ਉਸਤਾਦਾਂ ਦੀਆਂ ਮਾਰਾਂ ਦਾ ਤਰਾਸ਼ਿਆ ਮਲਵਈ, ਮਾਲਵਿੰਦਰ ਸ਼ਾਇਰ

ਉਸਤਾਦਾਂ ਦੀਆਂ ਮਾਰਾਂ ਦਾ ਤਰਾਸ਼ਿਆ ਮਲਵਈ, ਮਾਲਵਿੰਦਰ ਸ਼ਾਇਰ

ਪੰਜਾਬ ਦੇ ਮਾਲਵਾ ਵਰਗੇ ਜਿਸ ਖਿੱਤੇ ਦੇ ਹਿੱਸੇ ਜਨਮ ਤੋਂ ਹੀ ਬੱਚੇ ਨੂੰ ਦੇਸ਼-ਭਗਤੀ ਦੀ ਗੁੜ੍ਹਤੀ, ਸਾਹਿਤ ਅਤੇ ਸਮਾਜ ਸੇਵਾ ਦਾ ਵਰਦਾਨ ਹਾਸਲ ਹੋਇਆ ਹੋਵੇ, ਉਸ ਖਿੱਤੇ ਵਿਚ ਪੈਂਦੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ), ਜਿਲ੍ਹਾ ਬਰਨਾਲਾ ਵਿਚ ਪੈਦਾ ਹੋਏ ਘਰਦਿਆਂ ਦੇ ਮਾਲਵਿੰਦਰ ਸਿੰਘ ‘ਬਰਾੜ’ ਤੇ ਸਾਹਿਤਕ ਹਲਕਿਆਂ ਦੇ ਮਾਲਵਿੰਦਰ ‘ਸ਼ਾਇਰ’ ਉੱਪਰ ਵੀ ਚੌਗਿਰਦੇ ਦਾ ਪ੍ਰਭਾਵ ਪੈਣਾ ਕੁਦਰਤੀ ਹੀ ਸੀ। ਮੱਧ ਵਰਗੀ ਜਿਮੀਂਦਾਰ ਕਿਸਾਨ ਪਰਿਵਾਰ ਨਾਲ ਸਬੰਧਿਤ, ਪੋਸਟ ਗ੍ਰੈਜੂਏਟ ਮਾਲਵਿੰਦਰ ‘ਸ਼ਾਇਰ’ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਾਈ ਦੌਰਾਨ ਹੋਣ ਵਾਲੀ ਹਫਤਾਵਾਰੀ ਸਾਹਿਤਕ ਬਾਲ ਸਭਾ ਵਿਚ ਭਾਗ ਲੈਣ ਦੇ ਨਾਲ-ਨਾਲ ਨਾਟਕਕਾਰ ਸ੍ਰ. ਕਪੂਰ ਸਿੰਘ ਘੁੰਮਣ (ਸ਼ਾਇਰ ਜੀ ਦੇ ਮਾਮਾ ਜੀ) ਨਾਲ ਸਮੇਂ-ਸਮੇਂ ’ਤੇ ਮਿਲਣੀਆਂ ਦੇ ਹੁੰਦੇ ਸਿਲਸਿਲੇ ਸਦਕਾ ਉਸ ਦੇ ਕੋਮਲ ਹਿਰਦੇ ਅੰਦਰ ਕਲਮੀ ਅਤੇ ਇਨਸਾਨੀਅਤ ਦੇ ਬੀਜ ਪੁੰਗਰਦੇ ਗਏ।

