ਬਾਲ ਕਹਾਣੀ : ਸਬਕ (Lessons)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹੀ ਦੀਵਾਲੀ ਮਨਾਉਣ ਲੱਗ ਪਿਆ ਸੀ।
ਉਹ ਮੁੱਛਲ ਦੀ ਹੱਟੀ ਤੋਂ ਲਾਲ ਬੰਬਾਂ ਦੇ ਦੋ ਪੈਕਟ ਖਰੀਦ ਲਿਆਇਆ ਸੀ। ਹੁਣ ਕੋਠੇ ਚੜ੍ਹ ਕੇ ਮਜ਼ੇ ਨਾਲ ਚਲਾ ਰਿਹਾ ਸੀ। ਮਾਚਿਸ ਉਹ ਥੱਲਿਓਂ ਰਸੋਈ ਵਿੱਚੋਂ ਚੁੱਕ ਲਿਆਇਆ ਸੀ। ਬੰਬ ਚਲਾਉਂਦਿਆਂ ਮਾਚਿਸ ਖਾਲੀ ਹੋ ਗਈ। ਉਹ ਥੱਲਿਓਂ ਮਾਂ ਤੋਂ ਚੋਰੀ ਇੱਕ ਹੋਰ ਤੀਲਾਂ ਦੀ ਡੱਬੀ ਚੁੱਕ ਲਿਆਇਆ। ਜਿਹੜੀ ਡੱਬੀ ਖਾਲੀ ਹੋ ਗਈ ਸੀ ਉਸ ਵਿੱਚ ਉਸ ਨੇ ਲਾਲ ਬੰਬ ਫਸਾ ਕੇ ਚਲਾਇਆ।
ਤੀਲਾਂ ਦੀ ਡੱਬੀ ਤੂੰਬਾ-ਤੂੰਬਾ ਹੋ ਕੇ ਖਿੱਲਰ ਗਈ। ਉਸ ਨੂੰ ਟੁੱਟੀ ਡੱਬੀ ਵੇਖ ਕੇ ਬੜਾ ਸਵਾਦ ਜਿਹਾ ਆਇਆ। ਫਿਰ ਉਸ ਇੱਲਤੀ ਨੇ ਇੱਕ ਲਾਲ ਬੰਬ ਹੱਥ ‘ਚ ਫੜ ਕੇ ਚਲਾਇਆ। ਬੰਬ ਬੇਸ਼ੱਕ ਛੋਟਾ ਸੀ ਪਰ ਉਸ ਦੇ ਹੱਥ ਨੂੰ ਸੇਕ ਤਾਂ ਲੱਗ ਹੀ ਗਿਆ ਸੀ। ਉਸ ਨੇ ਕੋਈ ਪ੍ਰਵਾਹ ਨਾ ਕੀਤੀ। ਸਗੋਂ ਹੱਥ ‘ਚ ਫੜ ਕੇ ਕਈ ਬੰਬ ਹੋਰ ਚਲਾ ਦਿੱਤੇ। ਕਦੇ ਉਹ ਹੱਥ ‘ਚ ਫੜਿਆ ਬੰਬ ਧੁਖ਼ਦਾ ਹੀ ਛੱਤ ਤੋਂ ਥੱਲੇ ਸੁੱਟ ਦਿੰਦਾ। ਬਾਹਰ ਵੀਹੀ ਵਿੱਚ ਉਹ ਕਿਸੇ ਦੇ ਸਿਰ ‘ਤੇ ਡਿੱਗੇ ਜਾਂ ਕਿਸੇ ਦੇ ਗਲਮੇ ਵਿੱਚ ਪਵੇ, ਉਸ ਨੂੰ ਕੋਈ ਪ੍ਰਵਾਹ ਨਹੀਂ ਸੀ। ਉਹ ਤਾਂ ਇੱਲਤਾਂ ਕਰ-ਕਰ ਕੇ ਭਰਪੂਰ ਮਜ਼ਾ ਲੈ ਰਿਹਾ ਸੀ। ਨਵੀਂ ਤੋਂ ਨਵੀਂ ਹੋਰ ਇੱਲਤ ਸੋਚ ਰਿਹਾ ਸੀ।
Children’s story: Lessons
