ਮੁੱਖ ਮੰਤਰੀ ਨੇ ਕਰਵਾਈ ਸੁਲਤਾਨਪੁਰ ਲੋਧੀ ਵਿਖੇ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ

Chief Minister, Launches , Sultanpur Lodhi |

ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ: ਮੁੱਖ ਮੰਤਰੀ

ਰਾਜਨ ਮਾਨ/ਸੁਲਤਾਨਪੁਰ ਲੋਧੀ। ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਅਜਿਹੇ ਪਵਿੱਤਰ ਦਿਹਾੜੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਅਤੇ ਇਸ ਮੌਕੇ ਨੂੰ ਗੁਰੂ ਸਾਹਿਬ ਜੀ ਵੱਲੋਂ ਦਰਸਾਏ ਵਿਸ਼ਵ ਵਿਆਪੀ ਸਦਭਾਵਨਾ ਦੇ ਮਾਰਗ ਦੀ ਭਾਵਨਾ ਵਿੱਚ ਮਨਾਇਆ ਜਾਵੇ ਇੱਥੇ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਪੰਜਾਬ ਸਰਕਾਰ, ਸਿੱਖ ਧਾਰਮਿਕ ਸੰਸਥਾਵਾਂ ਤੇ ਸਮਾਜ ਵੱਲੋਂ ਸਾਂਝੇ ਤੌਰ ‘ਤੇ ਪ੍ਰਕਾਸ਼ ਕਰਵਾਏ ਸਹਿਜ ਪਾਠ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਿਆਉਣ ਦੀ ਸੇਵਾ ਨਿਭਾ ਕੇ ਸਮਾਗਮਾਂ ਦਾ ਆਰੰਭ ਕੀਤਾ । Chief Minister

ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਮੁਲਕ ਸਾਹਮਣੇ ਦਰਪੇਸ਼ ਧਾਰਮਿਕ ਅਸਹਿਣਸ਼ੀਲਤਾ ਦੀਆਂ ਵਧ ਰਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਗੁਰੂ ਸਾਹਿਬ ਵੱਲੋਂ ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਦਿੱਤੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ ਮੁੱਖ ਮੰਤਰੀ ਨੇ 12 ਨਵੰਬਰ ਨੂੰ ਕਰਵਾਏ ਜਾ ਰਹੇ ਮੁੱਖ ਸਮਾਗਮ ਵਿੱਚ ਸਮੁੱਚੀ ਸੰਗਤ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਵੀ ਆਖਿਆ ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਆਗਾਜ਼ ਕਰਨਗੇ ਤਾਂ ਸਾਡਾ ਦਹਾਕਿਆਂ ਦਾ ਸੁਪਨਾ ਸਾਕਾਰ ਹੋਵੇਗਾ
ਇਸ ਮੌਕੇ ਮੁੱਖ ਮੰਤਰੀ ਨੇ ਨਵੇਂ ਪ੍ਰਸ਼ਾਸਕੀ ਕੰਪਲੈਕਸ ਅਤੇ ਸੁਲਤਾਨਪੁਰ ਲੋਧੀ ਦੇ ਵਿਰਾਸਤੀ ਸ਼ਹਿਰ ਦੇ ਦੁਆਲੇ 150 ਕਰੋੜ ਰੁਪਏ ਦੀ ਲਾਗਤ ਨਾਲ ਰਿੰਗ ਰੋਡ ਬਣਾਉਣ ਦਾ ਐਲਾਨ ਕੀਤਾ ਜਿਸ ਨਾਲ ਬਾਕੀ ਸ਼ਹਿਰਾਂ ਨਾਲ ਸੰਪਰਕ ਹੋਰ ਵਧਾਇਆ ਜਾ ਸਕੇਗਾ ਉਨ੍ਹਾਂ ਕਿਹਾ ਕਿ ਕਿਲ੍ਹਾ ਸਰਾਏ ਜਿਸ ਨੂੰ ਹੁਣ ਤਹਿਸੀਲ ਪ੍ਰਸ਼ਾਸਕੀ ਦਫ਼ਤਰ ਵਜੋਂ ਡਬਲ ਕੀਤਾ ਜਾ ਰਿਹਾ ਹੈ, ਨੂੰ ਸੂਬਾ ਸਰਕਾਰ ਵੱਲੋਂ ਵਿਰਾਸਤੀ ਇਮਾਰਤ ਦੇ ਤੌਰ ‘ਤੇ ਸੰਭਾਲਿਆ ਜਾਵੇਗਾ ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ‘ਤੇ ਸੁਰਜੀਤ ਪਾਤਰ ਵਰਗੇ ਉੱਘੇ ਪੰਜਾਬੀ ਲੇਖਕਾਂ ਵੱਲੋਂ ਲਿਖੀਆਂ ਅਤੇ ਸੰਪਾਦਨ ਕੀਤੀਆਂ ਚਾਰ ਕਿਤਾਬਾਂ ਵੀ ਜਾਰੀ ਕੀਤੀਆਂ ਇਹ ਕਿਤਾਬਾਂ ‘ਗੁਰੂ ਨਾਨਕ ਬਲੈਜ਼ਡ ਟ੍ਰੇਲ’, ‘ਗੁਰੂ ਨਾਨਕ ਬਾਣੀ’, ਸੋਇਨੇ ਕਾ ਬਿਰਖ ਅਤੇ ‘ਗੁਰੂ ਨਾਨਕ ਦੇਵ ਜੀ ਲਾਈਫ ਐਂਡ ਰੇਲਿਕਸ’, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਨਿਸ਼ਾਨੀਆਂ, ਦੁਰਲੱਭ ਹੱਥ ਲਿਖਤਾਂ ਅਤੇ ਵਿਲੱਖਣ ਪੁਸਤਕਾਂ ‘ਤੇ ਆਧਾਰਤ ਦੋ ਨੁਮਾਇਸ਼ਾਂ ਦਾ ਵੀ ਉਦਘਾਟਨ ਕੀਤਾ ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ 50-50 ਫੀਸਦੀ ਦੇ ਅਨੁਪਾਤ ਨਾਲ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਨਗਰ ਵਜੋਂ ਵਿਕਸਿਤ ਕਰਨ ਲਈ ਕੇਂਦਰ ਸਰਕਾਰ ਪਾਸੋਂ ਆਪਣੇ ਪ੍ਰਸਤਾਵ ਨੂੰ ਮਨਜ਼ੂਰ ਕਰਵਾ ਲਿਆ ਹੈ ਇਸੇ ਤਰ੍ਹਾਂ 175 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦੀ ਸਥਾਪਨਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ 300 ਕਰੋੜ ਰੁਪਏ ਦੀ ਲਾਗਤ ਨਾਲ ‘ਪਿੰਡ ਬਾਬੇ ਨਾਨਕ ਦਾ’ ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਵਾਇਆ ਬਿਆਸ ਤੇ ਰਈਆ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਨੂੰ ਚੌੜਾ ਕਰਨ ਲਈ 102 ਕਰੋੜ ਰੁਪਏ ਦੀ ਲਾਗਤ ਦਾ ਪ੍ਰੋਜੈਕਟ ਹੱਥਾਂ ਵਿੱਚ ਲਿਆ।

ਆਪਣੇ ਸਵਾਗਤੀ ਭਾਸ਼ਣ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਤੋਂ ਪਹਿਲਾਂ ਇਤਿਹਾਸਕ ਨਗਰ ਦੇ ਸਰਬ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅੱਜ ਦੇ ਸਮਾਗਮ ਵਿੱਚ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸਾਥੀਆਂ ਤੋਂ ਇਲਾਵਾ ਸੰਤ ਸਮਾਜ ਅਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।