(ਰਾਜਨ ਮਾਨ) ਅੰਮ੍ਰਿਤਸਰ। ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਗਿੱਲ ਨੇ ਜ਼ਿਲ੍ਹੇ ਅੰਮਿਤਸਰ ਵਿਚ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਖਾਦ ਦੇ ਹੋਲਸੇਲ ਡਿਸਟਰੀਬਿਊਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਕਿ ਖਾਦ ਵੇਚਣ ਵਾਲੀ ਕੋਈ ਵੀ ਕੰਪਨੀ/ਡੀਲਰ/ਡਿਸਟਰੀਬਿਊਟਰ ਖਾਦਾਂ ਦੀ ਵਿਕਰੀ ਨਾਲ ਬੇਲੋੜੇ ਖੇਤੀ ਇੰਨਪੁਟਸ ਦੀ ਟੈਗਿੰਗ ਨਾ ਕਰੇ ਅਤੇ ਸਰਕਾਰ ਵੱਲੋਂ ਖਾਦ ਦੇ ਨਿਰਧਾਰਿਤ ਕੀਤੇ ਮੁੱਲ ਨਾਲੋਂ ਵੱਧ ਕਿਸਾਨਾਂ ਕੋਲੋਂ ਵਸੂਲ ਨਾ ਕਰੇ ਅਤੇ ਖਾਦਾਂ ਦੀ ਕਾਲਾ ਬਾਜਾਰੀ ਨਾ ਕਰੇ। (Agriculture )
ਉਹਨਾਂ ਨੇ ਕਿਹਾ ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿੱਰੁਧ ਖਾਦ ਕੰਟਰੋਲ ਆਰਡਰ, 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾ ਜਾਂ ਸਬੰਧਿਤ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਅਨੁਸਾਰ ਹੀ ਖਾਦ ਅਤੇ ਖੇਤੀ ਜਹਿਰਾਂ ਦੀ ਲੋੜੀਂਦੀ ਮਾਤਰਾ ਹੀ ਪਾਈ ਜਾਵੇ।
ਇਹ ਵੀ ਪੜ੍ਹੋ : ਏਸ਼ੀਅਨ ਕੱਪ ਜੇਤੂ ਹਾਕੀ ਟੀਮ ਦਾ ਅੰਮ੍ਰਿਤਸਰ ਏਅਰਪੋਰਟ ਪੁੱਜਣ ’ਤੇ ਭਰਵਾਂ ਸਵਾਗਤ
ਮੁੱਖ ਖੇਤੀਬਾੜੀ ਅਫਸਰ ਨੇ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉੇਂਦੇ ਸਮੂਹ ਖਾਦ ਡੀਲਰਾਂ ਅਤੇ ਕੋਆਪ੍ਰਟਿਵ ਸੋਸਾਇਟੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਜਾਂ ਖਾਦ ਵਿਕਰੇਤਾ ਜਾਂ ਕੋਆਪ੍ਰਟਿਵ ਸੋਸਾਇਟੀ ਕਿਸਾਨਾਂ ਪਾਸੋਂ ਖਾਦ ਦੇ ਨਿਰਧਾਰਿਤ ਰੇਟ ਨਾਲੋਂ ਵੱਧ ਰੇਟ ਵਸੂਲਦਾ ਹੈ ਜਾਂ ਖਾਦਾਂ ਦੇ ਨਾਲ ਬੇਲੋੜੀ ਖੇਤੀ ਸਮੱਗਰੀ ਦੀ ਟੈਗਿੰਗ ਕਰਦਾ ਹੈ ਜਾਂ ਖਾਦਾਂ ਦੀ ਕਾਲਾ ਬਾਜਾਰੀ ਕਰਦਾ ਹੈ ਤਾਂ ਉਸ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।
ਡਾ. ਗਿੱਲ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਜਿਲ੍ਹਾ ਅੰਮ੍ਰਿਤਸਰ ਵੱਲੋ ਛਾਪੇਮਾਰੀ ਲਈ ਇੱਕ ਵਿਸ਼ੇਸ਼ ਉੱਡਣ ਦਸਤੇ ਦਾ ਗਠਨ ਕੀਤਾ ਗਿਆ ਹੈ ਜੋ ਜਿਲ੍ਹੇ ਵਿਚ ਲਗਾਤਾਰ ਚੈਕਿੰਗ ਕਰ ਰਿਹਾ ਹੈ। ਇਸ ਮੌਕੇ ਸੁਖਰਾਜਬੀਰ ਸਿੰਘ SMS (FM), ਹਰਪ੍ਰੀਤ ਸਿੰਘ, ਖੇਤੀਬਾੜੀ ਅਫਸਰ ਬਲਾਕ ਵੇਰਕਾ, ਗੁਰਪ੍ਰੀਤ ਸਿੰਘ ਏ.ਡੀ.ੳ ਇੰਨਫੋਰਸਮੈਂਟ, ਗੁਰਪ੍ਰੀਤ ਸਿੰਘ ਏ.ਡੀ.ੳ (ਪੀ.ਪੀ) ਅੰਮ੍ਰਿਤਸਰ ਅਤੇ ਗੁਰਜੋਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਵੇਰਕਾ, ਵੱਖ-ਵੱਖ ਕੰਪਨੀਆਂ ਦੇ ਨੁੰਮਾਇੰਦੇ ਅਤੇ ਖਾਦਾਂ ਦੇ ਹੋਲਸੇਲ ਡੀਲਰ ਹਾਜਰ ਸਨ। Agriculture