ਮੁੱਖ ਮੰਤਰੀ ਵੱਲੋਂ ਡੀਜੀਪੀ ਸੁਰੇਸ਼ ਅਰੋੜਾ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਆਦੇਸ਼ ਜਾਰੀ
ਮਨਪ੍ਰੀਤ ਬਾਦਲ ਨੇ ਖਜਾਨਾ ਖ਼ਾਲੀ ਹੋਣ ਕਰਕੇ ਨਹੀਂ ਦਿੱਤੀ ਸੀ ਗੱਡੀਆਂ ਨੂੰ ਪ੍ਰਵਾਨਗੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਤੱਤੇ ਤਿੱਖੇ ਬਿਆਨ ਦਾਗਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਇਨ੍ਹਾਂ ਦੋਵਾਂ ਆਗੂਆਂ ਦੀ ਵਾਧੂ ਪੁਲਿਸ ਨਫ਼ਰੀ ਨਾਲ ਰਾਖੀ ਕਰੇਗੀ। ਇਸ ਨਾਲ ਹੀ ਇਨਾਂ ਦੋਹੇ ਬਾਦਲਾਂ ਨੂੰ ਜਲਦ ਹੀ ਬੁਲਟ ਪਰੂਫ਼ ਗੱਡੀਆਂ ਵੀ ਲੈ ਕੇ ਦੇਣ ਸਬੰਧੀ ਸਰਕਾਰ ਨੇ ਮੁੜ ਤੋਂ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇੱਕ ਮਹੀਨਾ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਖਜਾਨਾ ਖਾਲੀ ਹੋਣ ਦਾ ਲਾਰਾ ਲਗਾਉਂਦੇ ਹੋਏ ਬੁਲਟ ਪਰੂਫ਼ ਗੱਡੀਆਂ ਦੀ ਖਰੀਦ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਸੀ ਪਰ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਹਨ।
ਜਿਸ ਤੋਂ ਬਾਅਦ ਜਲਦ ਹੀ ਇਨ੍ਹਾਂ ਦੋਵਾਂ ਨੂੰ ਬੁਲਟ ਪਰੂਫ਼ ਗੱਡੀਆਂ ਵੀ ਮਿਲਣਗੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫ਼ਾਸ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਡੇ-ਛੋਟੇ ਦੋਵਾਂ ਬਾਦਲਾਂ ਦੀ ਸੁਰੱਖਿਆ ਸਬੰਧੀ ਚਿੰਤਤ ਹੋ ਗਈ ਹੈ। ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵੀ ਸੁਰੱਖਿਆ ਪ੍ਰਬੰਧ ਪੁਖ਼ਤਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਦੋਵਾਂ ਬਾਦਲਾਂ ਦੀ ਜਾਨ ਦੇ ਖ਼ਤਰੇ ਵਿੱਚ ਵਾਧਾ ਹੋਣ ਦੇ ਮੱਦੇ-ਨਜ਼ਰ ਸਰਕਾਰ ਉਨ੍ਹਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਉਣ ਜਾ ਰਹੀ ਹੈ। ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਜਾਂ ਫਿਰ ਘਾਟ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀ ਜਾਨ ਦੇ ਖ਼ਤਰੇ ਦੀ ਜਾਣਕਾਰੀ ਆਉਣ ਤੋਂ ਬਾਅਦ ਪੰਜਾਬ ਪੁਲਿਸ ਅਲਰਟ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਜਿਹੜੀਆਂ ਗੱਡੀਆਂ ‘ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਆਉਂਦੇ ਜਾਂਦੇ ਹਨ, ਉਹ ਬੁਲਟ ਪਰੂਫ਼ ਨਹੀਂ ਹਨ ਅਤੇ ਇਨਾਂ ਦੋਹਾ ਕੋਲ ਜੈਡ ਪਲੱਸ ਸੁਰੱਖਿਆ ਹੋਣ ਦੇ ਕਾਰਨ ਹੀ ਬੂਲੈਟ ਪਰੂਫ਼ ਗੱਡੀਆਂ ਦੀ ਮੰਗ ਕੀਤੀ ਜਾ ਰਹੀਂ ਸੀ। ਬੁਲਟ ਪਰੂਫ਼ ਗੱਡੀਆਂ ਖਰੀਦਣ ਲਈ ਪਹਿਲਾਂ ਗੱਲਬਾਤ ਜਰੂਰ ਚਲੀ ਸੀ ਪਰ ਉਕਤ ਮਾਮਲੇ ਵਿੱਚ ਮਨਪ੍ਰੀਤ ਬਾਦਲ ਵਲੋਂ ਫਾਈਲ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਪਿਛੇ ਖ਼ਜਾਨੇ ਵਿੱਚ ਇਸ ਤਰਾਂ ਦੇ ਖ਼ਰਚੇ ਲਈ ਪੈਸਾ ਨਹੀਂ ਹੋਣ ਦੀ ਗਲ ਆਖੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।