ਭਾਜਪਾ ਨਗਰ ਨਿਗਮ ਚੋਣਾਂ ਇਕੱਲੇ ਲੜੇਗੀ, ਸਾਨੂੰ ਕਿਸੇ ਦੀ ਲੋੜ ਨਹੀਂ’

BJP sachkahoon

ਹਰਜੀਤ ਗਰੇਵਾਲ ਬੋਲੇ, ਕੈਪਟਨ ਦੀ ਸਰਕਾਰ ਮੌਕੇ ਭਾਜਪਾ ਵਰਕਰਾਂ ਨਾਲ ਹੋਏ ਬਹੁਤ ਜੁਲਮ

  • ਪਿਛਲੇ ਦਿਨੀਂ ਕੈਪਟਨ ਨੇ ਕੀਤਾ ਸੀ ਭਾਜਪਾ ਨਾਲ ਮਿਲਕੇ ਚੋਣਾਂ ਲੜਨ ਦਾ ਐਲਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਨਗਰ ਨਿਗਮ ਚੋਣਾਂ ਭਾਜਪਾ ਨਾਲ ਮਿਲਕੇ ਲੜਨ ਦੀ ਗੱਲ ਆਖ ਰਹੇ ਹਨ ਜਦਕਿ ਦੂਜੇ ਪਾਸੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਸੇ ਵੀ ਸਮਝੌਤੇ ਨੂੰ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਜਪਾ ਇਕੱਲੀ ਹੀ ਕਾਫ਼ੀ ਹੈ, ਸਾਨੂੰ ਕਿਸੇ ਦੀ ਵੀ ਲੋੜ ਨਹੀਂ। ਹਰਜੀਤ ਗਰੇਵਾਲ ਅੱਜ ਇੱਥੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਹੋਏ ਸਨ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਨਗਰ ਨਿਗਮਾਂ ਦੀਆਂ ਚੋਣਾਂ ਲੜੇਗੀ, ਪਰ ਭਾਜਪਾ ਆਗੂ ਕੈਪਟਨ ਨਾਲ ਇੰਤਫਾਕ ਨਹੀਂ ਰੱਖ ਰਹੇ। ਭਾਜਪਾ ਦੇ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਆਪਣੇ ਦਮ ’ਤੇ ਹੀ ਚੋਣਾਂ ਲੜੇਗੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੀ ਸਰਕਾਰ ਵੇਲੇ ਉਹ ਵੀ ਘੱਟ ਨਹੀਂ ਸਨ। ਉਨ੍ਹਾਂ ਦੀ ਸਰਕਾਰ ਮੌਕੇ ਭਾਜਪਾ ਦੇ ਆਗੁੂਆਂ ਤੇ ਵਰਕਰਾਂ ’ਤੇ ਬਹੁਤ ਜੁਲਮ ਕੀਤੇ ਗਏ , ਵਰਕਰਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਕਿਸੇ ਖਿਲਾਫ਼ ਕੋਈ ਮਾਮਲਾ ਦਰਜ਼ ਨਹੀਂ ਕੀਤਾ ਗਿਆ।

ਗਰੇਵਾਲ ਨੇ ਕਿਹਾ ਕਿ ਉਹ ਉਸ ਸਮੇਂ ਦੇ ਹਾਈਕੋਰਟ ’ਚ ਚਾਰ ਕੇਸ ਲੜੇ ਰਹੇ ਹਨ। ਇੱਧਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨੇ ਲਾਉਂਦਿਆਂ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਇਸ ਸਰਕਾਰ ’ਚ ਲੋਕ ਦੋ ਮਹੀਨਿਆਂ ’ਚ ਹੀ ਅੱਕ ਗਏ ਹਨ। ਉਹੀ ਧਰਨੇ ਲੱਗ ਰਹੇ ਹਨ, ਉਸੇ ਤਰ੍ਹਾਂ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ, ਫਿਰ ਕਿਹੜਾ ਬਦਲਾਅ ਆਇਆ ਹੈ।

ਕੇਜਰੀਵਾਲ ਕੋਈ ਰੱਬ ਤੋਂ ਉੱਤਰਿਆ ਹੋਇਆ ਨਹੀਂ

ਭਾਜਪਾ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੋਈ ਰੱਬ ਤੋਂ ਉੱਤਰਿਆ ਹੋਇਆ ਨਹੀਂ ਕਿ ਕੋਈ ਉਸ ਬਾਰੇ ਬੋਲ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਕੇਜਰੀਵਾਲ ਤੋਂ ਨਹੀਂ ਡਰਦੇ ਅਤੇ ਜੇਕਰ ਕੋਈ ਅੱਤਿਆਚਾਰ ਹੋਇਆ ਤਾਂ ਡਟ ਕੇ ਵਿਰੋਧ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਡੋਰ ਤਾਂ ਕਿਸੇ ਹੋਰ ਹੱਥ ਹੈ ਅਤੇ ਮਾਨ ਸਰਕਾਰ ਪੰਜਾਬ ਸਿਰ 7 ਲੱਖ ਕਰੋੜ ਤੋਂ ਵੱਧ ਕਰਜ਼ਾ ਚੜ੍ਹਾ ਕੇ ਜਾਣਗੇ ਅਤੇ ਕੁਝ ਦਿਨਾਂ ’ਚ ਹੀ 7 ਹਜਾਰ ਕਰੋੜ ਦਾ ਕਰਜ਼ਾ ਤਾਂ ਚਾੜ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