ਬਰਨਾਲਾ ਪੁਲਿਸ ਵੱਲੋਂ 18 ਕੁਇੰਟਲ ਟੁਕੜੇ ਡੋਡੇ ਪੋਸਤ ਬਰਾਮਦ 

ਛੋਲਿਆਂ ਦੇ ਛਿਲਕੇ ਅਤੇ ਲੂਣ ਹੇਠਾਂ ਲੁਕੋ ਕੇ ਲਿਆਂਦੇ ਜਾ ਰਹੇ 18 ਕੁਇੰਟਲ ਡੋਡੇ ਪੋਸਤ ਫ਼ੜਨ ਦਾ ਦਾਅਵਾ

  •  ਭੁੱਕੀ ਚੂਰਾ ਪੋਸਤ ਦੇ ਮਾਮਲੇ ’ਚ ਜਮਾਨਤ ’ਤੇ ਆਏ ਇੱਕ ਵਿਅਕਤੀ ਸਮੇਤ ਦੋ ਜਣਿਆਂ ਨੂੰ ਬੰਦ ਬਾਡੀ ਕੰਨਟੇਨਰ ਸਮੇਤ ਕੀਤਾ ਕਾਬੂ

(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ (Barnala Police) ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਮਾਨਤ ’ਤੇ ਆਏ ਇੱਕ ਵਿਅਕਤੀ ਸਮੇਤ ਦੋ ਜਣਿਆਂ ਤੋਂ 18 ਕੁਇੰਟਲ ਟੁਕੜੇ ਡੋਡੇ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਵਿਅਕਤੀਆਂ ਵੱਲੋਂ ਡੋਡੇ ਪੋਸਤ ਮੱਧ ਪ੍ਰਦੇਸ਼ ਸਾਇਡ ਤੋਂ ਲਿਆਂਦੇ ਜਾ ਰਹੇ ਸਨ। ਜਿਸ ਨੂੰ ਪੁਲਿਸ ਵੱਲੋਂ ਦੌਰਾਨ ਏ ਗਸ਼ਤ ਹਿਰਾਸਤ ’ਚ ਲਿਆ ਗਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ (Barnala Police) ਨੇ ਹਫ਼ਤੇ ਦੇ ਦੌਰਾਨ ਹੀ ਦੂਜਾ ਵੱਡਾ ਮਾਅਰਕਾ ਮਾਰਦਿਆਂ ਡੋਡੇ ਪੋਸਤ ਦੀ ਦੂਜੀ ਵੱਡੀ ਖੇਪ ਬਰਾਮਦ ਕੀਤੀ ਹੈ, ਜਿਸ ਦੇ ਲਈ ਬਰਨਾਲਾ ਪੁਲਿਸ ਦੇ ਜਵਾਨ ਵਧਾਈ ਦੇ ਪਾਤਰ ਹਨ। ਉਨਾਂ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਗੁਰਤਾਰ ਸਿੰਘ ਦੀ ਅਗਵਾਈ ’ਚ ਪੁਲਿਸ ਵੱਲੋਂ ਥਾਣੇਦਾਰ ਸਰਬਜੀਤ ਸਿੰਘ ਨਿਗਰਾਨੀ ਹੇਠ ਪੱਖੋ ਕਲਾਂ ਏਰੀਏ ’ਚ ਗਸਤ ਕੀਤੀ ਜਾ ਰਹੀ ਸੀ। ਜਿਸ ਦੌਰਾਨ ਐਚ.ਆਰ.- 68 ਬੀ- 4885 ਨੰਬਰੀ ਇੱਕ ਬੰਦ ਬਾਡੀ ਕੰਨਟੇਨਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 90 ਬੋਰੀਆਂ ਟੁਕੜੇ ਡੋਡੇ ਪੋਸਤ ਬਰਾਮਦ ਹੋਈ, ਜਿਸ ਦਾ ਕੁੱਲ ਵਜਨ 18 ਕੁਇੰਟਲ ਬਣਦਾ ਹੈ।

ਛੋਲਿਆਂ ਦੇ ਛਿਲਕੇ ਲੂਣ ਦੀਆਂ 75 ਬੋਰੀਆਂ ਹੇਠਾਂ ਦੱਬ ਲਿਆਂਦਾ ਜਾ ਰਿਹਾ ਸੀ ਪੋਸਤ

ਉਨਾਂ ਦੱਸਿਆ ਕਿ ਬੇਅੰਤ ਸਿੰਘ ਉਰਫ਼ ਅੰਤ ਵਾਸੀ ਢੁੱਡੀਕੇ (ਜ਼ਿਲਾ ਮੋਗਾ) ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲਹਿਰਾ ਰੋਹੀ (ਜ਼ਿਲਾ ਫਿਰੋਜਪੁਰ) ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਹੈ ਜੋ ਛੋਲਿਆਂ ਦੇ ਛਿਲਕੇ ਦੀਆਂ 300 ਬੋਰੀਆਂ ਅਤੇ ਲੂਣ ਦੀਆਂ 75 ਬੋਰੀਆਂ ਹੇਠ ਦੱਬ ਕੇ ਉਕਤ ਪੋਸਤ ਨੂੰ ਲਿਆ ਰਹੇ ਸਨ। ਉਨਾਂ ਦੱਸਿਆ ਕਿ ਬੇਅੰਤ ਸਿੰਘ ਉਰਫ਼ ਅੰਤ ਖਿਲਾਫ਼ ਪਹਿਲਾਂ ਵੀ ਜ਼ਿਲਾ ਲੁਧਿਆਣਾ ਦੇ ਥਾਣਾ ਹੰਬੜਾਂ ਵਿਖੇ 60 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਦਾ ਮਾਮਲਾ ਦਰਜ਼ ਹੈ ਜਿਸ ’ਚ ਬੇਅੰਤ ਸਿੰਘ ਉਰਫ਼ ਅੰਤ 10 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਤੇ ਹੁਣ ਜਮਾਨਤ ’ਤੇ ਆਇਆ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