ਫਿਰ, ਪਿੰਡ ਠੀਕਰੀਵਾਲਾ (ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲ ਦਾ ਜੱਦੀ ਪਿੰਡ) ਵਿਚ ਸੱਤਵੀਂ ਜਮਾਤ ’ਚ ਪੜ੍ਹਦਿਆਂ ਪ੍ਰੀਖਿਆ ਵਿਚ ‘ਅੱਖੀਂ ਡਿੱਠਾ ਕਬੱਡੀ ਦਾ ਮੈਚ’ ਲਿਖਣ ’ਤੇ ਉਸ ਦੇ ਪੰਜਾਬੀ ਦੇ ਅਧਿਆਪਕ ਗਿਆਨੀ ਰਾਮ ਸਿੰਘ ਵੱਲੋਂ ਉਸਨੂੰ ਭਰਵਾਂ ਥਾਪੜਾ ਮਿਲਣਾ, ਉੱਘੇ ਨਾਵਲਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਜੋ ਇਸੇ ਸਕੂਲ ਵਿਚ 1982-83 ਵਿਚ ਅਧਿਆਪਕ ਸਨ, ਦਾ ਅਸ਼ੀਰਵਾਦ ਮਿਲਣਾ, ਸ੍ਰ. ਕਪੂਰ ਸਿੰਘ ਘੁੰਮਣ ਦੀ ਇਕਾਂਗੀ, ‘ਜੈਲਦਾਰ’ ਜੋ ਸ਼ਾਇਰ ਨੇ ਦਸਵੀਂ ਦੇ ਪੰਜਾਬੀ ਸਲੇਬਸ ’ਚ ਪੜ੍ਹੀ, ਉਸਦੀ ਕਲਮ ਦਾ ਪ੍ਰੇਰਣਾ ਸਰੋਤ ਬਣੀ। 1985-86 ਵਿਚ ਐੱਸ ਡੀ ਕਾਲਜ ਬਰਨਾਲਾ ਵਿਖੇ ਉੱਘੇ ਗਜਲਗੋ ਮਰਹੂਮ ਪ੍ਰੋ. ਪ੍ਰੀਤਮ ਸਿੰਘ ਰਾਹੀ ਅਤੇ ਸਾਹਿਤਕਾਰ ਪ੍ਰੋ. ਰਵਿੰਦਰ ਭੱਠਲ ਦਾ ਅਸ਼ੀਰਵਾਦ ਮਿਲਿਆ।

ਪ੍ਰੋ. ਰਾਹੀ ਨੇ ਵਿਅੰਗ ਵਿਧਾ ਅਤੇ ਕੁੰਡਲੀਆ ਛੰਦ ਲਿਖਣ ਵਿਚ ਉਸ ਦੀ ਰਹਿਨੁਮਾਈ ਕੀਤੀ। ਗੁਰਮਤਿ-ਕਾਵਿ, ਕਿੱਸਾ-ਕਾਵਿ, ਵੀਰ-ਕਾਵਿ, ਆਧੁਨਿਕ-ਕਾਵਿ ਪੜ੍ਹਨ ਦੇ ਪ੍ਰਭਾਵ ਸਦਕਾ ਫਿਰ ਸ਼ਾਇਰ ਦੀ ਕਲ਼ਮ ਨੇ ਗੀਤ-ਕਵਿਤਾ ਦੀ ਸਿਰਜਣਾ ਆਰੰਭ ਕੀਤੀ। ਪ੍ਰੋ. ਭੱਠਲ ਜੀ, ‘ਹੀਰ ਵਾਰਸ ਸ਼ਾਹ’ ਤੇ ਕਿੱਸਾ ‘ਦਮੋਦਰ’ ਐਸੀ ਦਿਲਚਸਪੀ ਨਾਲ ਪੜ੍ਹਾਉਂਦੇ ਜੋ ਸ਼ਾਇਰ ਦੇ ਦਿਲ ਵਿਚ ਉੱਤਰ ਜਾਂਦਾ। ਇਸ ਤੋਂ ਬਾਅਦ ਜਦੋਂ ਸ਼ਾਇਰ ਨੇ ‘ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ’ ਵਿਚ ਦਾਖਲਾ ਲਿਆ ਤਾਂ ਭੰਗੜੇ ਦੀ ਟੀਮ ਵਿਚ ਉਹ ਸ਼ੁਮਾਰ ਹੋ ਗਿਆ। ਇੱਥੋਂ ਦੇ ਪਿ੍ਰੰਸੀਪਲ ਦਵਿੰਦਰ ਸੋਮਲ ਭੰਗੜੇ ਦੇ ਸ਼ੌਕੀਨ ਸਨ। ਇੱਥੇ ਸ਼ਾਇਰ ਨੇ ਗੀਤ-ਕਵਿਤਾ ਦੇ ਨਾਲ-ਨਾਲ ਭੰਗੜੇ ਲਈ ਕੁਝ ਬੋਲੀਆਂ ਵੀ ਲਿਖੀਆਂ।

