ਬਾਲੀਵੁੱਡ ਸਵਾਲਾਂ ਦੇ ਘੇਰੇ ‘ਚ
ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖੁਦਕੁਸ਼ੀ ਦੀ ਘਟਨਾ ਨੇ ਸਮੁੱਚੇ ਬਾਲੀਵੁੱਡ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ ਸੁਸ਼ਾਂਤ ਦੀ ਮੌਤ ਨਾਲ ਜਿਸ ਤਰ੍ਹਾਂ ਭਾਈ-ਭਤੀਜਾਵਾਦ (ਨੈਪਟੋਇਜ਼ਮ) ਦੇ ਦੋਸ਼ਾਂ ਦੀ ਚਰਚਾ ਹੋਣ ਲੱਗੀ ਹੈ ਇਸ ਤੋਂ ਪਹਿਲਾਂ ਕਦੇ ਵੀ ਏਨੇ ਗੰਭੀਰ ਦੋਸ਼ ਨਹੀਂ ਲੱਗੇ ਹੁਣ ਬਾਲੀਵੁੱਡ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਜਾਂਚ ‘ਚ ਸ਼ਾਮਲ ਕਰਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕੋਈ ਦਿਨ ਅਜਿਹਾ ਨਹੀਂ ਜਾ ਰਿਹਾ ਜਦੋਂ ਸੁਸ਼ਾਂਤ ਦੀ ਮੌਤ ਦੇ ਮਾਮਲੇ ‘ਚ ਬਾਲੀਵੁੱਡ ਕਲਾਕਾਰ ਬਿਆਨਬਾਜ਼ੀ ਨਾ ਕਰ ਰਹੇ ਹੋਣ ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਮੋਟੇ ਤੌਰ ‘ਤੇ ਦੋ ਧੜਿਆਂ ‘ਚ ਵੰਡਿਆ ਨਜ਼ਰ ਆ ਰਿਹਾ ਹੈ
ਨਵੇਂ (ਆਊਟਸਾਈਡਰ) ਤੇ ਪੁਰਾਣੇ (ਇਨਸਾਈਡਰ) ਕਲਾਕਾਰ ਭਾਈ-ਭਤੀਜਾਵਾਦ ਦੀ ਗੂੰਜ ਤਾਂ ਦਹਾਕਿਆਂ ਤੋਂ ਹੀ ਚੱਲੀ ਆ ਰਹੀ ਸੀ ਪਰ ਸੁਸ਼ਾਂਤ ਦੀ ਮੌਤ ਨੇ ਪੱਖਪਾਤ ਦੀ ਬੁਰਾਈ ਨੂੰ ਚੁਰਾਹੇ ‘ਤੇ ਲੈ ਆਂਦਾ ਹੈ ਦਰਅਸਲ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਇਹ ਗਿਲਾ ਹੈ ਕਿ ਫ਼ਿਲਮ ਇੰਡਸਟਰੀ ‘ਚ ਕਾਮਯਾਬ ਹੋਣ ਲਈ ਉਹਨਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ, ਪੁਰਾਣੇ ਕਲਾਕਾਰ ਨਵੇਂ ਕਲਾਕਾਰਾਂ ਦੇ ਇੰਡਸਟਰੀ ‘ਚ ਪੈਰ ਨਹੀਂ ਲੱਗਣ ਦਿੰਦੇ ਜਾਂ ਤਾਂ ਨਵੇਂ ਕਲਾਕਾਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜਾਂ ਫ਼ਿਰ ਉਹਨਾਂ ਨੂੰ ਇੰਡਸਟਰੀ ਛੱਡਣ ਲਈ ਮਜ਼ਬੂਰ ਕੀਤਾ ਜਾਂਦਾ ਹੈ
