ਪੌਣੇ ਅੱਠ ਲੱਖ ਤੋਂ ਵੱਧ ਵੋਟਰ ਕਰਨਗੇ 33 ਉਮੀਦਵਾਰਾਂ ਦਾ ਫੈਸਲਾ
ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਸੋਮਵਾਰ ਨੂੰ ਹੋ ਰਹੀਆਂ ਜਿਮਨੀ ਚੋਣਾਂ ਵਿੱਚ 7 ਲੱਖ 76 ਹਜ਼ਾਰ 7 ਵੋਟਰ ਅੱਜ 33 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਚੋਣ ਕਮਿਸ਼ਨ ਨੇ ਵੋਟਾਂ ਪਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਭ ਤੋਂ ਸਖ਼ਤ ਮੁਕਾਬਲਾ ਦਾਖਾ ਹਲਕਾ ‘ਚ ਹੋਣ ਦੇ ਅਸਾਰ ਹਨ, ਜਿੱਥੇ ਕਾਂਗਰਸ ਦੇ ਸੰਦੀਪ ਸੰਧੂ ਤੇ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਚੋਣ ਲੜ ਰਹੇ ਹਨ।
ਇਨ੍ਹਾਂ ਚਾਰੇ ਹਲਕਿਆਂ ਵਿੱਚ 7 ਲੱਖ 76 ਹਜ਼ਾਰ 7 ਵੋਟਰਾਂ ਵਿੱਚ 4 ਲੱਖ 8 ਹਜ਼ਾਰ 137 ਪੁਰਸ਼ ਤੇ 3 ਲੱਖ 67 ਹਜ਼ਾਰ 849 ਮਹਿਲਾਵਾਂ ਸਣੇ 21 ਥਰਡ ਜੈਂਡਰ ਸ਼ਾਮਲ ਹਨ। ਸਭ ਤੋਂ ਜ਼ਿਆਦਾ 2 ਲੱਖ 5 ਹਜ਼ਾਰ 153 ਵੋਟਰ ਸਿਰਫ਼ ਜਲਾਲਾਬਾਦ ਵਿੱਚ ਹੀ ਹਨ। ਜਿਸ ਵਿੱਚ 1 ਲੱਖ 7 ਹਜ਼ਾਰ 452 ਪੁਰਸ਼ ਅਤੇ 97 ਹਜ਼ਾਰ 697 ਮਹਿਲਾਵਾਂ ਸ਼ਾਮਲ ਹਨ। ਮੁਕੇਰੀਆਂ ਵਿਖੇ 2 ਲੱਖ 1 ਹਜ਼ਾਰ 21 ਵੋਟਰ ਹਨ, ਜਿਨ੍ਹਾਂ ਵਿੱਚ 1 ਲੱਖ 5 ਹਜ਼ਾਰ 147 ਪੁਰਸ਼ ਅਤੇ 95 ਹਜ਼ਾਰ865 ਮਹਿਲਾਵਾਂ ਸ਼ਾਮਲ ਹਨ। ਹਲਕਾ ਫਗਵਾੜਾ ਵਿਖੇ 1 ਲੱਖ 85 ਹਜ਼ਾਰ 110 ਵੋਟਰਾਂ ਵਿੱਚੋਂ 97 ਹਜ਼ਾਰ 563 ਪੁਰਸ਼ ਅਤੇ 87 ਹਜ਼ਾਰ 540 ਮਹਿਲਾਵਾਂ ਸ਼ਾਮਲ ਹਨ। ਜਦੋਂ ਕਿ ਦਾਖਾ ਹਲਕਾ ਵਿਖੇ 1 ਲੱਖ 84 ਹਜ਼ਾਰ 723 ਵੋਟਰਾਂ ਵਿੱਚੋਂ 97 ਹਜ਼ਾਰ 975 ਪੁਰਸ਼ ਅਤੇ 86 ਹਜ਼ਾਰ 747 ਮਹਿਲਾਵਾਂ ਸ਼ਾਮਲ ਹਨ।
ਇਸ ਨਾਲ ਹੀ ਇਨਾਂ ਚਾਰੇ ਜਿਮਨੀ ਚੋਣਾਂ ਵਿੱਚ 920 ਬੂਥਾਂ ਵਿੱਚੋਂ ਮੁਕੇਰੀਆ ਵਿਖੇ ਸਭ ਤੋਂ ਜਿਆਦਾ 241 ਬੂਥ ‘ਤੇ ਪੋਲਿੰਗ ਹੋਏਗੀ, ਜਦੋਂ ਕਿ ਜਲਾਲਾਬਾਦ ਵਿਖੇ 239 ਬੂਥ, ਦਾਖਾ ਵਿਖੇ 220 ਬੂਥ ਅਤੇ ਫਗਵਾੜਾ ਵਿਖੇ 220 ਬੂਥ ‘ਤੇ ਪੋਲਿੰਗ ਹੋਏਗੀ। ਦੱਸ ਦੇਈਏ ਕਿ ਹਲਕਾ ਜਲਾਲਾਬਾਦ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ,ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਤੇ ਕਾਂਗਰਸ ਪਾਰਟੀ ਦੇ ਕੈਪਟਨ ਸੰਦੀਪ ਸੰਧੂ ਵਿਚਕਾਰ ਮੁਕਾਬਲਾ ਹੈ ਹਲਕਾ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਬਾਘਾ ਤੇ ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ ਧਾਲੀਵਾਲ ਵਿਚਕਾਰ ਅਤੇ ਹਲਕਾ ਮੁਕੇਰੀਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਤੇ ਕਾਂਗਰਸ ਪਾਰਟੀ ਦੇ ਇੰਦੂ ਬਾਲਾ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸ਼ਰਾਰਤੀ ਅਨਸਰਾਂ ਲਈ ਤਿਆਰ ਰਹੇਗੀ ਪੁਲਿਸ ਅਤੇ ਨੀਮ ਫੌਜ ਬਲ
ਇਨਾਂ ਚਾਰੇ ਜਿਮਨੀ ਚੋਣਾਂ ਨੂੰ ਸ਼ਾਂਤੀ ਨਾਲ ਨੇਪੜੇ ਚਾੜਨ ਲਈ ਚੋਣ ਕਮਿਸ਼ਨ ਨੇ ਹਰ ਬੂਥ ਪੱਧਰ ‘ਤੇ ਪੁਲਿਸ ਅਤੇ ਨੀਮ ਫੌਜ ਬਲ ਦਾ ਘੇਰਾ ਬਣਾਇਆ ਹੋਇਆ ਹੈ। ਜਿਥੇ ਕਿ ਬੂਥ ਦੇ 100 ਮੀਟਰ ਦੀ ਦੂਰੀ ਤੋਂ ਪਹਿਲਾਂ ਹੀ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਬੂ ਕਰਨ ਅਤੇ ਗੜਬੜੀ ਕਰਨ ਦੀ ਕੋਸ਼ਸ਼ ਨੂੰ ਫ਼ੇਲ ਕਰਨ ਲਈ ਪੁਲਿਸ ਤਿਆਰ ਬਰ ਤਿਆਰ ਰਹੇਗੀ। ਕਈ ਥਾਂਵਾਂ ‘ਤੇ ਨੀਮ ਫੌਜ ਬਲ ਵੀ ਆਪਣੀ ਪੂਰੀ ਤਿਆਰੀ ਨਾਲ ਹਰ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਗੇ। ਇਨਾਂ ਚਾਰੇ ਜਿਮਨੀ ਚੋਣਾਂ ਵਿੱਚੋਂ ਜ਼ਿਆਦਾਤਰ ਫੋਕਸ ਦਾਖਾ ਵਿਧਾਨ ਸਭਾ ਹਲਕੇ ‘ਤੇ ਰਹਿਣ ਵਾਲਾ ਹੈ, ਜਿਥੇ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣਾ ਪੂਰਾ ਜੋਰ ਲਗਾਉਣ ਤੋਂ ਬਾਅਦ ਹੁਣ ਇੱਕ ਦੂਜੇ ‘ਤੇ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ।
ਵੋਟਰਾਂ ਦੀ ਗਿਣਤੀ
- ਜਲਾਲਬਾਦ : 205153
- ਮੁਕੇਰੀਆਂ : 201021
- ਫਗਵਾੜਾ : 185110
- ਦਾਖਾ : 184723
ਵਿਧਾਨ ਸਭਾ ‘ਚ ਮੌਜ਼ੂਦਾ ਸਥਿਤੀ
- ਕਾਂਗਰਸ 76
- ਅਕਾਲੀ ਦਲ 14
- ਭਾਜਪਾ 02
- ਆਮ ਆਦਮੀ ਪਾਰਟੀ 19
- ਹੋਰ 02
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।