ਸਫ਼ਰ ’ਤੇ ਚੱਲਦੇ-ਚੱਲਦੇ ਉੱਘੇ ਗ਼ਜ਼ਲਗੋ ਤੇ ਬਹੁ-ਦਿਸ਼ਾਵੀ ਸਾਹਿਤਕਾਰ ਮਰਹੂਮ ਡਾ. ਐੱਸ. ਤਰਸੇਮ ਨੇ ਉਸਨੂੰ ਗੀਤ ਵਿਧਾ ਲਿਖਣ ਲਈ ਉਤਸ਼ਾਹਿਤ ਕੀਤਾ, ਜਦਕਿ ਉਸਤਾਦ ਸੁਲੱਖਣ ਸਰਹੱਦੀ ਨੇ ਉਸਦੀ ਗ਼ਜ਼ਲ ਵਿਧਾ ਨੂੰ ਨਿਖਾਰਿਆ ਤੇ ਸੰਵਾਰਿਆ। ਇਨ੍ਹਾਂ ਉਸਤਾਦਾਂ ਦੀ ਲੜੀ ਵਿਚ ਮਾਲਵਿੰਦਰ ਨੂੰ ਨਾਵਲਕਾਰ ਰਾਮ ਸਰੂਪ ਅਣਖੀ ਦੇ ਮੋਹ ’ਚੋਂ ਮਿਲੀ ਮੱਤ ਅੱਜ ਵੀ ਯਾਦ ਹੈ, ‘ਮਾਣ-ਸਨਮਾਨ ਮਗਰ ਨਹੀਂ ਜਾਣਾ, ਇਹ ਤੇਰੇ ਪਿੱਛੇ ਖ਼ੁਦ ਆਪ ਆਉਣਗੇ।’ ਇਸੇ ਤਰ੍ਹਾਂ ਸਾਹਿਤਕਾਰ ਡਾ. ਅਮਰ ਕੋਮਲ ਨੇ ਇੱਕ ਵਿਸ਼ਾ ਲੈ ਕੇ ਉਸ ’ਤੇ ਲਿਖਣ ਲਈ ਸ਼ਾਇਰ ਨੂੰ ਪ੍ਰੇਰਿਆ।