ਸੋਨੂੰ ਸੂਦ ਨੇ ਤਾਂ ਆਪਣੇ ਤਜ਼ਰਬੇ ‘ਚੋਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਨਵੇਂ ਕਲਾਕਾਰ ਉਹੀ ਆਉਣ ਜਿਨ੍ਹਾਂ ਦੀਆਂ ਨਸਾਂ ਸਟੀਲ ਦੀਆਂ ਹੋਣ, ਭਾਵ ਜੋ ਦੁੱਖ ਸਹਿਣ ਦੀ ਹਿੰਮਤ ਰੱਖਦੇ ਹੋਣ ਇਸ ਸਾਰੀ ਦੂਸ਼ਣਬਾਜ਼ੀ ਤੇ ਦਾਅਵਿਆਂ ਦੀ ਸੱਚਾਈ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਕਲਾ ਦਾ ਖੇਤਰ ਵੀ ਸਾਫ਼-ਸੁਥਰਾ ਨਹੀਂ ਰਿਹਾ ਲੱਖਾਂ ਨੌਜਵਾਨ ਫ਼ਿਲਮੀ ਦੁਨੀਆ ‘ਚ ਕਾਮਯਾਬੀ ਦਾ ਸੁਫ਼ਨਾ ਪਾਲ਼ਦੇ ਹਨ ਪਰ ਜੇਕਰ ਵਰਤਮਾਨ ਸਮੇਂ ਦੇ ਸਵਾਲਾਂ ਦੀ ਗੱਲ ਕਰੀਏ ਤਾਂ ਇਹ ਸਿੱਧੇ-ਸਾਦੇ ਬੰਦੇ ਲਈ ਬੇਹੱਦ ਮੁਸ਼ਕਲ ਭਰਿਆ ਹੈ ਫ਼ਿਲਮੀ ਖੇਤਰ ਦਾ ਭਾਰਤੀ ਸਮਾਜ ਤੇ ਆਰਥਿਕਤਾ ਨਾਲ ਡੂੰਘਾ ਸਬੰਧ ਹੈ
ਲੱਖਾਂ ਲੋਕਾਂ ਨੇ ਕਲਾ ਨਾਲ ਰੁਜ਼ਗਾਰ ਹਾਸਲ ਕੀਤਾ ਹੈ ਪਰ ਕੁਝ ਵੱਡੀਆਂ ਹਸਤੀਆਂ ਨੇ ਏਕਾਅਧਿਕਾਰ ਕਾਇਮ ਕਰਕੇ ਕਾਬਲ ਲੋਕਾਂ ਨੂੰ ਵੀ ਪ੍ਰੇਸ਼ਾਨ ਕੀਤਾ ਹੈ ਤੇ ਕੋਈ ਸੁਸ਼ਾਂਤ ਵਰਗਾ ਜਿੰਦਗੀ ਤੋਂ ਹੀ ਹੱਥ ਧੋ ਬੈਠਦਾ ਹੈ ਮਾਮਲੇ ਦੀ ਸਹੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਘਟਨਾ ਚੱਕਰ ਫ਼ਿਲਮੀ ਕਲਾਕਾਰਾਂ ਤੇ ਫ਼ਿਲਮ ਸੰਗਠਨਾਂ ਲਈ ਵੀ ਆਤਮ-ਚਿੰਤਨ ਕਰਨ ਦਾ ਮੌਕਾ ਹੈ ਕਿ ਉਹ ਅਨੈਤਿਕ ਤੇ ਗੈਰ-ਕਾਨੂੰਨੀ ਗਤੀਵਿਧੀਆਂ ਦਾ ਨੋਟਿਸ ਲੈ ਕੇ ਇੱਕ ਸਾਫ਼-ਸੁਥਰਾ ਫ਼ਿਲਮੀ ਸੱਭਿਆਚਾਰ ਪੈਦਾ ਕਰਨ ਤਾਂ ਕਿ ਸ਼ਰੀਫ਼ ਤੇ ਨਵੇਂ ਆਏ ਕਲਾਕਾਰਾਂ ਨੂੰ ਮੁਸ਼ਕਲਾਂ ਨਾ ਆਉਣ ਤੇ ਨਾ ਹੀ ਉਹ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਾਉਣ ਪੈਸੇ ਨਾਲੋਂ ਜ਼ਿੰਦਗੀ ਤੇ ਨੈਤਿਕਤਾ ਕਿਤੇ ਵੱਡੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