ਸੁਰਜੀਤ ਹਾਕੀ ਟੂਰਨਾਮੈਂਟ : ਖਿਤਾਬੀ ਜਿੱਤ ਗਈ ਪੰਜਾਬ ਐਂਡ ਸਿੰਧ ਬੈਂਕ ਦੇ ਖਾਤੇ

Surjit Hockey, Tournament, Punjab & Singh bank , Accounts, Won

ਸੁਖਜੀਤ ਮਾਨ/ਜਲੰਧਰ। ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਆਇਲ ਮੁੰਬਈ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 6-3 ਦੇ ਫਰਕ ਨਾਲ ਹਰਾ ਕੇ ਭਾਰਤ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ 11ਵੀਂ ਵਾਰ ਆਪਣੇ ਨਾਂਅ ਕਰਕੇ 5.50 ਲੱਖ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਬੀਤੀ ਦੇਰ ਰਾਤ ਸਫ਼ਲਤਾਪੂਰਵਕ ਨੇਪਰੇ ਚੜ੍ਹੇ ਇਸ ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜੇਤੂ ਟੀਮ ਨੂੰ ਪਹਿਲਾ ਇਨਾਮ 5.50 ਲੱਖ ਦਾ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਵੱਲੋਂ ਦਿੱਤਾ ਗਿਆ। ਇਨਾਮਾਂ ਦੀ ਵੰਡ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ।

ਫਾਇਨਲ ਮੈਚ ਬਹੁਤ ਤੇਜ਼ ਰਫਤਾਰ ਨਾਲ ਖੇਡਿਆ ਗਿਆ। ਖੇਡ ਦੇ ਚੌਥੇ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। 9ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ ਦੂਜੇ ਕਵਾਰਟਰ ਦੇ 22ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਅਤੇ 27ਵੇਂ ਮਿੰਟ ਵਿੱਚ ਅਸ਼ੀਸ਼ ਪਾਲ ਸ਼ਰਮਾ ਨੇ ਗੋਲ ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਸਨ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਰਹਿਣ ਕਰਕੇ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ ਜੋ ਕਿ 6-3 ਦੇ ਫਰਕ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਹੱਕ ਵਿੱਚ ਰਿਹਾ। ਬੈਂਕ ਵੱਲੋਂ ਮਨਿੰਦਰਜੀਤ ਸਿੰਘ, ਸੰਤਾ ਸਿੰਘ, ਗਗਨਪ੍ਰੀਤ ਸਿੰਘ ਅਤੇ ਹਰਮਨਜੀਤ ਸਿੰਘ ਨੇ ਗੋਲ ਕੀਤੇ ਜਦਕਿ ਇੰਡੀਅਨ ਆਇਲ ਵੱਲੋਂ ਸਿਰਫ ਗੁਰਜਿੰਦਰ ਸਿੰਘ ਹੀ ਗੋਲ ਕਰ ਸਕਿਆ।

ਫਾਇਨਲ ਮੁਕਾਬਲੇ ਤੋਂ ਪਹਿਲਾਂ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਏ 550 ਉਭਰਦੇ ਹਾਕੀ ਖਿਡਾਰੀਆਂ ਨੂੰ ਹਾਕੀਆਂ ਅਤੇ ਖੇਡ ਕਿੱਟਾਂ ਦੀ ਵੰਡ ਕੀਤੀ ਗਈ। ਇਸ ਸਮਾਨ ਦੀ ਵੰਡ ਮੁੱਖ ਮਹਿਮਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ। ਇਸ ਮੌਕੇ ‘ਤੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਚੇਅਰਮੈਨ ਪਨਸਪ ਤਜਿੰਦਰ ਸਿੰਘ ਬਿੱਟੂ, ਰਾਜਨ ਸਿੱਧੂ, ਡਿਪਟੀ ਕਮਿਸ਼ਨਰ ਜਲੰਧਰ  ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ ਨਵਜੋਤ ਸਿੰਘ ਮਾਹਲ ਆਦਿ ਵੀ ਹਾਜ਼ਰ ਸਨ ਫਾਈਨਲ ਮੈਚ ਤੋਂ ਪਹਿਲਾਂ ਗਾਇਕ ਗੁਰਨਾਮ ਭੁੱਲਰ ਨੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਆਪਣੇ ਗੀਤ ਸੰਗੀਤ ਰਾਹੀਂ ਮਨੋਰੰਜਨ ਕੀਤਾ।

ਸੁਰਜੀਤ ਹਾਕੀ ਸਟੇਡੀਅਮ ‘ਚ ਨਵੀ ਐਸਟਰੋਟਰਫ ਲੱਗੇਗੀ ਜਲਦੀ : ਖੇਡ ਮੰਤਰੀ

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਦੇ ਹਾਕੀ ਦੀ ਨਵੀ ਅਸਟਰੋਟਰਫ ਜਲਦੀ ਲੱਗੇਗੀ ਤੇ ਇਸ ਦੀ ਮਨਜੂਰੀ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਗਈ ਉਨ੍ਹਾਂ ਸੁਰਜੀਤ ਹਾਕੀ ਸੁਸਾਇਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ 21 ਲੱਖ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਗਗਨਪ੍ਰੀਤ ਸਿੰਘ ਨੂੰ ਮਿਲਿਆ ਸਰਵੋਤਮ ਖਿਡਾਰੀ ਦਾ ਖਿਤਾਬਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੇ ਗਗਨਪ੍ਰੀਤ ਸਿੰਘ ਨੂੰ ਸਰਵੋਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ ਜਿਸਨੂੰ ਰਣਬੀਰ ਸਿੰਘ ਰਾਣਾ ਟੁੱਟ ਵਲੋਂ 51 ਹਜ਼ਾਰ ਰੁਪਏ ਦਾ ਨਕਦ ਇਨਾਮ ਸੌਂਪਿਆ

ਬੈਂਕ ਦੀ ਟੀਮ ਨੇ 6 ਸਾਲਾਂ ਬਾਅਦ ਜਿੱਤਿਆ ਖਿਤਾਬ

ਭਾਰਤ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੇ  ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਖਿਤਾਬੀ ਜਿੱਤ ਲਈ ਪੂਰੀ ਵਾਹ ਲਾਉਂਦੀਆਂ ਹਨ ਇਸ ਵਾਰ ਦੀ ਜੇਤੂ ਰਹੀ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਇਹ ਖਿਤਾਬ 6 ਸਾਲਾਂ ਬਾਅਦ ਸਾਲ  ਹਾਸਿਲ ਕੀਤਾ ਹੈ। ਇਸ ਤੋਂ  ਪਹਿਲਾਂ ਬੈਂਕ ਨੇ ਇਹ ਖਿਤਾਬ 2013 ਵਿੱਚ ਜਿੱਤਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।