ਵੋਟਰਾਂ ਦੀ ਕਚਹਿਰੀ ‘ਚ ਉਮੀਦਵਾਰ ਮੁੜ੍ਹਕੋ-ਮੁੜ੍ਹਕੀ 

Candidates, Voters, Court, MudkoMeadki

ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੀ ਰਾਤਾਂ ਦੀ ਨੀਂਦ Àੁੱਡਦੀ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਵੋਟਰ ਜਾਗਰੂਕ ਹੋ ਗਿਆ ਹੈ ਕਿ ਪਿਛਲੇ ਸਮੇਂ ਵੋਟਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਤਾਂ ਹੁਣ ਵੋਟ ਕਿਉਂ ਪਾਈ ਜਾਵੇ? ਪਿਛਲੇ ਸਮੇਂ ਵਿਚ ਪੰਜਾਬ ਅੰਦਰ ਤੀਜੀ ਸਿਆਸੀ ਧਿਰ ‘ਆਪ’ ਪਾਰਟੀ ਆਉਣ ਨਾਲ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੰਨਾ ਕੁ ਜਾਗਰੂਕ ਕਰ ਦਿੱਤਾ ਹੈ ਕਿ ਲੋਕ ਆਪਣਾ ਹੱਕ ਸਮਝਦਿਆਂ ਹੁਣ ਉਮੀਦਵਾਰਾਂ ਨੂੰ ਬੇਝਿਜਕ ਸੁਆਲ ਕਰ ਰਹੇ ਹਨ। ਇਸ ਤੀਜੀ ਧਿਰ ਨੇ ਆਉਂਦਿਆਂ ਹੀ ਪੰਜਾਬ ਵਿਚ ਆਪਣੀ ਧਾਕ ਜਮਾ ਲਈ ਸੀ ਤੇ ਲੋਕਾਂ ਨੇ ਵੀ ਪੰਜਾਬ ਦੇ ਭਲੇ ਦਿਨਾਂ ਦੀ ਆਸ ਕਰਦਿਆਂ ਇਸ ਪਾਰਟੀ ਨੂੰ ਜੀ ਆਇਆਂ ਕਿਹਾ ਪਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਪਾਰਟੀ ਵਿਚ ਪੈਦਾ ਹੋਈ ਧੜੇਬੰਦੀ ਅਤੇ ਆਪਸੀ ਫੁੱਟ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਭਾਵੇਂ ਇਹ ਪਾਰਟੀ ਪੂਰੀ ਤਰ੍ਹਾਂ ਆਪਣਾ ਵਿਕਾਸ ਤਾਂ ਨਹੀਂ ਕਰ ਸਕੀ ਪਰ ਇਸ ਧਿਰ ਨੇ ਜੋ ਵੋਟਰਾਂ ਵਿਚ ਜਾਗਰੂਕਤਾ ਪੈਦਾ ਕੀਤੀ ਹੈ, ਇਸ ਨਾਲ ਥੋੜ੍ਹੇ ਸਮੇਂ ਵਿਚ ਹੀ ਸਟੇਜ਼ਾਂ ‘ਤੇ ਝੂਠ ਦੇ ਪੁਲੰਦੇ ਬੋਲਦਿਆਂ ਵੱਡੇ-ਵੱਡੇ ਵਾਅਦੇ ਕਰਨ ਵਾਲੇ ਸਿਆਸੀ ਲੀਡਰਾਂ ਨੂੰ ਹੁਣ ਸਟੇਜ਼ ‘ਤੇ ਲੋਕਾਂ ਨਾਲ ਵਾਅਦਾ ਕਰਨ ਲੱਗਿਆਂ ਸੋਚਣ ਲਈ ਮਜ਼ਬੂਰ ਜਰੂਰ ਹੋਣਾ ਪਵੇਗਾ ਕਿ ਆਉਂਦੇ ਪੰਜ ਸਾਲਾਂ ਨੂੰ ਫਿਰ ਇਨ੍ਹਾਂ ਲੋਕਾਂ ਦੀ ਕਚਹਿਰੀ ਵਿਚ ਹਾਜ਼ਰੀ ਭਰਨੀ ਪਵੇਗੀ। ਲੋਕ ਹੁਣ ਕਸਬਿਆਂ-ਪਿੰਡਾਂ ਵਿਚ ਵੋਟਾਂ ਮੰਗਣ ਆ ਰਹੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਜਾਣ ‘ਤੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੀ ਪਿਛਲੇ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸੰਗਤ ‘ਤੇ ਗੋਲੀ ਚਲਾ ਕੇ ਦੋ ਨੌਜਵਾਨਾਂ ਨੂੰ ਮਾਰ ਦੇਣ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਕਤਲ ਕੇਸ ਨਾ ਦਰਜ ਕਰਨ ‘ਤੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਇਆ ਜਾ ਰਿਹਾ ਹੈ। ਹੁਣ ਲੋਕ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉੁਮੀਦਵਾਰਾਂ ਨੂੰ ਪਿੰਡਾਂ, ਕਸਬਿਆਂ ਸ਼ਹਿਰਾਂ ਵਿਚ ਜਿੱਥੇ ਬੇਅਦਬੀ ਦੇ ਸੁਆਲਾਂ ਦੀ ਝੜੀ ਲੱਗ ਜਾਂਦੀ ਹੈ, ਉੱਥੇ ਹੀ ਸੰਗਤਾਂ ਵੱਲੋਂ ਰੋਸ ਵਜੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਜਾ ਰਹੀਆਂ ਹਨ। ਇਸ ਦਾ ਵੋਟਰਾਂ ਵੱਲੋਂ ਜਿਆਦਾ ਵਿਰੋਧ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਪੁਲਸ ਮਹਿਕਮੇ ਦੇ ਮੰਤਰੀ ਸੁਖਬੀਰ ਸਿੰਘ ਬਾਦਲ ਸਨ।

ਇੱਥੇ ਹੁਣ ਵੋਟਰਾਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੁਆਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਕਾਲੀਆਂ ਝੰਡੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਆਪਣੀ ਸਿਆਸੀ ਜ਼ਿੰਦਗੀ ਵਿਚ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜੋ ਸਿਆਸੀ ਪੱਤੇ ਸੰਜ਼ਮ ਨਾਲ ਆਪਣੀ ਬੁੱਕਲ ਵਿਚ ਹੀ ਰੱਖਦੇ ਸਨ ਤੇ ਹਰ ਗੱਲ ਹੱਸ ਕੇ ਟਾਲ ਦੇਣ ਵਾਲੇ ਸ਼ਖਸ ਹਨ ਪਰ ਹੁਣ ਉਹ ਵੀ ਕਾਲੀਆਂ ਝੰਡੀਆਂ ਤੋਂ ਖਫਾ ਹੋ ਕੇ ਇਹ ਬਿਆਨ ਦੇ ਰਹੇ ਹਨ ਕਿ ‘ਵੋਟ ਨਹੀਂ ਪਾਉਣੀ ਤਾਂ ਨਾ ਪਾਓ ਪਰ ਕਾਲੀਆਂ ਝੰਡੀਆਂ ਵਿਖਾਉਣ ਦਾ ਕੀ ਮਤਲਬ?’ ਇਸ ਤੋਂ ਸਿੱਧ ਹੁੰਦਾ ਹੈ ਕਿ ਪਿੰਡਾਂ ਵਿਚ ਲੋਕਾਂ ਵੱਲੋਂ ਵਿਖਾਈਆਂ ਜਾਣ ਵਾਲੀਆਂ ਕਾਲੀਆਂ ਝੰਡੀਆਂ ਤੋਂ ਬਾਦਲ ਪਰਿਵਾਰ ਹੁਣ ਤ੍ਰਹਿਣ ਲੱਗ ਪਿਆ ਹੈ। ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 2017 ਸਮੇਂ ਸਟੇਜਾਂ Àੁੱਪਰ ਸਪੀਕਰਾਂ ਵਿਚ ਐਲਾਨੇ ਗਏ ਵੱਡੇ-ਵੱਡੇ ਵਾਅਦੇ ਘਰ-ਘਰ ਨੌਕਰੀ, ਮੋਬਾਇਲ ਫੋਨ, ਇੱਕ ਹਫਤੇ ਵਿਚ ਚਿੱਟੇ ਦੇ ਵਪਾਰੀਆਂ ਨੂੰ ਜੇਲ੍ਹਾਂ ਵਿਚ ਸੁੱਟਣਾ, ਸਰਕਾਰੀ ਤੇ ਗੈਰ-ਸਰਕਾਰੀ ਕਿਸਾਨੀ ਕਰਜ਼ਿਆਂ ‘ਤੇ ਲੀਕ ਫੇਰਨੀ ਆਦਿ ਵਾਅਦੇ ਵਫਾ ਨਾ ਹੋਣ ‘ਤੇ ਹੁਣ ਕਾਂਗਰਸੀ ਉਮੀਦਵਾਰਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਾਣ ‘ਤੇ ਪਸੀਨੇ ਆਉਣੇ ਸ਼ੁਰੂ ਹੋ ਰਹੇ ਹਨ। ‘ਆਪ’ ਪਾਰਟੀ ਨੇ ਵਿਧਾਨ ਸਭਾ ਚੋਣਾਂ 2017 ਵਿਚ ਆਪਣਾ ਕਾਫੀ ਅਧਾਰ ਬਣਾ ਲਿਆ ਸੀ ਤੇ ਸੱਤਾਧਾਰੀ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿਚ ਆਪਣੀ ਸਿਆਸੀ ਥਾਂ ਬਣਾ ਲਈ ਸੀ। ਇਸ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਗਰੁਰ ਹਲਕੇ ਵਿਚ ਆਪਣੇ ਐਮਪੀ ਕੋਟੇ ਦੇ ਫੰਡਾਂ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੂਚੀ ਜਨਤਕ ਕਰਦਿਆਂ ਸਮੇਤ ਵਿਆਜ ਸਾਰੇ ਰੁਪਏ ਸੰਗਰੂਰ ਹਲਕੇ ਵਿਚ ਹੀ ਲਾਏ ਜਾਣ ਦਾ ਦਾਅਵਾ ਕੀਤਾ ਹੈ ਤੇ ਮੁੜ ਦੁਬਾਰਾ ਸੰਗਰੂਰ ਤੋਂ ਚੋਣ ਮੈਦਾਨ ਵਿਚ ਹਨ। ਇਨ੍ਹਾਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ ਦਲ-ਬਦਲੂ ਲੀਡਰਾਂ ਨੂੰ ਵੀ ਵੋਟਰਾਂ ਦੇ ਦਰਵਾਜ਼ੇ ‘ਤੇ ਜਾਣ ਵੇਲੇ ਸ਼ਰਮਸਾਰ ਹੋਣਾ ਪੈ ਰਿਹਾ ਹੈ। ਚੋਣਾਂ ਦੇ ਇਸ ਮੌਸਮ ਵਿਚ ਕਈ ਬਰਸਾਤੀ ਡੱਡੂ ਛਾਲਾਂ ਮਾਰ ਕੇ ਇੱਧਰ ਤੋਂ ਉੱਧਰ ਜਾ ਰਹੇ ਹਨ। ਉਨ੍ਹਾਂ ਦੇ ਇਸ ਵਰਤਾਰੇ ਨੂੰ ਵੀ ਸੂਝਵਾਨ ਵੋਟਰ ਪਸੰਦ ਨਹੀਂ ਕਰ ਰਹੇ, ਕਿਉਂਕਿ ਇਹ ਦਲ-ਬਦਲੂ ਪਹਿਲਾਂ ਜਿਸ ਪਾਰਟੀ ਦੇ ਸੋਹਲੇ ਗਾਉਂਦੇ ਨਹੀਂ ਸੀ ਥੱਕਦੇ ਹੁਣ ਉਸੇ ਹੀ ਪਾਰਟੀ ਨੂੰ ਸਟੇਜਾਂ ‘ਤੇ ਚੜ੍ਹ ਕੇ ਪਾਣੀ ਪੀ-ਪੀ ਕੇ ਕੋਸ ਰਹੇ ਹਨ। ਜਦੋਂ ਕਦੇ ਲੋਕਾਂ ਨੂੰ ਅਜਿਹੇ ਲੀਡਰਾਂ ਦਾ ਭਾਸ਼ਣ ਸੁਣਨ ਨੂੰ ਮਿਲਦਾ ਹੈ ਤਾਂ ਲੋਕ ਚਟਕਾਰੇ ਲੈ-ਲੈ ਕੇ ਗੱਲਾਂ ਕਰਦੇ ਹਨ, ਪਰ ਇਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਦਾ। ਕਿਉਂਕਿ ਹੁਣ ਇਨ੍ਹਾਂ ਦੀ ਅਜਿਹੀ ਕਾਰਵਾਈ ਸਾਡੇ ਲੋਕਤੰਤਰ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ।

ਨਥਾਣਾ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।