ਅਚਾਨਕ ਮਹਿੰਦਰ ਦੀ ਨਿਗਾਹ ਬਾਥਰੂਮ ਦੀ ਛੱਤ ‘ਤੇ ਪਏ ਟੀਨ ਦੇ ਡੱਬੇ ‘ਤੇ ਪਈ। ਇਹ ਮੋਬਾਇਲ ਵਾਲਾ ਟੀਨ ਦਾ ਖਾਲੀ ਡਿੱਬਾ ਸੀ। ਉਸ ਦਾ ਅੱਧ-ਵੱਢਿਆ ਮੂੰਹ ਬਘਿਆੜ ਵਾਂਗ ਜਾਪਦਾ ਸੀ। ਮਹਿੰਦਰ ਤੁਰੰਤ ਜਾ ਕੇ ਡੱਬਾ ਚੁੱਕ ਲਿਆਇਆ। ਉਸ ਨੇ ਡੱਬੇ ਥੱਲੇ ਰੱਖ ਕੇ ਇੱਕ ਲਾਲ ਬੰਬ ਚਲਾਇਆ। ਪਟਾਕੇ ਨਾਲ ਡੱਬਾ ਗਿੱਠ ਕੁ ਉੱਚਾ ਬੁੜ੍ਹਕਿਆ ਪਰ ਮਹਿੰਦਰ ਨੂੰ ਮਜ਼ਾ ਜਿਹਾ ਨਹੀਂ ਆਇਆ। ਉਹ ਟੀਨ ਦੇ ਡੱਬੇ ਨੂੰ ਤੀਲਾਂ ਦੀ ਡੱਬੀ ਵਾਂਗ ਖਿੱਲਰਿਆ ਹੋਇਆ ਵੇਖਣਾ ਚਾਹੁੰਦਾ ਸੀ। ਉਸ ਨੇ ਸੋਚਿਆ ਕਿ ਡੱਬੇ ਵਿੱਚ ਰੱਖ ਕੇ ਕੋਈ ਵੱਡਾ ਬੰਬ ਚਲਾਇਆ ਜਾਵੇ। ਫਿਰ ਇਹ ਡੱਬਾ ਤੀਲਾਂ ਦੀ ਡੱਬੀ ਵਾਂਗ ਫਟ ਸਕਦਾ ਹੈ।
Children’s story
ਉਹ ਕੋਠਿਓਂ ਥੱਲੇ ਉੱਤਰਿਆ। ਆਪਣੇ ਬਸਤੇ ਵਿੱਚੋਂ ਮੈਥ ਦੀ ਕਿਤਾਬ ਵਿੱਚ ਰੱਖੇ ਵੀਹ ਰੁਪਈਏ ਕੱਢ ਕੇ ਤੁਰੰਤ ਮੁੱਛਲ ਦੀ ਦੁਕਾਨ ‘ਤੇ ਜਾ ਪੁੱਜਾ। ਉਸ ਨੇ ਵੀਹਾਂ ਰੁਪਈਆਂ ਦਾ ਇੱਕ ਬੰਬ ਗੋਲਾ ਖਰੀਦ ਲਿਆਂਦਾ, ”ਹੁਣ ਡੱਬੇ ਦੇ ਉੱਡਣਗੇ ਪੁਰਜ਼ੇ!!!” ਉਹ ਮਨ ਹੀ ਮਨ ਸੋਚ ਕੇ ਖੁਸ਼ ਹੋ ਗਿਆ। ਕੋਠੇ ਉੱਤੇ ਆ ਕੇ ਉਸ ਨੇ ਟੀਨ ਦਾ ਡੱਬਾ ਵਿਹੜੇ ਵਾਲੇ ਪਾਸੇ ਬਨੇਰੇ ਉੱਤੇ ਮੂਧਾ ਰੱਖ ਲਿਆ।
ਉਸ ਨੇ ਡੱਬੇ ਹੇਠਾਂ ਬੰਬ ਗੋਲਾ ਰੱਖ ਕੇ ਬਿਨਾ ਸੋਚੇ-ਸਮਝੇ ਧਾਗੇ ਨੂੰ ਅੱਗ ਲਾ ਦਿੱਤੀ। ਧਾਗੇ ਵਿੱਚੋਂ ਚੰਗਿਆੜੀਆਂ ਨਿੱਕਲੀਆਂ ਤੇ ਅੱਖ ਦੇ ਫੋਰ ਵਿੱਚ ਗੋਲਾ ਫਟ ਗਿਆ। ਟੀਨ ਦਾ ਡੱਬਾ ਪੰਦਰਾਂ-ਵੀਹ ਫੁੱਟ ਉੱਪਰ ਤੱਕ ਉੱਛਲ ਕੇ ਹੇਠਾਂ ਵਿਹੜੇ ਵਿੱਚ ਆ ਡਿੱਗਿਆ। ਮਹਿੰਦਰ ਦੇ ਪਿਤਾ ਜੀ ਵਿਹੜੇ ਵਿੱਚ ਕੁਰਸੀ ਉੱਤੇ ਬੈਠੇ ਕਿਤਾਬ ਪੜ੍ਹ ਰਹੇ ਸਨ। ਡੱਬਾ ਉਨ੍ਹਾਂ ਦੇ ਉੱਤੇ ਡਿੱਗਿਆ ਸੀ। ਟੁੱਟ ਚੁੱਕੇ ਡੱਬੇ ਦੀ ਟੀਨ ਬਲੇਡ ਵਾਂਗ ਤਿੱਖੀ ਸੀ। ਡੱਬਾ ਵੱਜਣ ਨਾਲ ਮਹਿੰਦਰ ਦੇ ਪਿਤਾ ਜੀ ਦਾ ਸਿਰ, ਮੱਥਾ ਅਤੇ ਨੱਕ ਜ਼ਖਮੀ ਹੋ ਗਿਆ। ਖੂਨ ਵਗਣ ਲੱਗ ਪਿਆ ਸੀ।
ਬਾਲ ਕਹਾਣੀ : ਸਬਕ
ਖੜਕਾ ਸੁਣ ਕੇ ਮਹਿੰਦਰ ਦੀ ਮਾਂ ਰਸੋਈ ਵਿੱਚੋਂ ਭੱਜੀ ਆਈ। ਪਤੀ ਦੀ ਹਾਲਤ ਵੇਖ ਕੇ ਹੱਕੀ-ਬੱਕੀ ਰਹਿ ਗਈ। ਉਸ ਨੇ ਜ਼ਖਮ ਸਾਫ ਕਰ ਕੇ ਪੱਟੀ ਬੰਨ੍ਹੀ ਤੇ ਚੁੱਪਚਾਪ ਡੰਡਾ ਲੈ ਕੇ ਕੋਠੇ ਉੱਪਰ ਜਾ ਚੜ੍ਹੀ। ਮਾਂ ਦੇ ਹੱਥ ਵਿੱਚ ਡੰਡਾ ਵੇਖ ਕੇ ਮਹਿੰਦਰ ਦੇ ਹੱਥਾਂ ਦੇ ਤੋਤੇ ਉੱਡ ਗਏ। ਉਹ ਡਰ ਨਾਲ ਕੰਬਣ ਲੱਗ ਪਿਆ। ਡੰਡੇ ਮਾਰ-ਮਾਰ ਕੇ ਮਾਂ ਨੇ ਮਹਿੰਦਰ ਦੀਆਂ ਲੱਤਾਂ ਉੱਤੇ ਲਾਸਾਂ ਪਾ ਦਿੱਤੀਆਂ। ਗੁੱਸੇ ਨਾਲ ਮਾਂ ਦੀਆਂ ਅੱਖਾਂ ਵਿੱਚੋਂ ਅੱਗ ਵਰ੍ਹ ਰਹੀ ਸੀ। ਉਹ ਰੋਂਦੇ ਮਹਿੰਦਰ ਨੂੰ ਗਿੱਚੀ ਤੋਂ ਫੜ ਕੇ ਕੋਠਿਓਂ ਥੱਲੇ ਲੈ ਆਈ। ਵਿਹੜੇ ਵਿੱਚ ਆ ਕੇ ਫਿਰ ਕੁਟਾਪਾ ਸ਼ੁਰੂ ਹੋ ਗਿਆ। ਜੇ ਉਸ ਦੇ ਪਿਤਾ ਜੀ ਮਹਿੰਦਰ ਨੂੰ ਵਿੱਚ ਪੈ ਕੇ ਨਾ ਛੁਡਾਉਂਦੇ ਤਾਂ ਉਸ ਨੇ ਜ਼ਰੂਰ ਬੇਹੋਸ਼ ਹੋ ਜਾਣਾ ਸੀ। ਮਹਿੰਦਰ ਨੇ ਆਪਣੇ ਪਿਤਾ ਜੀ ਦੇ ਪੈਰੀਂ ਡਿੱਗ ਕੇ ਮਾਫੀ ਮੰਗੀ ਤੇ ਅੱਗੇ ਤੋਂ ਦੀਵਾਲੀ ਸਹੀ ਢੰਗ ਨਾਲ ਤੇ ਵੱਡਿਆਂ ਦੀ ਮੌਜ਼ੂਦਗੀ ਵਿੱਚ ਮਨਾਉਣ ਦਾ ਵਚਨ ਦਿੱਤਾ।
ਓਮਕਾਰ ਸੂਦ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.