇ ਪਰਿਵਾਰਕ ਮੈਂਬਰਾਂ ਦਾ ਵੀ ਹੌਂਸਲਾ ਵਧਾਓ ਰਿਸ਼ਤੇ ਦੇ ਮੁਤਾਬਕ ਵਿਹਾਰ ਕਰੋ ਅਤੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਧੇਲੇ ਦੀ ਸਹਾਇਤਾ ਬਾਰੇ ਵੀ ਠੀਕ-ਠੀਕ ਸ਼ਬਦਾਂ ਵਿੱਚ ਪੁੱਛਿਆ ਜਾ ਸਕਦਾ ਹੈ ਕੁਝ ਵੀ ਹੋਵੇ ਅਜਿਹੇ ਮੌਕੇ ਰੋਗੀ ਦਾ ਪਤਾ ਲੈਣਾ ਜ਼ਰੂਰੀ ਹੁੰਦਾ ਹੈ ਇਸ ਨਾਲ ਉਸਨੂੰ ਹੌਂਸਲਾ ਮਿਲਦਾ ਹੈ ਸੋ ਮਿਜਾਜ਼ ਪੁਰਸ਼ੀ ਲਈ ਜ਼ਰੂਰ ਜਾਉ ਅਤੇ ਬਿਮਾਰ ਦਾ ਹੌਂਸਲਾ ਵਧਾਓ

ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 
ਮੋ- 98723-14380

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।