ਮਾਲਵਿੰਦਰ ਦੀਆਂ ਰਚਨਾਵਾਂ ਵੱਖ-ਵੱਖ ਅਖਬਾਰਾਂ ਅਤੇ ਮੈਗਜੀਨਾਂ ਵਿਚ ਧੜਾਧੜ ਛਪਣ ਦੇ ਨਤੀਜਨ ਸੰਨ 2000-2001 ਦੇ ਕਰੀਬ ਉਹ ਇੱਕ ਪ੍ਰਸਿੱਧ ਅਖ਼ਬਾਰ ਨਾਲ ਬਤੌਰ ਫ੍ਰੀ-ਲਾਂਸਰ ਪੱਤਰਕਾਰ ਜੁੜੇ। ਆਪਣਾ ਮੌਲਿਕ ਕਾਵਿ-ਸੰਗ੍ਰਹਿ ‘ਮੁਹੱਬਤ ਦੀ ਸਤਰ’ ਸੁਹਿਰਦ ਪਾਠਕਾਂ ਦੀ ਝੋਲੀ ਪਾ ਚੁੱਕੇ ਸ਼ਾਇਰ ਦਾ ਗ਼ਜ਼ਲ-ਸੰਗ੍ਰਹਿ, ‘ਹੰਝੂਆਂ ਦੀ ਕਥਾ’ ਪ੍ਰਕਾਸ਼ਨਾ ਅਧੀਨ ਹੈ। ਜਦਕਿ ਇੱਕ ਸਾਂਝਾ ਕਾਵਿ-ਸੰਗ੍ਰਹਿ ‘ਰਿਸ਼ਮਾਂ ਦੇ ਬੋਲ’ ਉਹ ਆਪਣੀ ਸੰਪਾਦਕੀ ਮੰਡਲ ਅਧੀਨ ਅਰਪਿਤ ਕਰ ਚੁੱਕਾ ਹੈ। ਉੱਘੀ ਗ਼ਜ਼ਲਕਾਰਾ ਡਾ. ਗੁਰਚਰਨ ਕੌਰ ਕੋਚਰ ਦੇ ਗ਼ਜ਼ਲ ਸੰਗ੍ਰਹਿ ‘ਗ਼ਜ਼ਲ ਅਸ਼ਰਫੀਆਂ’ ’ਤੇ ਉਸ ਨੇ ਅਲੋਚਨਾ ਪੇਪਰ ਲਿਖਿਆ ਹੈ ਜੋ ਜਲਦੀ ਹੀ ਉਨ੍ਹਾਂ ਦੀ ਅਲੋਚਨਾ ਪੁਸਤਕ ਵਿਚ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ।

ਇਸ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਸੰਪਾਦਕਾਂ ਵੱਲੋਂ ਪ੍ਰਕਾਸ਼ਿਤ ਸਾਂਝੀਆਂ ਕਾਵਿ ਪ੍ਰਕਾਸ਼ਨਾਵਾਂ ਵਿਚ ਸ਼ਾਇਰ ਦੀਆਂ ਰਚਨਾਵਾਂ ਸ਼ਾਮਲ ਹਨ, ਜਿਨ੍ਹਾਂ ਵਿਚੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ‘ਜੱਟਾ ਜਾਗ ਬਈ’ ਵਿਸ਼ੇਸ਼ ਜਿਕਰਯੋਗ ਹੈ। ਪੰਜਾਬੀ ਲਘੂ ਫਿਲਮ, ‘ਰਾਮੂ ਦੀ ਸਰਦਾਰੀ’ ਦੇ ਗੀਤ ਵੀ ਮਾਲਵਿੰਦਰ ਸ਼ਾਇਰ ਦੁਆਰਾ ਹੀ ਲਿਖੇ ਗਏ ਹਨ। ਸ਼ਾਇਰ ਸੰਨ 1988-89 ਵਿਚ ‘ਜੋਨਲ ਯੂਥ ਫੈਸਟੀਵਲ’ ਲਈ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਭੰਗੜਾ ਟੀਮ ਦਾ ਕਪਤਾਨ ਵੀ ਰਿਹਾ। ਕਈ ਸਾਲ ਲੜਕੀਆਂ, ਲੜਕਿਆਂ ਤੇ ਬੱਚਿਆਂ ਨੂੰ ਭੰਗੜੇ ਦੀ ਕੋਚਿੰਗ ਵੀ ਦਿੱਤੀ ਹੈ ਉਸਨੇ।

