ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਕੀਤੀ ਜ਼ਿਲ੍ਹੇ ’ਚ ਤਿੰਨ ਥਾਈਂ ਚੈਕਿੰਗ
ਬਠਿੰਡਾ (ਸੁਖਜੀਤ ਮਾਨ)। ਨਸ਼ਿਆਂ ਦੇ ਖਾਤਮੇ ’ਚ ਰੁੱਝੀ ਪੁਲਿਸ (Bathinda District Police) ਵੱਲੋਂ ਅੱਜ ਭਾਰੀ ਪੁਲਿਸ ਬਲ ਦੇ ਨਾਲ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਘਰਾਂ ’ਚ ਬਣੀਆਂ ਪਾਣੀ ਵਾਲੀਆਂ ਡਿੱਗੀਆਂ ਅਤੇ ਬੈੱਡ-ਬਿਸਤਰੇ ਚੰਗੀ ਤਰ੍ਹਾਂ ਫਰੋਲੇ ਗਏ। ਵੇਰਵਿਆਂ ਮੁਤਾਬਿਕ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਅੱਜ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਤਿੰਨ ਥਾਵਾਂ ਬਠਿੰਡਾ ਸ਼ਹਿਰ ’ਚ ਧੋਬੀਆਣਾ ਬਸਤੀ, ਸੰਗਤ ਮੰਡੀ ਅਤੇ ਮੌੜ ਮੰਡੀ ’ਚ ਚੈਕਿੰਗ ਕੀਤੀ।
ਆਈਜੀ ਬਠਿੰਡਾ ਜੋਨ ਐਸ. ਪੀ. ਐਸ. ਪਰਮਾਰ ਨੇ ਦੱਸਿਆ ਕਿ 2 ਐਸਪੀ ਤੇ 6 ਡੀਐਸਪੀ ਤੋਂ ਇਲਾਵਾ ਖੁਦ ਐਸਐਸਪੀ ਸਮੇਤ 400 ਪੁਲਿਸ ਨਫਰੀ ਵੱਲੋਂ ਇਹ ਚੈਕਿੰਗ ਕੀਤੀ ਗਈ। ਆਈਜੀ ਵੱਲੋਂ ਇਸ ਚੈਕਿੰਗ ਮੁਹਿੰਮ ਦੀ ਬਕਾਇਦਾ ਨਜਰਸ਼ਾਨੀ ਕੀਤੀ ਗਈ। ਆਈਜੀ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਨਸ਼ਾ ਤਸਕਰਾਂ ਨੂੰ ਭਾਲਣਾ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਚੈਕਿੰਗ ਕਰਨ ਵਾਲੇ ਖੇਤਰ ਬਾਰੇ ਬਕਾਇਦਾ ਪਹਿਲਾਂ ਰਿਪੋਰਟ ਲਈ ਜਾਂਦੀ ਹੈ ਫਿਰ ਪੂਰੀ ਵਿਉਂਤਬੰਦੀ ਕਰਕੇ ਇਹ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਕੀ ਕੁੱਝ ਮਿਲਿਆ ਇਸ ਬਾਰੇ ਪੁੱਛੇ ਜਾਣ ’ਤੇ ਆਈਜੀ ਨੇ ਕਿਹਾ ਕਿ ਚੈਕਿੰਗ ਸ਼ਾਮ ਤੱਕ ਚੱਲੇਗੀ, ਕੀ ਕੁੱਝ ਬਰਾਮਦ ਹੋਇਆ ਇਸ ਬਾਰੇ ਜਾਣਕਾਰੀ ਸ਼ਾਮ ਨੂੰ ਐਸਐਸਪੀ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਕਮਰਿਆਂ ’ਚ ਵਾੜੇ ਕੁੱਤੇ
ਭਾਰੀ ਗਿਣਤੀ ਪੁਲਿਸ ਨਫਰੀ ਕੋਲ ਸ਼ੱਕੀ ਵਸਤੂਆਂ ਲੱਭਣ ਦੀ ਟ੍ਰੇਨਿੰਗ ਪ੍ਰਾਪਤ ਕੁੱਤੇ ਵੀ ਸੀ। ਪੁਲਿਸ ਵੱਲੋਂ ਕੁੱਤਿਆਂ ਦੀ ਮੱਦਦ ਨਾਲ ਵੀ ਕਾਫੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਜਿਹੜੀਆਂ ਚੀਜਾਂ ’ਤੇ ਪੁਲਿਸ ਨੂੰ ਸ਼ੱਕ ਹੁੰਦਾ ਸੀ ਪੁਲਿਸ ਮੁਲਾਜ਼ਮ ਖੁਦ ਵੀ ਉਸ ਨੂੰ ਸੁੰਘ-ਸੁੰਘ ਕੇ ਚੈੱਕ ਕਰਦੇ ਰਹੇ। ਰਸੋਈ ਆਦਿ ’ਚ ਪਏ ਸਾਜੋ-ਸਮਾਨ ਨੂੰ ਵੀ ਪੁਲਿਸ ਨੇ ਪੂਰੀ ਤਸੱਲੀ ਨਾਲ ਚੈੱਕ ਕੀਤਾ। (Bathinda District Police)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।