ਭਾਜਪਾ ਨੂੰ ਨਹੀਂ ਮਿਲੀਆਂ 5 ਸੀਟਾਂ, ਅਕਾਲੀ ਦਲ ਵੀ ਨਹੀਂ ਕਰਵਾ ਸਕਿਆ ਸੀਟਾਂ ਦੀ ਤਬਦੀਲੀ

BJP, AkaliDal, Seats

ਪਹਿਲੇ ਫਾਰਮੂਲੇ ਅਨੁਸਾਰ ਹੀ ਗਠਜੋੜ ਲੜੇਗਾ ਲੋਕ ਸਭਾ ਚੋਣਾਂ

ਚੰਡੀਗੜ੍ਹ (ਅਸ਼ਵਨੀ ਚਾਵਲਾ) । ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਟਾਂ ਦੇ ਫੇਰਬਦਲ ਸਬੰਧੀ ਚਰਚਾ ਕਿਸੇ ਵੀ ਨਵੇਂ ਫੈਸਲੇ ਤੱਕ ਪੁੱਜਣ ਤੋਂ ਪਹਿਲਾ ਹੀ ਖ਼ਤਮ ਹੋ ਗਈ ਹੈ। ਹੁਣ ਪੰਜਾਬ ਵਿੱਚ ਦੋਵੇਂ ਪਾਰਟੀਆਂ ਸੀਟਾਂ ਦੀ ਰੱਦੋ-ਬਦਲ ਨਹੀਂ ਕਰਨਗੀਆਂ। ਪਹਿਲਾਂ ਤੋਂ ਚਲਦੇ ਆ ਰਹੇ ਫ਼ਾਰਮੂਲੇ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ‘ਤੇ ਲੋਕ ਸਭਾ ਚੋਣ ਲੜੇਗਾ ਤਾਂ ਭਾਜਪਾ 3 ਸੀਟਾਂ ਨਾਲ ਹੀ ਅੱਗੇ ਵਧੇਗੀ।    ਭਾਜਪਾ ਨੇ 3 ਦੀ ਥਾਂ ‘ਤੇ 5 ਸੀਟਾਂ ਦੀ ਮੰਗ ਕੀਤੀ ਸੀ ਪਰ ਅਕਾਲੀ ਦਲ ਇਸ ‘ਤੇ ਰਾਜ਼ੀ ਨਹੀਂ ਹੋਇਆ, ਜਿਸ ਕਾਰਨ ਭਾਜਪਾ ਵੀ ਸੀਟ ਦੇ ਫੇਰ ਬਦਲ ਵਿੱਚ ਰਾਜ਼ੀ ਨਾ ਹੋਣ ਕਾਰਨ ਹੁਣ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਖੇ ਪਹਿਲਾਂ ਵਾਂਗ ਭਾਜਪਾ ਹੀ ਚੋਣ ਲੜੇਗੀ। ਇਹ ਫੈਸਲਾ ਚੰਡੀਗੜ੍ਹ ਵਿਖੇ ਹੋਈ ਅਕਾਲੀ-ਭਾਜਪਾ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਲੈ ਲਿਆ ਗਿਆ ਹੈ।

ਭਾਜਪਾ ਅਤੇ ਅਕਾਲੀ ਦਲ ਦੀ ਤਾਲਮੇਲ ਕਮੇਟੀ ਦੀ ਹੁਣ ਸੀਟਾਂ ਦੇ ਫੇਰ ਬਦਲ ਮਾਮਲੇ ਵਿੱਚ ਮੀਟਿੰਗ ਨਹੀਂ ਹੋਵੇਗੀ। ਹੁਣ ਤੋਂ ਬਾਅਦ ਦੋਵੇਂ ਪਾਰਟੀਆਂ ਆਪਣੀਆਂ-ਆਪਣੀਆਂ ਸੀਟਾਂ ‘ਤੇ ਪ੍ਰਚਾਰ ਲਈ ਜੁੱਟ ਜਾਣਗੀਆਂ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਭਾਜਪਾ ਲੋਕ ਸਭਾ ਸੀਟਾਂ ਲਈ ਪਹਿਲਾਂ ਤੋਂ ਤੈਅ 3 ਸੀਟਾਂ ਦਾ ਕੋਟਾ ਵਧਾਉਣਾ ਚਾਹੁੰਦੀ ਸੀ ਅਤੇ ਇਸ ਨਾਲ ਹੀ ਇੱਕ ਦੋ ਸੀਟਾਂ ‘ਤੇ ਆਪਸੀ ਸਹਿਮਤੀ ਨਾਲ ਰੱਦੋ ਬਦਲ ਵੀ ਚਾਹੁੰਦੀ ਸੀ। ਭਾਜਪਾ ਦੀ ਇਹ ਆਪਣੀ ਕਾਫ਼ੀ ਪੁਰਾਣੀ ਮੰਗ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਚਰਚਾ ਤਾਂ ਕਰਨਾ ਚਾਹੁੰਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਸਿਰਫ਼ ਸੀਟ ਦੇ ਤਬਾਦਲੇ ਦੇ ਮਾਮਲੇ ਵਿੱਚ ਤਿਆਰ ਹੋਇਆ ਸੀ।

ਜਿਸ ਤੋਂ ਬਾਅਦ ਇਸ ਮਾਮਲੇ ਦਾ ਹੱਲ ਕੱਢਣ ਲਈ ਦੋਵਾਂ ਪਾਰਟੀਆਂ ਦੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸੇ ਕਮੇਟੀ ਦੀ ਮੀਟਿੰਗ ਵਿੱਚ ਸ਼ਨਿੱਚਰਵਾਰ ਨੂੰ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼ਾਮਲ ਸਨ ਤਾਂ ਭਾਜਪਾ ਪ੍ਰਧਾਨ ਸਵੇਤ ਮਲਿਕ ਵੀ ਆਪਣੇ ਭਾਜਪਾ ਲੀਡਰਾਂ ਨਾਲ ਪੁੱਜੇ ਹੋਏ ਸਨ। ਜਿੱਥੇ ਲਗਭਗ 2 ਘੰਟੇ ਲੰਬੀ ਚੱਲੀ ਮੀਟਿੰਗ ਵਿੱਚ ਕਾਫ਼ੀ ਮੁੱਦਿਆਂ ‘ਤੇ ਚਰਚਾ ਹੋਈ ਪਰ ਸੀਟਾਂ ਦੀ ਵੰਡ ਵਿੱਚ ਵਾਧਾ ਅਤੇ ਫੇਰ ਬਦਲ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ। ਸ਼੍ਰੋਮਣੀ ਅਕਾਲੀ ਦਲ ਸੀਟਾਂ ਵਧਾਉਣ ਦੇ ਹੱਕ ਵਿੱਚ ਨਹੀਂ ਸੀ ਤਾਂ ਭਾਜਪਾ ਸੀਟ ਦੇ ਰੱਦੋ ਬਦਲ ਨੂੰ ਕਰਨ ਲਈ ਤਿਆਰ ਨਹੀਂ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

BJP, AkaliDal, Seats