ਚੋਣਾਂ ਤੋਂ ਪਹਿਲਾਂ ਅਦਾਲਤ ਵੱਲੋਂ ਅਕਾਲੀ ਦਲ ਨੂੰ ਵੱਡਾ ਝਟਕਾ

15 ਸਤੰਬਰ ਨੂੰ ਪਾਰਟੀ ਦਾ ਕਾਰਵਾਈ ਰਜਿਸਟਰ ਪੇਸ਼ ਕਰਨ ਦਾ ਹੁਕਮ

ਹੁਸ਼ਿਆਰਪੁਰ,  (ਰਾਜੀਵ ਸ਼ਰਮਾ) ਅੱਜ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਦਰਜਾ ਅੱਵਲ ਮਾਨਯੋਗ ਸ਼੍ਰੀ ਗੁਰਸ਼ੇਰ ਸਿੰਘ ਨੇ ਬਲਵੰਤ ਸਿੰਘ ਖੇੜਾ ਬਨਾਮ ਸੁਖਬੀਰ ਸਿੰਘ ਬਾਦਲ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਨੂੰ ਹੁਕਮ ਦਿੱਤਾ ਹੈ ਕਿ ਉਹ 15 ਸਤੰਬਰ ਨੂੰ ਪਾਰਟੀ ਦਾ ਕਾਰਵਾਈ ਰਜਿਸਟਰ ਪੇਸ਼ ਕਰਨ ਜਿਸ ਵਿੱਚ 1974 ਦਾ ਪੁਰਾਣਾ ਵਿਧਾਨ, ਭਾਰਤ ਦੇ ਚੋਣ ਕਮਿਸ਼ਨ ਨੂੰ 1989 ਵਿੱਚ ਦਿੱਤਾ ਧਰਮ ਨਿਰਪੱਖ ਹੋਣ ਦਾ ਹਲਫ਼ਨਾਮਾ ਅਤੇ 2004 ਵਿੱਚ ਨਵਾਂ ਵਿਧਾਨ ਪਾਸ ਕੀਤਾ ਸੀ।

ਰਾਜਨੀਤਕ ਹਲਕਿਆਂ ਵਿੱਚ ਇਸ ਹੁਕਮ ਨੂੰ ਚੋਣਾਂ ਤੋਂ ਪਹਿਲਾਂ ਬਾਦਲ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।ਚੇਤੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ. ਸੁਖਦੇਵ ਸਿੰਘ ਢੀਂਡਸਾ ਸਾਂਸਦ, ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ ਅਤੇ ਹੋਰ ਕਮੇਟੀ ਦੇ ਸਾਰੇ ਮੈਂਬਰਾਂ ਵਿਰੁੱਧ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜਸ਼ ਰਚਣ ਦਾ ਮੁਕੱਦਮਾ 2 ਫਰਵਰੀ 2009 ਨੂੰ ਕੀਤਾ ਸੀ। ਇਸ ਵਿੱਚ ਆਈ.ਪੀ.ਸੀ. ਦੀਆਂ 463, 465, 466, 467, 468, 471, 191 ਅਤੇ 192 ਧਾਰਾਵਾਂ ਤਹਿਤ ਇਨ੍ਹਾਂ ਨੇਤਾਵਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਸ਼ਿਕਾਇਤ ਕੀਤੀ ਸੀ।

ਸ਼ਿਕਾਇਤ ਵਿੱਚ ਲਿਖਿਆ ਹੈ ਕਿ ਇਸ ਪਾਰਟੀ ਨੇ ਭਾਰਤ ਦੇ ਚੋਣ ਕਮਿਸ਼ਨ ਸਾਹਮਣੇ ਹਲਫ਼-ਨਾਮਾ ਦੇ ਕੇ ਮਾਨਤਾ ਪ੍ਰਾਪਤ ਕੀਤੀ ਸੀ ਕਿ ਇਹ ਪਾਰਟੀ ਸੰਵਿਧਾਨ ਦੀਆਂ ਧਰਮ-ਨਿਰਪੱਖ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਪਾਲਣਾ ਕਰੇਗੀ। ਉਨ੍ਹਾਂ ਸ਼ਿਕਾਇਤ ਕੀਤੀ ਹੈ ਕਿ ਸਿੱਖਾਂ ਦੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲਗਾਤਾਰ ਭਾਗ ਲੈ ਕੇ ਹਲਫ਼ਨਾਮੇ ਦੀ ਉਲੰਘਣਾ ਕਰ ਰਹੀ ਹੈ। ਇਸ ਲਈ ਇਨ੍ਹਾਂ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪਾਰਟੀ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 11 ਦਸੰਬਰ 2015 ਨੂੰ ਹਲਫ਼ਨਾਮਾ ਵੀ ਦਿੱਤਾ ਸੀ ਕਿ ਉਹ ਪਾਰਟੀ ਦੇ ਰਿਕਾਰਡ ਦੇ ਇੰਚਾਰਜ ਹਨ ਅਤੇ ਸ਼ਿਕਾਇਤ ਕਰਤਾ ਵੱਲੋਂ ਦਰਖ਼ਾਸਤ ਕਰਨ ਤੇ ਰਿਕਾਰਡ ਉਪਲਬਧ ਕਰਵਾਉਣਗੇ।

ਜਿਕਰਯੋਗ ਹੈ ਕਿ ਪਿਛਲੀ ਪੇਸ਼ੀ 14 ਜੂਨ 2016 ਨੂੰ ਮਾਨਯੋਗ ਜੱਜ ਨੇ ਸ਼੍ਰੀ ਬਰਾੜ ਵੱਲੋਂ ਦਿੱਤੀਆਂ ਦੋ ਦਰਖ਼ਾਸਤਾਂ ਰੱਦ ਕਰ ਦਿੱਤੀਆਂ ਸਨ ਜਿਨ੍ਹਾਂ ਵਿੱਚ ਸ਼੍ਰੀ ਬਰਾੜ ਨੇ ਕਿਹਾ ਸੀ ਕਿ ਇਸ ਮਾਮਲੇ ਨਾਲ ਸੰਬੰਧਿਤ ਰਿਕਾਰਡ ਦਿੱਲੀ ਹਾਈ ਕੋਰਟ ਵਿੱਚ ਚੱਲ ਰਹੇ ਮਾਮਲੇ ਵਿੱਚ ਵਕੀਲ ਪਾਸ ਹੈ ਕਿਉਂਕਿ ਇਸੀ ਪ੍ਰਕਾਰ ਦਾ ਮੁਕੱਦਮਾ ਦਿੱਲੀ ਚਲਦਾ ਹੈ। ਇਸ ਲਈ ਹੁਸ਼ਿਆਰਪੁਰ ਦਾ ਮਾਮਲਾ ਨਾ ਚਲਾਇਆ ਜਾਵੇ।