(ਸੱਚ ਕਹੂੰ ਨਿਊਜ਼) ਲੁਧਿਆਣਾ। ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ (82) ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਜੀਵਨ ਭਰ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਲਈ ਸਨਮਾਨ ਵਾਸਤੇ 20 ਅਪਰੈਲ ਨੂੰ ਕੋਲਕਾਤਾ ਵਿਖੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਭਾਰਤੀ ਭਾਸ਼ਾ ਪਰਿਸ਼ਦ ਦੇ ਚੇਅਰਮੈਨ ਕੁਸੁਮ ਖੇਮਾਨੀ ਵੱਲੋਂ ਪ੍ਰਦਾਨ ਕੀਤਾ ਗਿਆ। Life Achievement Award
ਇਹ ਸਨਮਾਨ ਹਰ ਸਾਲ ਭਾਰਤੀ ਭਾਸ਼ਾਵਾਂ ਦੇ ਚਾਰ ਸਿਰਕੱਢ ਨੂੰ ਦਿੱਤਾ ਜਾਂਦਾ ਹੈ। ਸਾਲ 2024 ਵਾਸਤੇ ਜਿਹਨਾਂ ਤਿੰਨ ਹੋਰ ਪ੍ਰਮੁੱਖ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਸੀ ਉਨ੍ਹਾਂ ਵਿੱਚ ਐਸ. ਮੁਕੰਮਨ (ਮਲੀਆਲਮ), ਰਾਧਾ ਵੱਲਭ ਤ੍ਰਿਪਾਠੀ (ਸੰਸਕ੍ਰਿਤ) ਅਤੇ ਭਗਵਾਨ ਦਾਸ ਮੋਰਵਾਲ (ਹਿੰਦੀ) ਸ਼ਾਮਿਲ ਸਨ। ਇਨ੍ਹਾਂ ਸਭਨਾਂ ਨੂੰ ਵੀ ਇਸੇ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਪ੍ਰਸ਼ੰਸ਼ਾ ਪੱਤਰ, ਅੰਗਵਸਤਰ ਅਤੇ 1 ਲੱਖ ਰੁਪਏ ਦੀ ਰਕਮ ਸ਼ਾਮਿਲ ਹੈ। Life Achievement Award
ਭਾਰਤੀ ਭਾਸ਼ਾ ਪ੍ਰੀਸ਼ਦ 1975 ਤੋਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਪਸਾਰ ਤੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ। ਸਮੱਗਰ ਸਨਮਾਨ ਇਸ ਨੇ 1980 ਤੋਂ ਸ਼ੁਰੂ ਕੀਤੇ। ਇਸ ਦੇ ਨਾਲ ਹੀ ਯੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਯੁਵਾ ਪੁਰਸਕਾਰ ਵੀ ਦਿੱਤੇ ਗਏ ਹਨ ਜਿਹਨਾਂ ਵਿੱਚ 51-51 ਹਜ਼ਾਰ ਦੀ ਰਾਸ਼ੀ ਸ਼ਾਮਲ ਹੈ।
ਇਹ ਵੀ ਪੜ੍ਹੋ: ਧਿਆਨ ਦਿਓ! ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਕੀਤੀ ਖਾਸ ਸਿਫਾਰਿਸ਼, ਲਵੋ ਪੂਰੀ ਜਾਣਕਾਰੀ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਉੱਚ ਦੋਮਾਲੜੇ ਪੰਜਾਬੀ ਲੇਖਕ ਕਰਨਲ ਜਸਬੀਰ ਭੁੱਲਰ ਨੂੰ ਮਿਲੇ ਇਸ ਪੁਰਸਕਾਰ ਲਈ ਮੁਬਾਰਕਬਾਦ ਦਿੱਤੀ ਹੈ। ਮੋਹਾਲੀ ਵੱਸਦੇ ਸੇਵਾ ਮੁਕਤ ਕਰਨਲ ਜਸਬੀਰ ਭੁੱਲਰ ਬਹੁ-ਵਿਧਾਈ ਲੇਖਕ ਹਨ ਜਿਹਨਾਂ ਨੇ ਕਹਾਣੀਆਂ , ਨਾਵਲਾਂ, ਕਾਵਿ ਸੰਗ੍ਰਿਹਾਂ, ਨਿਬੰਧ ਸੰਗ੍ਰਿਹਾਂ ਅਤੇ ਬਾਲ ਸਾਹਿਤ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਹੈ। ਉਹ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ, ਪੰਜਾਬ, ਪੰਜਾਬ ਕਲਾ ਪਰਿਸ਼ਦ ਅਤੇ ਕਈ ਹੋਰ ਉੱਘੀਆਂ ਸਾਹਿਤਕ ਸੰਸਥਾਵਾਂ ਵੱਲੋਂ ਪਹਿਲਾਂ ਹੀ ਇਹਨਾਂ ਇਨਾਮਾਂ, ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਹਨ।