ਮੋਹਾਲੀ, (ਸੱਚ ਕਹੂੰ ਨਿਊਜ਼) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਅਤੇ ਆਦਰਸ਼ ਸਕੂਲ ਧਰਦਿਓ ਬੁੱਟਰ (ਅੰਮ੍ਰਿਤਸਰ) ਦਾ ਅਚਨਚੇਤ ਮੁਆਇਨਾ ਕੀਤਾ ਗਿਆ।
ਬੋਰਡ ਦੇ ਬੁਲਾਰੇ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਸੂਚਨਾ ਅਨੁਸਾਰ ਡਾ. ਧਾਲੀਵਾਲ ਨੇ ਆਦਰਸ਼ ਸਕੂਲ ਖਟਕੜ ਕਲਾਂ ‘ਚ ਚੱਲ ਰਹੇ ਉਸਾਰੀ ਕਾਰਜਾਂ ਖੇਡ ਗਰਾਉਂਡ ਦਾ ਟਰੈਕ, ਸਟੇਡੀਅਮ, ਪਾਰਕਿੰਗ ਅਤੇ ਲਾਅਨ ਦਾ ਜਾਇਜਾ ਲਿਆ ਹੈ।ਚੇਅਰਪਰਸਨ ਨੇ ਸਕੂਲ ਦੇ ਇਸ ਸਾਲ ਦਸਵੀਂ ਤੇ ਬਾਰਵੀਂ ਜਮਾਤਾਂ ਦੇ ਸਕੂਲ ਦੇ ਰੀਜ਼ਲਟ ਦੀ ਸਮੀਖਿਆ ਕਰਦਿਆਂ ਇਕੱਲੇ-ਇਕੱਲੇ ਵਿਸ਼ੇ ਅਤੇ ਉਸ ਦੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਹੋਰ ਮਿਹਨਤ ਕਰਨ ਤੇ ਹੋਰ ਚੰਗੇ ਨਤੀਜੇ ਦੇਣ ਲਈ ਕਿਹਾ। ਇਸ ਸਕੂਲ ਦੀ ਵਿਦਿਆਰਥਣ ਪ੍ਰਵੀਨ ਕੈਂਥ ਵੱਲੋਂ ਇੰਸਪਾਇਰ ਐਵਾਰਡ ਜ਼ਿਲਾ ਪੱਧਰ ‘ਤੇ ਪਹਿਲਾ, ਰਾਜ ਪੱਧਰ ‘ਤੇ ਦੂਜਾ ਅਤੇ ਰਾਸ਼ਟਰੀ ਪੱਧਰ ‘ਤੇ 105 ਵਾਂ ਸਥਾਨ ਹਾਸਲ ਕਰਨ ‘ਤੇ ਪ੍ਰਵੀਨ ਕੈਂਥ ਅਤੇ ਉਸ ਦੇ ਅਧਿਆਪਕ ਜਤਿੰਦਰ ਕੁਮਾਰ ਨੂੰ ਸਾਬਾਸ਼ ਦਿੱਤੀ।
ਇਹ ਵੀ ਪੜ੍ਹੋ : ਜਲਵਾਯੂ ਤਬਦੀਲੀ ਦਾ ਅਸਰ
ਬੁਲਾਰੇ ਅਨੁਸਾਰ ਆਦਰਸ਼ ਸੀਨੀ.ਸੈਕੰ. ਸਕੂਲ ਧਰਦਿਓ ਬੁੱਟਰ (ਅੰਮ੍ਰਿਤਸਰ) ਦਾ ਦੌਰਾ ਕਰਦਿਆਂ ਡਾ. ਧਾਲੀਵਾਲ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪੜਾਈ, ਰੀਜ਼ਲਟ ਅਤੇ ਇਸ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਸਕੂਲ ਵਿੱਚ ਪੌਦਾ ਲਾਉਣ ਦੀ ਰਸਮ ਨਿਭਾਉਂਦਿਆਂ ਡਾ. ਧਾਲੀਵਾਲ ਨੇ ਸਕੂਲ ਦੇ ਨਵੇਂ ਬਣੇ ਖੇਡ ਸਟੇਡੀਅਮ ਦੀ ਪ੍ਰਸ਼ੰਸਾ ਕਰਦਿਆਂ ਸਕੂਲ ਮੁਖੀ ਮਨਜੀਤ ਕੌਰ ਅਤੇ ਸਮੂਹ ਸਟਾਫ ਨੂੰ ਆਪਣੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਹੋਰ ਮਿਹਨਤ ਕਰਨ ਲਈ ਕਿਹਾ। ਇਸ ਮੌਕੇ ਉਨਾਂ ਦੇ ਨਾਲ ਮਨਜੀਤ ਕੌਰ ਡਾਇਰੈਕਟਰ ਅਕਾਦਮਿਕ, ਵਿਸ਼ਾ ਮਾਹਿਰ ਕੰਚਨ ਸ਼ਰਮਾ ਅਤੇ ਕੋਮਲ ਸਿੰਘ ਪੀਆਰਓ ਤੇ ਸੰਪਾਦਕ ਪੰਖੜੀਆਂ ਹਾਜ਼ਰ ਸਨ।