ਅਣਪਛਾਤਿਆਂ ਵੱਲੋਂ ਅਕਾਲੀ ਸਰਪੰਚ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ

Blind Firing, House, Akali sarpanch, Indigenous, People

ਚੋਣਾਂ ਦੌਰਾਨ ਅਕਾਲੀ ਉਮੀਦਵਾਰ ਜਾਂ ਵਰਕਰ ਦਾ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਵਿਧਾਇਕ ਹੋਣਗੇ : ਢਿੱਲੋਂ

ਦੋਦਾ, ਰਵੀਪਾਲ/ਸੱਚ ਕਹੂੰ ਨਿਊਜ

ਪਿੰਡ ਲੁਹਾਰਾ ਦੇ ਅਕਾਲੀ ਸਰਪੰਚ ਦੇ ਘਰ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਫਾਇਰਿੰਗ ਕਰਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸਰਪੰਚ ਦੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਦੌਰਾਨ ਦੋਦਾ ਪੁਲਿਸ ਚੌਂਕੀ ਇੰਚਾਰਜ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਪੜਤਾਲ ਆਰੰਭ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਮੌਕਾ ਵੇਖਣ ਪੁੱਜੇ।

ਸਰਪੰਚ ਦੇ ਪਤੀ ਕੁਲਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰੰਦਿਆਂ ਦੱਸਿਆ ਕਿ ਰਾਤ ਸਮੇਂ ਜਦ ਸਾਡੇ ਪਾਰਟੀ ਵਰਕਰਾਂ ਦੀ ਘਰ ‘ਚ ਮੀਟਿੰਗ ਚੱਲ ਰਹੀ ਸੀ, ਤਾਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਮੁੱਖ ਗੇਟ ਦੇ ਸਾਹਮਣੇ ਤੋਂ ਘਰ ਵੱਲ ਫਾਇਰਿੰਗ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਫਾਇਰ ਸਾਡੇ ਘਰ ਦੀਆਂ ਕੰਧਾਂ ‘ਚ ਜਾ ਲੱਗੇ। ਉਨ੍ਹਾਂ ਕਿਹਾ ਸਾਡੇ ਬੁੱਟਰ ਸ਼ਰੀਹ ਜੋਨ ਤੋਂ ਬਲਾਕ ਸੰਮਤੀ ਉਮੀਦਵਾਰ ਦੇ ਰਿਸ਼ਤੇਦਾਰ ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਘਰ ਵਿਚ ਦਾਖਲ ਹੋਏ ਸਨ, ਉਸ ਤੋਂ ਬਾਅਦ ਇਹ ਘਟੀਆ ਹਰਕਤ ਕੀਤੀ ਗਈ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਾਡੇ ਪਿੰਡ ਹਲਕਾ ਵਿਧਾਇਕ ਅਮਰਿੰਦਰ ਸਿੰਘ ਵੜਿੰਗ ਨੇ ਚੋਣ ਜਲਸੇ ਦੌਰਾਨ ਕਾਂਗਰਸੀ ਵਰਕਰਾਂ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ ਤੇ ਜਿਸ ਤੋਂ ਬਾਅਦ ਇਹ ਹਮਲਾ ਹੋਇਆ ਹੈ ਉਨ੍ਹਾਂ ਕਿਹਾ ਇਹ ਹਮਲਾ ਪਿੰਡ ਦੇ ਕੁਝ ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਕੇ ਇਨਸਾਫ ਕੀਤਾ ਜਾਵੇ। ਉੱਧਰ ਅਕਾਲੀ ਆਗੂ ਹਰਦੀਪ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਕਾਂਗਰਸੀ ਵਿਧਾਇਕ ਘਟੀਆ ਰਾਜਨੀਤੀ ‘ਤੇ ਉੱਤਰ ਆਏ ਹਨ ਤੇ ਉਨ੍ਹਾਂ ਦੇ ਕਾਰਨ ਹੀ ਅਜਿਹਾ ਹੋ ਰਿਹਾ ਹੈ ਤੇ ਲੋਕਤੰਤਰ ਦਾ ਘਾਣ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਛੇ ਬਲਾਕ ਸੰਮਤੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਸਨ ਪਰੰਤੂ ਹੁਣ ਇਹ ਚੋਣਾਂ ‘ਚ ਹੋ ਰਹੀ ਹਾਰ ਤੋਂ ਡਰਦੇ ਅਜਿਹੇ ਹਮਲੇ ਕਰਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਅਜਿਹੀ ਟੀਮ ਤਿਆਰ ਕਰਵਾਈ ਹੈ ਜੋ ਬੂਥਾਂ ‘ਤੇ ਸ਼ਰ੍ਹੇਆਮ ਕਬਜ਼ਾ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਸਾਡੇ ਅਕਾਲੀ ਸਰਪੰਚ ਦੇ ਘਰ ‘ਤੇ ਜਾਨਲੇਵਾ ਹਮਲਾ ਕਰਵਾਇਆ ਹੈ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਚੋਣ ਸਹੀ ਢੰਗ ਨਾਲ ਨੇਪਰੇ ਚਾੜ੍ਹੀ ਜਾਵੇ। ਉਨ੍ਹਾਂ ਪ੍ਰਸ਼ਾਸਨ ਤੇ ਕਾਂਗਰਸੀ ਵਿਧਾਇਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਕਾਲੀ ਉਮੀਦਵਾਰ ਜਾ ਕਿਸੇ ਅਕਾਲੀ ਵਰਕਰ ਦਾ ਚੋਣਾਂ ਦੌਰਾਨ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਤਾਂ ਉਸ ਦਾ ਜਿੰਮੇਵਾਰ ਵਿਧਾਇਕ ਵੜਿੰਗ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।