ਸਕੂਲ ਸਮੇਂ ਨੈਸ਼ਨਲ ਕਬੱਡੀ ਦਾ ਜਿਲ੍ਹਾ ਪੱਧਰ ਦਾ ਖਿਡਾਰੀ ਵੀ ਰਿਹਾ ਹੈ। ਕਾਲਜ ਪੱਧਰ ’ਤੇ ਖੇਡ ਜਾਰੀ ਰੱਖਦਿਆਂ ਸਮੈਸ਼ਿੰਗ ਵਾਲੀਬਾਲ ਅਤੇ ਅਥਲੈਟਿਕ ਵਿਚ ਭਾਗ ਲੈਂਦਾ ਰਿਹਾ। ਇੱਥੇ ਹੀ ਬੱਸ ਨਹੀਂ, ਪਰਿਵਾਰਕ ਪੱਖ ਵਿਚ ਉਹ ਆਪਣੀ ਬੇਟੀ ਸਿਮਰਜੀਤ ਕੌਰ ਬਰਾੜ ਐਮ. ਏ (ਅੰਗਰੇਜੀ) (ਬੀ.ਐੱਡ), ਜੋ ਐੱਮ. ਐੱਡ ਕਰ ਰਹੀ ਹੈ ਅਤੇ ਹਾਇਕੂ ਦੀ ਪੁਸਤਕ, ‘ਮਨ ਅੰਦਰ ਪ੍ਰਕਾਸ਼’ ਪਾਠਕਾਂ ਨੂੰ ਦੇ ਚੁੱਕੀ ਹੈ, ਨੂੰ ਯੋਗਾ ’ਚ ਨੈਸ਼ਨਲ ਪੱਧਰ ’ਤੇ ਅਤੇ ਬੇਟੇ ਲਿਵਜੋਤ ਸਿੰਘ ਬਰਾੜ (ਬਿਜਨਿਸ ਦੀ ਗ੍ਰੈਜੂਏਸ਼ਨ), ਐਮ. ਬੀ. ਏ. ਕਰਨ ਲਈ ਤੱਤਪਰ, ਨੂੰ ਰਾਇਫਲ ਸ਼ੂਟਿੰਗ ’ਚ ਸਟੇਟ ਪੱਧਰ ਤੱਕ ਖਿਡਾਉਣ ਵਿਚ ਸ਼ਾਇਰ ਕਾਮਯਾਬ ਰਿਹਾ।

ਅਨੇਕਾਂ ਸੰਸਥਾਵਾਂ ਨਾਲ ਜੁੜੇ ਹੋਏ ਸ਼ਾਇਰ ਨੂੰ ਮਿਲੇ ਮਾਣ-ਸਨਮਾਨ ਦੀ ਗੱਲ ਕਰੀਏ ਤਾਂ ‘ਬਾਬਾ ਸ੍ਰੀ ਚੰਦ ਜੀ ਐਂਡ ਸੋਸ਼ਲ ਵੈਲਫੇਅਰ ਟਰੱਸਟ ਸਮਾਓਂ’ ਮਾਨਸਾ, ਪੰਜਾਬੀ ਸਾਹਿਤ ਸਭਾ (ਰਜਿ:) ਬਰਨਾਲਾ, ਭਾਈ ਘਨੱਈਆ ਚੈਰੀਟੇਬਲ ਸੈਂਟਰ ਬਰਨਾਲਾ, ਯੂਥ ਸਪੋਰਟਸ ਕਲੱਬ ਸ਼ੇਰ ਸਿੰਘ ਪੁਰਾ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਰਨਾਲਾ, ਸੇਵਾ ਸਿੰਘ ਪਬਲਿਕ ਸਕੂਲ ਠੀਕਰੀਵਾਲਾ, ਸਰਵ ਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ, ਗੁਰੂ ਗੋਬਿੰਦ ਸਾਹਿਤਕਾਰ ਸਦਨ ਬਰਨਾਲਾ, ਮਾਤਾ ਸਾਹਿਬ ਕੌਰ ਗਰਲਜ ਕਾਲਜ ਗਹਿਲ (ਬਰਨਾਲਾ), ‘ਅਦਾਰਾ ਸੱਚ ਕਹੂੰ’ ਆਦਿ ਤੋਂ ਇਲਾਵਾ ਸਾਹਿਤਕ, ਸੱਭਿਆਚਾਰਕ ਅਤੇ ਖੇਡ ਸੰਸਥਾਵਾ ਦੀ ਇੱਕ ਲੰਬੀ ਲਿਸਟ ਹੈ, ਜਿਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਉਸਨੂੰ ਮਾਣ-ਸਨਮਾਨ ਬਖਸ਼ਿਆ ਗਿਆ ਹੈ।

