ਭਾਜਪਾ ਨੇ 300 ਫੁੱਟ ਲੰਬਾ ਝੰਡਾ ਲੈ ਕੇ ਮੋਤੀ ਮਹਿਲਾ ਵੱਲ ਕੱਢਿਆ ਰੋਸ ਮਾਰਚ

Protest, Against, Government, CPI

ਮਾਮਲਾ-ਜਹਿਰੀਲੀ ਸਰਾਬ ਨਾਲ ਹੋਈਆਂ ਮੌਤਾਂ ਦਾ…..

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆ ਮੌਤਾ ਦਾ ਮਾਮਲਾ ਦਿਨ ਪ੍ਰਤੀ ਦਿਨ ਭਖਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ ‘ਚ ਇਕੱਤਰ ਹੋਏ ਵਰਕਰਾਂ ਨੇ ਮੋਤੀ ਮਹਿਲ ਵੱਲ 300 ਫੁੱਟ ਲੰਬਾ ਝੰਡਾ ਲੈ ਕੇ ਮਾਰਚ ਕੱਢਿਆ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆ ਮੰਗ ਕੀਤੀ ਕਿ ਜਦੋਂ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਨ੍ਹ੍ਹਾਂ ਵੱਲੋਂ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਨੇ ਦੱਸਿਆ ਕਿ ਲੰਘੇ ਦਿਨ ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 120 ਤੋਂ ਵੱਧ ਲੋਕ ਆਪਣੀਆਂ ਕੀਮਤੀ ਜਾਨਾ ਗੁਆ ਚੁੱਕੇ ਹਨ,

ਪ੍ਰੰਤੂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਬਿਲਕੁੱਲ ਵੀ ਗੰਭੀਰ ਨਹੀਂ ਹੈ ਤੇ ਸਰਕਾਰ ਵੱਲੋਂ ਸਿਰਫ ਅਧਿਕਾਰੀਆਂ ਖਿਲਾਫ ਹੀ ਜਾਂਚ ਕਮੇਟੀ ਬਿਠਾਈ ਗਈ ਹੈ, ਜਦੋਂ ਕਿ ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਜ਼ਹਰਿਲੀ ਸ਼ਰਾਬ ਦੇ ਮਾਮਲੇ ਵਿੱਚ ਅਸਲੀ ਦੋਸ਼ੀਆਂ ਨੂੰ ਕਾਬੂ ਕਰੇ।

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੰਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਸਰਕਾਰ ਦੋਸ਼ੀਆਂ ਨੂੰ ਕਾਬੂ ਕਰੇ ਤੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ 25-25 ਲੱਖ ਮੁਆਵਜ਼ਾ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੌਰਾਨ ਵਾਈ. ਪੀ. ਐਸ. ਚੌਂਕ ਕੋਲ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਭਾਜਪਾ ਵਰਕਰਾਂ ਨੇ ਉੱਥੇ ਹੀ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਜਹਿਰੀਲੀ ਸ਼ਰਾਬ ਦੇ ਦੋਸ਼ੀਆਂ ਨੂੰ ਜਲਦ ਸਜਾਵਾਂ ਦਿਵਾਉਣ ਲਈ ਮਾਨਯੋਗ ਰਾਜਪਾਲ ਪੰਜਾਬ ਵੀ. ਪੀ. ਸਿੰਘ ਬਦਨੌਰ ਦੇ ਨਾਮ ਅਧਿਕਾਰੀਆਂ ਨੂੰ ਮੰਗ ਪੱਤਰ ਸੋਪਿਆ ਗਿਆ।

ਇਸ ਮੌਕੇ ਹਰਿੰਦਰ ਕੋਹਲੀ ਨੇ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਮੌਕੇ ਵਰੁਣ ਜਿੰਦਲ, ਅਜੈ ਗੋਇਲ, ਸਨੀ ਹਿੰਗਨਾ, ਤ੍ਰਿਭੁਵਨ ਗੁਪਤਾ, ਸਪਨ ਕੋਹਲੀ, ਹਰੀਸ਼ ਕੇਹਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.