ਇਸ ਕੇਸ ਦੇ ਦੋ ਹੋਰ ਮੁਲਜ਼ਮ ਦਲੇਰ ਮਹਿੰਦੀ ਦੇ ਭਰਾ, ਸਮਸ਼ੇਰ ਮਹਿੰਦੀ ਤੇ ਧਿਆਨ ਸਿੰਘ, ਜਿਨ੍ਹਾਂ ਦੀ ਚਲਦੇ ਕੇਸ ਦੌਰਾਨ ਹੋ ਚੁੱਕੀ ਹੈ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨੌਜਵਾਨਾਂ ਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਸ਼ਾਮਲ ਕਰਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਦਾ ਪਿਛਲੇ ਪੰਦਰਾਂ ਸਾਲਾਂ ਤੋਂ ਸਾਹਮਣਾ ਕਰ ਰਹੇ ਗਾਇਕ ਦਲੇਰ ਮਹਿੰਦੀ ਨੂੰ ਆਖਰ ਅੱਜ ਪਟਿਆਲਾ ਦੀ ਅਦਾਲਤ ਨੇ 2 ਸਾਲ ਦੀ ਕੈਦ ਅਤੇ ਦੋ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਸ ਕੇਸ ‘ਚੋਂ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਕੇਸ ਦੇ ਦੋ ਹੋਰ ਮੁਲਜ਼ਮ ਦਲੇਰ ਮਹਿੰਦੀ ਦੇ ਭਰਾ, ਸਮਸ਼ੇਰ ਮਹਿੰਦੀ ਤੇ ਧਿਆਨ ਸਿੰਘ, ਜਿਨ੍ਹਾਂ ਦੀ ਚਲਦੇ ਕੇਸ ਦੌਰਾਨ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਗਾਇਕ ਦਲੇਰ ਮਹਿੰਦੀ, ਉਸਦੇ ਭਰਾ ਸਮਸ਼ੇਰ ਮਹਿੰਦੀ ਸਮੇਤ ਹੋਰਨਾਂ ਖਿਲਾਫ਼ ਆਪਣੇ ਸੰਗੀਤਕ ਗਰੁੱਪ ਵਿੱਚ ਸ਼ਾਮਲ ਕਰਕੇ ਵਿਦੇਸ਼ ਭੇਜਣ ਦਾ ਇਹ ਮਾਮਲਾ 19 ਸੰਤਬਰ 2003 ਵਿੱਚ ਸਾਹਮਣੇ ਆਇਆ ਸੀ। ਜਦੋਂ ਬਲਬੇੜਾ ਵਾਸੀ ਸ਼ਿਕਾਇਤ ਕਰਤਾ ਬਖਸੀਸ ਸਿੰਘ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਸੀ ਕਿ ਮਹਿੰਦੀ ਭਰਾਵਾਂ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਅ ‘ਤੇ 13 ਲੱਖ ਰੁਪਏ ਲਏ ਹਨ। ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਹੈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ, ਸਗੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ
ਇਸ ਸਬੰਧੀ ਥਾਣਾ ਸਦਰ ਪੁਲਿਸ ਵੱਲੋਂ ਧਾਰਾ 420, 465, 467, 468, 471, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਤੋਂ ਹੀ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ। ਇਸ ਸ਼ਿਕਾਇਤ ਤੋਂ ਬਾਅਦ ਲਗਭਗ 30 ਹੋਰ ਵਿਅਕਤੀਆਂ ਵੱਲੋਂ ਵੀ ਦਲੇਰ ਮਹਿੰਦੀ ਭਰਾਵਾਂ ਸਮੇਤ ਹੋਰਨਾ ਖਿਲਾਫ਼ ਵਿਦੇਸ਼ ਭੇਜਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਵਿਦੇਸ ਭੇਜਣ ਦੇ ਨਾਂਅ ‘ਤੇ ਵੱਖ-ਵੱਖ ਵਿਅਕਤੀਆਂ ਤੋਂ ਲਈ ਇਹ ਰਕਮ 1 ਕਰੋੜ 90 ਲੱਖ ਦੇ ਕਰੀਬ ਬਣਦੀ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਦਲੇਰ ਮਹਿੰਦੀ ਦੇ ਭਰਾ ਸਮਸ਼ੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਵਿੱਚ ਲਗਭਗ ਦੋ ਸਾਲ ਰਹਿਣਾ ਪਿਆ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਭਰਾਵਾਂ ਸਮੇਤ ਹੋਰਨਾ ਨੂੰ ਇਸ ਕੇਸ ‘ਚੋਂ ਜ਼ਮਾਨਤ ਮਿਲ ਗਈ ਸੀ। ਇਸ ਬਹੁ-ਚਰਚਿਤ ਮਾਮਲੇ ਦੀ ਲਗਭਗ ਪਿਛਲੇ 15 ਸਾਲਾਂ ਤੋਂ ਅਦਾਲਤ ‘ਚ ਪ੍ਰਕਿਰਿਆ ਜਾਰੀ ਸੀ।
ਇਸ ਮਾਮਲੇ ਵਿੱਚ ਅੱਜ ਦਲੇਰ ਮਹਿੰਦੀ ਸਮੇਤ ਹੋਰ ਮੁਲਜ਼ਮ ਖੁਦ ਅਦਾਲਤ ਪੁੱਜੇ ਹੋਏ ਸਨ। ਜੁਡੀਸੀਅਲ ਮਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਵੱਲੋਂ ਇਸ ਮਾਮਲੇ ‘ਤੇ ਫੈਸਲਾ ਸੁਣਾਉਂਦਿਆਂ ਧਾਰਾ 420 ਹੇਠ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਅਤੇ ਇੱਕ ਹਜਾਰ ਜ਼ੁਰਮਾਨਾ ਜਦਕਿ ਧਾਰਾ 120-ਬੀ ਤਹਿਤ ਦੋ ਸਾਲ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜਦਕਿ ਇਸੇ ਕੇਸ ਵਿੱਚ ਬੁਲਬੁਲ ਮਹਿਤਾ ਨਾਂਅ ਦੇ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਦਲੇਰ ਮਹਿੰਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਪ੍ਰਮਾਤਮਾ ‘ਤੇ ਵਿਸ਼ਵਾਸ ਹੈ ਅਤੇਉਹ ਇਸ ਫੈਸਲੇ ਵਿਰੁੱਧ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਆਪਣੀ ਅਪੀਲ ਦਾਖਲ ਕਰਨਗੇ ਅਤੇ ਦੋਸ਼ ਮੁਕਤ ਹੋਣਗੇ।
ਦਲੇਰ ਮਹਿੰਦੀ ਨੂੰ ਜ਼ਮਾਨਤ ਮਿਲੀ
ਕਾਨੂੰਨੀ ਵਿਵਸਥਾ ਅਨੁਸਾਰ ਤਿੰਨ ਸਾਲ ਤੱਕ ਦੀ ਸਜ਼ਾ ਤੱਕ ਤੁਰੰਤ ਜ਼ਮਾਨਤ ਮਿਲਣ ਦੀ ਤਜ਼ਵੀਜ਼ ਹੈ, ਜਿਸ ਤਹਿਤ ਦਲੇਰ ਮਹਿੰਦੀ ਦੇ ਵਕੀਲਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਨਿਪਟਾਉਣ ਤੋਂ ਬਾਅਦ ਤੁਰੰਤ ਜ਼ਮਾਨਤ ਮਿਲ ਗਈ। ਦਲੇਰ ਮਹਿੰਦੀ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਖਿਲਾਫ਼ ਜਿਲ੍ਹਾ ਸ਼ੈਸਨ ਅਦਾਲਤ ‘ਚ ਅਪੀਲ ਕਰਨਗੇ।