ਸ਼ਾਇਰ ਦਾ ਮੰਨਣਾ ਹੈ ਕਿ ‘‘ਸਾਹਿਤਕਾਰ ਰਚਨਾ ਲਈ ਦਾਦ ਦਾ ਭੁੱਖਾ ਹੁੰਦਾ ਹੈ ਜੋ ਉਸ ਵਿਚ ਸਕਾਰਾਤਮਿਕ ਗੁਣ ਭਰਦੀ ਹੈ।’’
ਸਾਹਿਤ ਤੇ ਸੱਭਿਆਚਾਰ ਪ੍ਰਤੀ ਸ਼ਾਇਰ ਦਾ ਕਹਿਣ ਹੈ, ‘‘ਪਹਿਲਾਂ ਸਾਨੂੰ ਖੁਦ ਚੇਤਨ ਹੋਣਾ ਪਵੇਗਾ… ਆਪਣੇ ਅੰਤਰੀਵ ਝਾਤ ਮਾਰ ਕੇ ਬਦਲ ਰਹੇ ਸਮੁੱਚੇ ਸਮਾਜਿਕ ਤਾਣੇ-ਬਾਣੇ ’ਚੋਂ ਉਸਾਰੂ ਸ਼ਬਦ ਚੋਣ ਕਰਕੇ ਅਮੀਰ ਵਿਰਸਾ ਸਾਂਭਣ ਲਈ ਉੱਚ ਪਾਏ ਦੇ ਸਾਹਿਤ ਦੀ ਰਚਨਾ ਕਰਨੀ ਪਵੇਗੀ। ਅਮੀਰ ਸੱਭਿਆਚਾਰ ਦੇ ਅਲੋਪ ਹੋ ਰਹੇ ਲੋਕਧਰਾਈ ਰੀਤੀ-ਰਿਵਾਜ ਪੁਨਰ ਸੁਰਜੀਤ ਕਰਨੇ ਪੈਣਗੇ।’’ ਇੱਥੋਂ ਤੱਕ ਦੇ ਹਾਸਲ ਕੀਤੇ ਮੁਕਾਮ ਦਾ ਸਿਹਰਾ ਮਾਲਵਿੰਦਰ ਸ਼ਾਇਰ ਜਿੱਥੇ ਸਮੇਂ-ਸਮੇਂ ’ਤੇ ਉਸਦਾ ਮਾਰਗ-ਦਰਸ਼ਕ ਬਣੀਆਂ ਸ਼ਖਸੀਅਤਾਂ ਸਿਰ ਬੰਨ੍ਹਦਾ ਹੈ, ਉੱਥੇ ਉਹ ਆਪਣੇ ਪਰਿਵਾਰ ਨੂੰ ਵੀ ਇਹ ਮਾਣ ਬਖ਼ਸ਼ਦਾ ਹੈ। ਰੱਬ ਕਰੇ! ਉਸਤਾਦਾਂ ਦੀਆਂ ਮਾਰਾਂ ਦਾ ਤਰਾਸ਼ਿਆ, ਬਹੁ-ਕਲਾਵਾਂ ਦਾ ਧਨੀ, ਮਾਲਵੇ ਦੀ ਰੂਹ, ਮਾਲਵਿੰਦਰ ਸ਼ਾਇਰ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਹੋਰ ਵੀ ਬੁਲੰਦੀਆਂ ਨੂੰ ਜਾ ਛੂਹਵੇ!
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ,
ਮੋ. 98764-28641

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.