ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਪੁਲਿਸ ਨੇ ਸ਼ੱਕੀ ਘਰਾਂ ਦੇ ਫਰੋਲੇ ਚੁੱਲੇ-ਚੌਕੇ

5 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥ ਤੇ ਹਥਿਆਰ ਕੀਤੇ ਬਰਾਮਦ

ਬਠਿੰਡਾ, (ਸੁਖਜੀਤ ਮਾਨ)। ਜ਼ਿਲ੍ਹਾ ਪੁਲਿਸ ਵੱਲੋਂ ਅੱਜ ਨਸ਼ਿਆਂ ਦੇ ਮਾਮਲੇ ’ਚ ਜ਼ਿਆਦਾ ਚਰਚਿਤ ਰਹਿੰਦੇ ਪਿੰਡ ਬੀੜ ਤਲਾਬ ’ਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪੁਲਿਸ ਨੇ ਵੱਡੀ ਗਿਣਤੀ ਘਰਾਂ ’ਚ ਚੈਕਿੰਗ ਕੀਤੀ।ਚੈਕਿੰਗ ਦੌਰਾਨ ਪੁਲਿਸ ਨੂੰ ਕਾਫੀ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਹਥਿਆਰ ਵੀ ਮਿਲੇ 5 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਮੁਕੱਦਮੇ ਦਰਜ਼ ਕੀਤੇ ਗਏ ਹਨ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਅੱਜ ਬਠਿੰਡਾ ਪੁਲਿਸ ਨੇ ਏ.ਡੀ.ਜੀ.ਪੀ.ਨਾਗੇਸ਼ਵਰ ਰਾਓ ਅਤੇ ਜੇ. ਏਲਨਚੇਜ਼ੀਅਨ ਐਸਐਸਪੀ ਬਠਿੰਡਾ ਦੀ ਅਗਵਾਈ ਹੇਠ ਨਸ਼ਿਆਂ ਦੀ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਾਤਮੇ ਲਈ ਇਲਾਕੇ ਦੀ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਪਿੰਡ ਬੀੜ ਤਾਲਾਬ ਵਿਖੇ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚਲਾਇਆ ਗਿਆ।

ਇਸ ਸਰਚ ਆਪਰੇਸ਼ਨ ਲਈ 05 ਜੀ.ਓ., 10 ਇੰਸਪੈਕਟਰ,ਐਸ.ਐਚ.ਓਜ਼ ਸਮੇਤ 250 ਪੁਲਿਸ ਮੁਲਾਜ਼ਮਾਂ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਚੈਕਿੰਗ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਆਪਰੇਸ਼ਨ ਦੌਰਾਨ ਵੱਖ-ਵੱਖ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ। ਘਰਾਂ ਵਿੱਚ ਮੌਜੂਦ ਮਹਿਲਾਵਾਂ ਦੀ ਚੈਕਿੰਗ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਤਾਇਨਾਤ ਸਨ। ਵੱਡੇ ਪੱਧਰ ਦੀ ਇਸ ਚੈਕਿੰਗ ਦੌਰਾਨ 5 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਗ੍ਰਾਮ ਹੈਰੋਇਨ, 200 ਕਿਲੋ ਲਾਹਣ, 32 ਬੋਰ ਦਾ ਪਿਸਤੌਲ ਅਤੇ 315 ਬੋਰ ਦੀ ਬੰਦੂਕ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਮੁਲਜ਼ਮਾਂ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 02 ਅਤੇ ਐਨ.ਡੀ.ਪੀ.ਐਸ ਐਕਟ ਅਧੀਨ 1 ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਮੁਕੱਦਮਾ ਨੰਬਰ 153, ਜੋ 23 ਸਤੰਬਰ ਨੂੰ ਧਾਰਾ 336 , 25/27 ਅਸਲਾ ਐਕਟ, ਥਾਣਾ ਸਦਰ ਬਠਿੰਡਾ ਵਿਖੇ ਦਰਜ਼ ਸੀ, ਨੂੰ ਤਲਾਸ਼ੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।ਮੁਲਜਮਾਂ ਕੋਲੋਂ ਜੁਰਮ ਵਿੱਚ ਵਰਤੀ ਗਈ 32 ਬੋਰ ਦੀ ਪਿਸਤੌਲ ਅਤੇ ਇੱਕ .315 ਬੰਦੂਕ ਵੀ ਜ਼ਬਤ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