ਮਜ਼ਦੂਰਾਂ ਸਿਰ ਕਰਜ਼ਾ 6 ਹਜ਼ਾਰ ਕਰੋੜ, ਮੁਆਫੀ ਲਈ ਰੱਖਿਆ 520 ਕਰੋੜ
6 ਫੀਸਦੀ ਡੀਏ ਦੇ ਐਲਾਨ ਤੋਂ ਮੁਲਾਜ਼ਮ ਭੰਬਲਭੂਸੇ ‘ਚ
ਬਠਿੰਡਾ, (ਸੁਖਜੀਤ ਮਾਨ) ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜ਼ਟ (Punjab Budget) ਦੌਰਾਨ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਦੇ ਐਲਾਨ ਦੇ ਬਾਵਜੂਦ ਮਜ਼ਦੂਰ ਖੁਸ਼ ਨਹੀਂ ਮੁਲਾਜ਼ਮਾਂ ਨੂੰ 6 ਫੀਸਦੀ ਡੀਏ ਦੀ ਕਿਸ਼ਤ ਦਾ ਐਲਾਨ ਤਾਂ ਕਰ ਦਿੱਤਾ ਪਰ ਮੁਲਾਜ਼ਮਾਂ ਨੂੰ ਸਮਝ ਨਹੀਂ ਪੈ ਰਿਹਾ ਕਿ ਇਹ ਡੀਏ ਉਨ੍ਹਾਂ ਨੂੰ ਵੱਖਰਾ ਮਿਲੇਗਾ ਜਾਂ ਪਿਛਲੇ ਬਕਾਏ ‘ਚ ਹੀ ਸ਼ਾਮਿਲ ਕੀਤਾ ਜਾਵੇਗਾ ਹਾਲ ਦੀ ਘੜੀ ਮੁਲਾਜ਼ਮਾਂ ਨੇ ਇਸ 6 ਫੀਸਦੀ ਵਾਲੇ ਐਲਾਨ ਨੂੰ ਮਜ਼ਾਕ ਕਰਾਰ ਦਿੱਤਾ ਹੈ
ਖੇਤ ਮਜ਼ਦੂਰਾਂ ਸਿਰ ਚੜ੍ਹਿਆ 520 ਕਰੋੜ ਦਾ ਸਰਕਾਰੀ ਕਰਜ਼ਾ ਮੁਆਫ਼ ਦੇ ਐਲਾਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰਾਂ ਦੇ ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਇਸਨੂੰ ਊਠ ਤੋਂ ਛਾਨਣੀ ਲਾਹਕੇ ਭਾਰ ਹੌਲਾ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ।ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਖੇਤ ਮਜ਼ਦੂਰਾਂ ਸਿਰ ਲੱਗਭੱਗ 6000 ਕਰੋੜ ਕਰਜ਼ਾ ਹੈ
ਇਸ ਲਈ ਸਰਕਾਰ ਨੂੰ ਆਪਣੇ ਵਾਅਦੇ ਮੁਤਾਬਕ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਇਸ ਸਾਰਾ ਕਰਜ਼ਾ ਸਰਕਾਰੀ ਬੈਂਕਾਂ ਤੇ ਸਹਿਕਾਰੀ ਬੈਂਕਾਂ ਦਾ ਹੈ ਪਰ ਸਹਿਕਾਰੀ ਬੈਂਕਾਂ ਦੇ ਕਰਜ਼ੇ ਵਿੱਚੋਂ ਕਾਫ਼ੀ ਹਿੱਸਾ ਕਰਜ਼ਾ ਮਜ਼ਦੂਰਾਂ ਦੇ ਨਾਂਅ ‘ਤੇ ਪਿੰਡਾਂ ਦੇ ਚੌਧਰੀਆਂ ਨੇ ਹੀ ਲਿਆ ਹੋਇਆ ਹੈ ਇਸ ਲਈ ਖੇਤ ਮਜ਼ਦੂਰਾਂ ਨੂੰ ਇਸਦਾ ਬਹੁਤਾ ਲਾਭ ਨਹੀਂ ਮਿਲੇਗਾ। ਉਹਨਾਂ ਕਿਹਾ ਕਿ ਖੇਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਵਾਉਣ ਲਈ ਉਹਨਾਂ ਦੀ ਜਥੇਬੰਦੀ ਆਪਣਾ ਸੰਘਰਸ਼ ਜਾਰੀ ਰੱਖੇਗੀ।
ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਕੇਵਲ ਬਾਂਸਲ ਦਾ ਕਹਿਣਾ ਹੈ ਕਿ ਬਜਟ ਕੋਈ ਬਹੁਤਾ ਚੰਗਾ ਨਹੀਂ ਹੈ ਉਨ੍ਹਾਂ ਕਿਹਾ ਕਿ ਹਾਲੇ ਇਹ ਹੀ ਸਾਫ਼ ਪਤਾ ਨਹੀਂ ਲੱਗਿਆ ਕਿ ਪਿਛਲਾ ਬਕਾਇਆ ਦਿੱਤਾ ਜਾਵੇਗਾ ਜਾਂ ਡੀ-ਲਿੰਕ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ 22 ਫੀਸਦੀ ਡੀਏ ਬਕਾਇਆ ਪਿਆ ਹੈ ਪਰ ਐਲਾਨ ਸਿਰਫ 6 ਫੀਸਦੀ ਦੇਣ ਦਾ ਕੀਤਾ ਗਿਆ ਹੈ ਜਦੋਂਕਿ ਬਕਾਏ ਬਾਰੇ ਗੱਲ ਹੀ ਨਹੀਂ ਕੀਤੀ ਜਾ ਰਹੀ
ਕਰਜ਼ਾ ਪੀੜ੍ਹਤ ਪ੍ਰਤੀ ਪਰਿਵਾਰ ਸਿਰ 91437 ਰੁਪਏ ਕਰਜ਼ਾ
ਖੇਤ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਕਰਜ਼ੇ ਸਬੰਧੀ ਸਾਲ 2017 ‘ਚ ਛੇ ਜ਼ਿਲ੍ਹਿਆਂ ਦੇ 13 ਪਿੰਡਾਂ ‘ਚੋਂ 1618 ਪਰਿਵਾਰਾਂ ਦੇ ਕੀਤੇ ਸਰਵੇਖਣ ਦੇ ਹਵਾਲੇ ਨਾਲ ਦੱਸਿਆ ਕਿ 84 ਫੀਸਦੀ ਪਰਿਵਾਰ ਕਰਜ਼ੇ ਦੇ ਭਾਰੀ ਬੋਝ ਹੋਠ ਦੱਬੇ ਹੋਏ ਹਨ। ਉਹਨਾਂ ਦੱਸਿਆ ਕਿ ਕਰਜ਼ਾ ਪੀੜਤ ਪਰਿਵਾਰਾਂ ਸਿਰ ਪ੍ਰਤੀ ਪਰਿਵਾਰ 91437 ਰੁਪਏ ਦਾ ਕਰਜ਼ਾ ਹੈ ਜਿਹੜਾ ਕਿ ਮੁੱਖ ਤੌਰ ‘ਤੇ ਗੈਰ ਸਰਕਾਰੀ ਸਰੋਤਾਂ ਤੋਂ ਲਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।