ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਿੰਡ ਮੂਸਾ ਪੁੱਜੇ ਭਗਵੰਤ ਮਾਨ

ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰਨ ਤੇ ਹਰਖੇ ਮੂਸਾ ਪਿੰਡ ਦੇ ਵਾਸੀ

ਮਾਨਸਾ, (ਸੁਖਜੀਤ ਮਾਨ)। ਅਣਪਛਾਤਿਆਂ ਵੱਲੋਂ ਗੋਲੀਆਂ ਮਾਰਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਆਸੀ ਧਿਰਾਂ ਦੇ ਲੋਕ ਲਗਾਤਾਰ ਆ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਦੀ ਭਾਵੇਂ ਪਹਿਲਾਂ ਕਿਸੇ ਕਿਸੇ ਨੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਸੀ ਪਰ ਅੱਜ ਕਰੀਬ 9 ਵਜੇ ਆਈ ਜੀ ਪੀ. ਕੇ. ਯਾਦਵ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਅਉਣਗੇ। ਮੁੱਖ ਮੰਤਰੀ ਆਪਣੇ ਚੌਪਰ ਰਾਹੀਂ ਬਣਾਵਾਲੀ ਥਰਮਲ ’ਤੇ ਪਚੁੰਚੇ। ਉਥੋਂ 9:55 ‘ਤੇ ਸੜਕ ਰਸਤੇ ਰਾਹੀ ਮੂਸਾ ਪਿੰਡ ਨੂੰ ਰਵਾਨਾ ਹੋਏ।

ਮੁੱਖ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲਿਸ ਨੇ ਸਖਤ ਸੁਰੱਖਿਆ ਇੰਤਜਾਮ ਕੀਤੇ ਹੋਏ ਹਨ ਜਿਸ ਤੋਂ ਪਿੰਡ ਵਾਸੀ ਕਾਫੀ ਖਫਾ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਲੋਕਾਂ ਨੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਸਖਤ ਵਿਰੋਧ ਕੀਤਾ ਤੇ ਮੂਸੇਵਾਲਾ ਦੇ ਘਰ ਜਾਣ ਤੋਂ ਰੋਕਿਆ ਗਿਆ।ਪ੍ਰਸ਼ਾਸਨ ਨੇ ਸੁਰੱਖਿਆ ਦੇ ਲਗਪਗ 20 ਕਿਲੋਮੀਟਰ ਤਕ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ।

ਇਸ ਨੂੰ ਲੈ ਕੇ ਪਿੰਡ ਮੂਸਾ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਰਿਸ਼ਤੇਦਾਰਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਪਿੰਡ ਦੇ ਲੋਕਾਂ ਨੂੰ ਰੋਕਣ ’ਤੇ ਗੁੱਸੇ ਵਿਚ ਆਏ ਲੋਕਾਂ ਨੇ ਨਾਰਾਜ਼ ਹੋ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦੇਣਗੇ। ਉੱਥੇ ਮੌਜੂਦ ਲੋਕਾਂ ਨੇ ਆਪ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੂਸੇਵਾਲਾ ਦਾ ਕਤਲ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਹੈ। ਇਸ ਵੇਲੇ ਮੂਸੇਵਾਲਾ ਦੇ ਘਰ ਕੋਲ ਪੁਲਿਸ ਦਾ ਸਖਤ ਪਹਿਰਾ ਲੱਗਿਆ ਹੋਇਆ ਹੈ ਤੇ ਲੋਕਾਂ ਵਿੱਚ ਨਰਾਜ਼ਗੀ ਹੋਣ ਕਾਰਨ ਤਣਾਅ ਵਾਲਾ ਮਹੌਲ ਬਣਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